ਵੱਡੀ ਖ਼ਬਰ: ਦੇਸ਼ ‘ਚ ਮੁੜ ਪਰਤਿਆ Corona! 4 ਲੋਕਾਂ ਦੀ ਮੌਤ- 21 ਨਵੇਂ ਮਾਮਲੇ ਆਏ ਸਾਹਮਣੇ
ਸਾਵਧਾਨ! ਦੇਸ਼ ਵਿੱਚ ਹੌਲੀ-ਹੌਲੀ ਪੈਰ ਪਸਾਰ ਰਿਹੈ ਕੋਰੋਨਾ; ਮਾਹਰਾਂ ਨੇ ਦਿੱਤੀ ਵਾਇਰਲ ਇਨਫੈਕਸ਼ਨ ਵਾਲੇ ਮਰੀਜ਼ਾਂ ਤੋਂ ਦੂਰੀ ਬਣਾਉਣ ਦੀ ਸਲਾਹ
ਨਵੀਂ ਦਿੱਲੀ, 18 ਜੁਲਾਈ 2026– ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ (Corona) ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਆਂਧਰਾ ਪ੍ਰਦੇਸ਼ ਤੋਂ ਬਾਅਦ ਹੁਣ ਮਹਾਰਾਸ਼ਟਰ ਵਿੱਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ ਵਿੱਚ ਪੂਰੇ 3 ਸਾਲਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਇਕੱਲੇ ਜੁਲਾਈ ਦੇ ਮਹੀਨੇ ਵਿੱਚ ਹੀ ਮਹਾਰਾਸ਼ਟਰ ਅੰਦਰ ਕੋਰੋਨਾ ਦੇ 21 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਪਿਛਲੇ 10 ਦਿਨਾਂ ਦਰਮਿਆਨ ਪੁਣੇ ਸ਼ਹਿਰ ਵਿੱਚ ਇਹ ਵਾਇਰਸ ਤੇਜ਼ੀ ਨਾਲ ਫੈਲਿਆ ਹੈ। ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਖ਼ਤਰਾ ਬਹੁਤ ਜ਼ਿਆਦਾ ਵੱਡਾ ਨਹੀਂ ਹੈ, ਕਿਉਂਕਿ ਮਰੀਜ਼ਾਂ ਵਿੱਚ ਕੋਰੋਨਾ ਵਾਇਰਸ ਦੇ ਬਹੁਤ ਹਲਕੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਫਿਰ ਵੀ ਬਚਾਅ ਵਜੋਂ ਲੋਕਾਂ ਨੂੰ ਸਤਰਕ ਅਤੇ ਸਾਵਧਾਨ ਰਹਿਣ ਦੀ ਸਖ਼ਤ ਜ਼ਰੂਰਤ ਹੈ। ਸਿਹਤ ਮਾਹਰਾਂ ਅਤੇ ਡਾਕਟਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਇਰਲ ਇਨਫੈਕਸ਼ਨ (ਖੰਘ, ਜ਼ੁਕਾਮ) ਨਾਲ ਪੀੜਤ ਲੋਕਾਂ ਤੋਂ ਉਚਿਤ ਦੂਰੀ ਬਣਾ ਕੇ ਰੱਖਣ।
ਮਹਾਰਾਸ਼ਟਰ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਸੂਬੇ ਵਿੱਚ ਹੁਣ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 48 ਹੋ ਗਈ ਹੈ। ਜੇਕਰ ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ‘ਤੇ ਨਜ਼ਰ ਮਾਰੀਏ ਤਾਂ ਜਨਵਰੀ ਵਿੱਚ ਸਿਰਫ਼ 3 ਮਾਮਲੇ ਸਨ, ਫਰਵਰੀ ਵਿੱਚ 1 ਮਾਮਲਾ, ਜੂਨ ਵਿੱਚ ਇਹ ਗਿਣਤੀ ਵੱਧ ਕੇ 11 ਹੋ ਗਈ ਅਤੇ ਹੁਣ ਜੁਲਾਈ ਦੇ ਮਹਿਜ਼ 18 ਦਿਨਾਂ ਦੇ ਅੰਦਰ ਹੀ 21 ਨਵੇਂ ਮਰੀਜ਼ ਮਿਲ ਚੁੱਕੇ ਹਨ।
ਪਿਛਲੇ 3 ਸਾਲਾਂ ਤੋਂ ਕੋਰੋਨਾ ਨੂੰ ਲੈ ਕੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਇਹ ਵਾਇਰਸ ਸਿਹਤ ਵਿਭਾਗ ਦੇ ਰਡਾਰ ਤੋਂ ਬਿਲਕੁਲ ਬਾਹਰ ਸੀ, ਪਰ ਸਾਲ 2026 ਵਿੱਚ ਇਸ ਦੇ ਮਾਮਲੇ ਹੌਲੀ-ਹੌਲੀ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਕੋਰੋਨਾ ਦਾ ਇਸ ਤਰ੍ਹਾਂ ਦੁਬਾਰਾ ਪੈਰ ਪਸਾਰਨਾ ਭਾਵੇਂ ਕੋਈ ਬਹੁਤ ਵੱਡਾ ਸੰਕਟ ਨਹੀਂ ਹੈ, ਪਰ ਇਹ ਪ੍ਰਸ਼ਾਸਨ ਅਤੇ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ।
ਦੂਜੇ ਪਾਸੇ, ਆਂਧਰਾ ਪ੍ਰਦੇਸ਼ ਵਿੱਚ ਸਥਿਤੀ ਥੋੜ੍ਹੀ ਵਧੇਰੇ ਗੰਭੀਰ ਨਜ਼ਰ ਆ ਰਹੀ ਹੈ। ਸੂਬੇ ਵਿੱਚ 26 ਜੂਨ ਤੋਂ 18 ਜੁਲਾਈ ਦੇ ਦਰਮਿਆਨ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 4 ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਵਿੱਚ 3 ਮਰੀਜ਼ ਆਪਣੇ ਘਰਾਂ ਦੇ ਅੰਦਰ ਹੀ ਇਕਾਂਤਵਾਸ (ਹੋਮ ਆਈਸੋਲੇਸ਼ਨ) ਵਿੱਚ ਹਨ, ਜਦੋਂ ਕਿ 1 ਮਰੀਜ਼ ਨੂੰ ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ 3 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਰਾਜ ਦੇ ਸਿਹਤ ਸਕੱਤਰ ਬੀਰਪਾਂਡੀਅਨ ਨੇ ਦੱਸਿਆ ਕਿ ਜਿਨ੍ਹਾਂ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚੋਂ 3 ਕਡੱਪਾ ਜ਼ਿਲ੍ਹੇ ਦੇ ਅਤੇ 1 ਕਾਕੀਨਾਡਾ ਦਾ ਰਹਿਣ ਵਾਲਾ ਸੀ। ਇਹ ਚਾਰੇ ਮਰੀਜ਼ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਇਹ ਕੋਰੋਨਾ ਪਾਜ਼ੇਟਿਵ ਪਾਏ ਗਏ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਰੋਨਾ ਕੇਸ ਸਿੱਧੇ ਤੌਰ ‘ਤੇ ਨਹੀਂ, ਸਗੋਂ ਦੂਜੀਆਂ ਬਿਮਾਰੀਆਂ ਦੀ ਜਾਂਚ ਦੌਰਾਨ ਸਾਹਮਣੇ ਆ ਰਹੇ ਹਨ। ਜਦੋਂ ਕੋਈ ਮਰੀਜ਼ ਕਿਸੇ ਹੋਰ ਸਰੀਰਕ ਤਕਲੀਫ਼ ਕਾਰਨ ਡਾਕਟਰ ਦੀ ਸਲਾਹ ‘ਤੇ ਆਪਣੇ ਟੈਸਟ ਕਰਵਾਉਂਦਾ ਹੈ, ਤਾਂ ਰਿਪੋਰਟ ਵਿੱਚ ਉਹ ਕੋਰੋਨਾ ਸੰਕਰਮਿਤ ਪਾਇਆ ਜਾ ਰਿਹਾ ਹੈ। ਡਾਕਟਰਾਂ ਮੁਤਾਬਕ, ਕੋਰੋਨਾ ਵਾਇਰਸ ਹੁਣ ਇੱਕ ਤਰ੍ਹਾਂ ਦੇ ਇਨਫਲੂਐਂਜ਼ਾ (ਫਲੂ) ਦਾ ਰੂਪ ਧਾਰਨ ਕਰ ਚੁੱਕਾ ਹੈ, ਜੋ ਮੁੱਖ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਮਤਾ (ਇਮਿਊਨਿਟੀ) ਕਮਜ਼ੋਰ ਹੈ।
ਮਾਹਰਾਂ ਅਨੁਸਾਰ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਾਇਰਸ ਦੇ ਨਵੇਂ ਵੇਰੀਐਂਟ ਦੇ ਉਭਰਨ ਕਾਰਨ ਹਰ ਇੱਕ-ਦੋ ਸਾਲਾਂ ਬਾਅਦ ਕੋਰੋਨਾ ਦੇ ਮਾਮਲਿਆਂ ਵਿੱਚ ਅਜਿਹਾ ਉਛਾਲ ਆਉਣਾ ਇੱਕ ਸੁਭਾਵਿਕ ਪ੍ਰਕਿਰਿਆ ਹੈ। ਮਹਾਰਾਸ਼ਟਰ ਦੇ ਜਹਾਂਗੀਰ ਹਸਪਤਾਲ ਦੇ ਛੂਤ ਦੀਆਂ ਬਿਮਾਰੀਆਂ ਦੇ ਪ੍ਰਮੁੱਖ ਮਾਹਰ ਡਾ. ਪੀਯੂਸ਼ ਚੌਧਰੀ ਨੇ ਇਸ ਸਥਿਤੀ ‘ਤੇ ਗੱਲ ਕਰਦਿਆਂ ਕਿਹਾ ਕਿ ਜੇਕਰ ਇੰਨੀ ਵੱਡੀ ਗਿਣਤੀ ਵਿੱਚ ਅਚਾਨਕ ਮਾਮਲੇ ਮਿਲ ਰਹੇ ਹਨ, ਤਾਂ ਇਹ ਯਕੀਨੀ ਤੌਰ ‘ਤੇ ਚਿੰਤਾਜਨਕ ਗੱਲ ਹੈ।
ਓਮੀਕਰੋਨ ਵੇਰੀਐਂਟ ਨਾਲੋਂ ਹਲਕੇ ਮੌਜੂਦਾ ਕੋਰੋਨਾ ਵਾਇਰਸ ਦੇ ਕਾਰਨ ਮਰੀਜ਼ਾਂ ਵਿੱਚ ਆਮ ਤੌਰ ‘ਤੇ ਖੰਘ, ਜ਼ੁਕਾਮ, ਗਲੇ ਵਿੱਚ ਖ਼ਰਾਸ਼ ਅਤੇ ਬਹੁਤ ਜ਼ਿਆਦਾ ਥਕਾਵਟ ਵਰਗੇ ਲੱਛਣ ਦੇਖੇ ਜਾ ਰਹੇ ਹਨ। ਇਹ ਲੱਛਣ ਮਰੀਜ਼ ਨੂੰ 3 ਤੋਂ 5 ਦਿਨਾਂ ਤੱਕ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਅਸਲ ਵਿੱਚ ਕੋਰੋਨਾ ਦੇ ਮਾਮਲੇ ਇਸ ਤੋਂ ਵੀ ਕਿਤੇ ਵੱਧ ਹੋ ਸਕਦੇ ਹਨ, ਕਿਉਂਕਿ ਹਲਕਾ ਵਾਇਰਲ ਇਨਫੈਕਸ਼ਨ ਹੋਣ ‘ਤੇ ਆਮ ਲੋਕ ਡਾਕਟਰੀ ਟੈਸਟ ਕਰਵਾਉਣ ਤੋਂ ਗੁਰੇਜ਼ ਕਰਦੇ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਕੋਵਿਡ ਹੁਣ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗਾ, ਬਲਕਿ ਇਹ ਇਨਫਲੂਐਂਜ਼ਾ ਦੀ ਤਰ੍ਹਾਂ ਹਮੇਸ਼ਾ ਸਾਡੇ ਆਲੇ-ਦੁਆਲੇ ਹੀ ਰਹਿਣ ਵਾਲਾ ਹੈ। ਇਸ ਲਈ ਸਾਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
















