ਵੱਡੀ ਖ਼ਬਰ: Dietitian ਪਤਨੀ ਦਾ ਬੇਰਹਿਮੀ ਨਾਲ ਕਤਲ!
ਸ਼ੱਕ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ
ਸੂਰਤ (ਗੁਜਰਾਤ), 28 ਅਪ੍ਰੈਲ 2026: ਗੁਜਰਾਤ ਦੇ ਸੂਰਤ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇੱਕ ਸ਼ੱਕੀ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਸੀਮਿੰਟ ਨਾਲ ਭਰੀ ਲੱਕੜ ਦੀ ਪੇਟੀ ਵਿੱਚ ਛੁਪਾ ਦਿੱਤਾ। ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਔਰਤ ਦੀ ਲਾਸ਼ ਪਤੀ ਦੇ ਪੁਰਾਣੇ ਘਰ ਵਿੱਚੋਂ ਬਰਾਮਦ ਹੋਈ ਹੈ।
ਹਤਿਆਰੇ ਪਤੀ ਨੇ ਲਾਸ਼ ਨੂੰ ਗਲਣ ਤੋਂ ਰੋਕਣ ਅਤੇ ਬਦਬੂ ਨੂੰ ਬਾਹਰ ਆਉਣ ਤੋਂ ਰੋਕਣ ਲਈ ਉਸ ਉੱਤੇ ਸੁੱਕਾ ਸੀਮਿੰਟ ਪਾ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਉਹ ਆਪਣੇ ਪੁੱਤਰ ਆਰਵ ਦੇ ਨਾਮ ਇੱਕ ਚਿੱਠੀ ਛੱਡ ਕੇ ਫ਼ਰਾਰ ਹੋ ਗਿਆ।
ਇਸ ਚਿੱਠੀ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਲਿਖਿਆ ਸੀ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਅਤੇ ਲਾਸ਼ ਸਹਾਰਾ ਦਰਵਾਜ਼ੇ ਸਥਿਤ ਉਨ੍ਹਾਂ ਦੇ ਪੁਰਾਣੇ ਮਕਾਨ ਵਿੱਚ ਪਈ ਹੈ। ਜਦੋਂ ਪੁਲਿਸ ਚਿੱਠੀ ਦੇ ਅਧਾਰ ‘ਤੇ ਉੱਥੇ ਪਹੁੰਚੀ ਤਾਂ ਲੱਕੜ ਦੇ ਸੰਦੂਕ ਵਿੱਚੋਂ ਸ਼ਿਲਪਾ ਸਾਲਵੀ ਦੀ ਸੜੀ-ਗਲੀ ਲਾਸ਼ ਬਰਾਮਦ ਹੋਈ।
ਮੁਲਜ਼ਮ ਵਿਸ਼ਾਲ ਸਾਲਵੀ ਸੂਰਤ ਦੇ ਗੋਡਾਦਰਾ ਇਲਾਕੇ ਦਾ ਰਹਿਣ ਵਾਲਾ ਹੈ। 20 ਅਪ੍ਰੈਲ ਨੂੰ ਉਹ ਆਪਣੀ ਪਤਨੀ ਸ਼ਿਲਪਾ (ਜੋ ਕਿ ਪੇਸ਼ੇ ਤੋਂ ਡਾਇਟੀਸ਼ੀਅਨ ਸੀ) ਨੂੰ ਇਹ ਕਹਿ ਕੇ ਪੁਰਾਣੇ ਘਰ ਲੈ ਗਿਆ ਕਿ ਉੱਥੋਂ ਕੁਝ ਸਾਮਾਨ ਲੈ ਕੇ ਆਉਣਾ ਹੈ। ਉੱਥੇ ਪਹੁੰਚ ਕੇ ਵਿਸ਼ਾਲ ਨੇ ਸ਼ਿਲਪਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਪੇਟੀ ਵਿੱਚ ਬੰਦ ਕਰਕੇ ਉੱਪਰ ਸੀਮਿੰਟ ਪਾ ਦਿੱਤਾ।
ਸ਼ੱਕ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ
ਵਿਸ਼ਾਲ ਅਤੇ ਸ਼ਿਲਪਾ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ (13 ਸਾਲਾ ਪੁੱਤਰ ਅਤੇ 8 ਸਾਲਾ ਧੀ) ਹਨ। ਪੁਲਿਸ ਜਾਂਚ ਮੁਤਾਬਕ, ਵਿਆਹ ਦੇ ਕੁਝ ਸਾਲਾਂ ਬਾਅਦ ਹੀ ਦੋਵਾਂ ਵਿੱਚ ਅਣਬਣ ਰਹਿਣ ਲੱਗ ਪਈ ਸੀ। ਵਿਸ਼ਾਲ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਅਕਸਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਇਸੇ ਸ਼ੱਕ ਦੇ ਚੱਲਦਿਆਂ ਉਸ ਨੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਵਿਸ਼ਾਲ ਪੁਲਿਸ ਨੂੰ ਗੁਮਰਾਹ ਕਰਨ ਲਈ ਪਤਨੀ ਦੇ ਲਾਪਤਾ ਹੋਣ ਦਾ ਡਰਾਮਾ ਵੀ ਕਰਦਾ ਰਿਹਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਫ਼ਰਾਰ ਪਤੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।






