ਵੱਡੀ ਖ਼ਬਰ: Punjab ‘ਚ ED ਦੀ ਰੇਡ; 9ਵੀਂ ਮੰਜ਼ਿਲ ਤੋਂ ਸੁੱਟੇ ਨੋਟਾਂ ਵਾਲੇ ਬੈਗ… 500-500 ਪੱਤਿਆਂ ਵਾਂਗ ਖਿੱਲਰੇ (ਵੇਖੋ ਵੀਡੀਓ)
ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ‘ਚ ਹੰਗਾਮਾ: ED ਨੇ ਬਰਾਮਦ ਕੀਤੇ 21 ਲੱਖ ਰੁਪਏ, ਆਈ.ਟੀ. ਪੇਸ਼ੇਵਰ ਦੇ ਫਲੈਟ ‘ਤੇ ਛਾਪਾ
Punjab Network
ਮੋਹਾਲੀ/ਖਰੜ, 7 ਮਈ 2026: ਪੰਜਾਬ ਦੇ ਮੋਹਾਲੀ ਜ਼ਿਲ੍ਹੇ ਅਧੀਨ ਪੈਂਦੇ ਖਰੜ ਇਲਾਕੇ ਵਿੱਚ ਅੱਜ ਉਸ ਵੇਲੇ ਫ਼ਿਲਮੀ ਮਾਹੌਲ ਬਣ ਗਿਆ ਜਦੋਂ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ‘ਵੈਸਟਰਨ ਟਾਵਰਜ਼ ਸੁਸਾਇਟੀ’ ਵਿੱਚ ਛਾਪੇਮਾਰੀ ਕੀਤੀ।
ਇਸ ਕਾਰਵਾਈ ਦੌਰਾਨ ਇੱਕ ਅਜੀਬੋ-ਗਰੀਬ ਘਟਨਾ ਵਾਪਰੀ, ਜਿੱਥੇ ਜਾਂਚ ਤੋਂ ਬਚਣ ਲਈ ਨੌਵੀਂ ਮੰਜ਼ਿਲ ਤੋਂ ਨਕਦੀ ਵਾਲਾ ਬੈਗ ਹੇਠਾਂ ਸੁੱਟ ਦਿੱਤਾ ਗਿਆ। ਥੱਲੇ ਡਿੱਗੇ ਬੈਗ ਵਿੱਚੋਂ ਨੋਟ ਪੱਤਿਆਂ ਦੇ ਵਾਂਗ ਇੱਧਰ-ਉਧਰ ਖਿੱਲਰ ਗਏ।
Major Breaking
👉 Crores of Money, 500 notes flying in Air. Money Belongs to whom— OSD CM Mann Rajbir’ Singh
👉 “Kattar Fraudsters” in ED trap
👉ED raids on CM Bhagwant Mann’s close aide OSD Rajbir’ Ghumman’s close aides and relatives Nitin, Veer davinder.
👉ED raids Mohali… pic.twitter.com/iZGBa5iixO— Bikram Singh Majithia (@bsmajithia) May 7, 2026
ਮਿਲੀ ਜਾਣਕਾਰੀ ਅਨੁਸਾਰ, ਜਿਵੇਂ ਹੀ ਈ.ਡੀ. ਦੀ ਟੀਮ ਸੁਸਾਇਟੀ ਵਿੱਚ ਪਹੁੰਚੀ, ਫਲੈਟ ਵਿੱਚ ਮੌਜੂਦ ਵਿਅਕਤੀ ਨੇ ਕਥਿਤ ਤੌਰ ‘ਤੇ ਨਕਦੀ ਨਾਲ ਭਰਿਆ ਬੈਗ ਖਿੜਕੀ ਰਾਹੀਂ ਹੇਠਾਂ ਸੁੱਟ ਦਿੱਤਾ।
ਹੇਠਾਂ ਪਹਿਲਾਂ ਤੋਂ ਮੌਜੂਦ ਡਰਾਈਵਰ ਨੇ ਬੈਗ ਚੁੱਕ ਕੇ ਚਿੱਟੀ ਕਾਰ ਵਿੱਚ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੁਸਤੈਦ ED ਅਧਿਕਾਰੀਆਂ ਨੇ ਪਿੱਛਾ ਕਰਕੇ ਡਰਾਈਵਰ ਨੂੰ ਦਬੋਚ ਲਿਆ। ਬੈਗ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ ਲਗਭਗ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਜਿਸ ਫਲੈਟ ‘ਤੇ ਛਾਪਾ ਮਾਰਿਆ ਗਿਆ, ਉਸ ਦੇ ਨਿਵਾਸੀ ਦੀ ਪਛਾਣ ਨਿਤਿਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਆਈ.ਟੀ. ਸੈਕਟਰ ਨਾਲ ਜੁੜਿਆ ਹੋਇਆ ਹੈ ਅਤੇ ਉਹ ਮਹਿਜ਼ ਚਾਰ ਮਹੀਨੇ ਪਹਿਲਾਂ ਹੀ ਇਸ ਸੁਸਾਇਟੀ ਵਿੱਚ ਰਹਿਣ ਆਇਆ ਸੀ।
ਸੂਤਰਾਂ ਅਨੁਸਾਰ ਉਸ ਦੇ ਸਿਆਸੀ ਸਬੰਧ ਹੋਣ ਦੀ ਵੀ ਚਰਚਾ ਹੈ, ਪਰ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਸੁਸਾਇਟੀ ਦੇ ਲੋਕਾਂ ਨੇ ਦੱਸਿਆ ਕਿ ਨਿਤਿਨ ਦੇ ਫਲੈਟ ‘ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੀਅਰ ਆਉਂਦੇ ਸਨ, ਜਿਨ੍ਹਾਂ ਨੂੰ ਅਕਸਰ ਉਸ ਦਾ ਡਰਾਈਵਰ ਹੀ ਪ੍ਰਾਪਤ ਕਰਦਾ ਸੀ।
ਇਸ ਅਚਾਨਕ ਹੋਈ ਕਾਰਵਾਈ ਕਾਰਨ ਸੁਸਾਇਟੀ ਦੇ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਭਾਰੀ ਭੀੜ ਇਕੱਠੀ ਹੋ ਗਈ।
ਸਥਿਤੀ ਨੂੰ ਦੇਖਦੇ ਹੋਏ ਡੀ.ਐਸ.ਪੀ. ਖਰੜ ਇਸ਼ਾਂਤ ਸਿੰਗਲਾ ਦੇ ਨਿਰਦੇਸ਼ਾਂ ‘ਤੇ ਐਸ.ਐਚ.ਓ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਈ.ਡੀ. ਦੀ ਕਾਰਵਾਈ ਵਿੱਚ ਸਹਿਯੋਗ ਦੇ ਰਹੀ ਹੈ।
ਜਾਂਚ ਏਜੰਸੀ ਨੇ ਫਿਲਹਾਲ ਬਰਾਮਦ ਕੀਤੀ ਨਕਦੀ ਜ਼ਬਤ ਕਰ ਲਈ ਹੈ ਅਤੇ ਛਾਪੇਮਾਰੀ ਅਜੇ ਵੀ ਜਾਰੀ ਹੈ।
ਈ.ਡੀ. ਦੇ ਅਧਿਕਾਰੀ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਤਾਰ ਕਿਸੇ ਵੱਡੇ ਘਪਲੇ ਜਾਂ ਮਨੀ ਲਾਂਡਰਿੰਗ ਨਾਲ ਜੁੜੇ ਹੋ ਸਕਦੇ ਹਨ।






