ਵੱਡੀ ਖ਼ਬਰ: ਪੰਜਾਬ ਦੇ ਕੈਬਨਿਟ ਮੰਤਰੀ ਦੇ ਘਰ ‘ਤੇ ED ਵੱਲੋਂ ਛਾਪੇਮਾਰੀ!
ਚੰਡੀਗੜ੍ਹ ਦੇ ਸੈਕਟਰ 2 ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ
ਚੰਡੀਗੜ੍ਹ 9 ਮਈ, 2026-
ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਵੱਲੋਂ ਅੱਜ ਸਵੇਰੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਈਡੀ ਦੀ ਇਹ ਕਾਰਵਾਈ ਚੰਡੀਗੜ੍ਹ ਦੇ ਸੈਕਟਰ 2 ਸਥਿਤ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਚੱਲ ਰਹੀ ਹੈ।
ਇਹ ਵੀ ਪੜ੍ਹੋ – ਵੱਡੀ ਖ਼ਬਰ: Punjab ‘ਚ ED ਦੀ ਰੇਡ; 9ਵੀਂ ਮੰਜ਼ਿਲ ਤੋਂ ਸੁੱਟੇ ਨੋਟਾਂ ਨਾਲ ਭਰੇ ਬੈਗ… 500-500 ਪੱਤਿਆਂ ਵਾਂਗ ਖਿੱਲਰੇ (ਵੇਖੋ ਵੀਡੀਓ)
ਸੂਤਰਾਂ ਮੁਤਾਬਕ, ਈਡੀ ਦੀ ਇੱਕ ਵੱਡੀ ਟੁਕੜੀ ਅੱਜ ਸਵੇਰੇ ਹੀ ਸੰਜੀਵ ਅਰੋੜਾ ਦੇ ਅਹਾਤੇ ‘ਤੇ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਛਾਪੇਮਾਰੀ ਦੌਰਾਨ ਘਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਜਾਂਚ ਵਿੱਚ ਕੋਈ ਵਿਘਨ ਨਾ ਪਵੇ।
ਹਾਲਾਂਕਿ ਅਜੇ ਤੱਕ ਈਡੀ ਵੱਲੋਂ ਅਧਿਕਾਰਤ ਤੌਰ ‘ਤੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਛਾਪੇਮਾਰੀ ਕਿਸ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ, ਪਰ ਸਿਆਸੀ ਗਲਿਆਰਿਆਂ ਵਿੱਚ ਇਸ ਕਾਰਵਾਈ ਨੂੰ ਲੈ ਕੇ ਕਾਫ਼ੀ ਚਰਚਾ ਛਿੜ ਗਈ ਹੈ।
ਇਸ ਮਸਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸੰਜੀਵ ਅਰੋੜਾ ਦੇ ਸਰਕਾਰੀ ਘਰ ‘ਤੇ ਹੋਈ ਰੇਡ ਦੀ ਜਿੱਥੇ ਨਿਖੇਦੀ ਕੀਤੀ ਉੱਥੇ ਹੀ ਕਿਹਾ ਕਿ ਭਾਜਪਾ ਦੀ ਈਡੀ ਵੱਲੋਂ ਸਾਡੇ ਮੰਤਰੀ ਸੰਜੀਵ ਅਰੋੜਾ ਦੇ ਘਰ ‘ਤੇ ਸਾਲ ਵਿੱਚ ਤੀਜੀ ਵਾਰ ਅਤੇ ਮਹੀਨੇ ਵਿੱਚ ਦੂਜੀ ਵਾਰ ਰੇਡ ਕੀਤੀ ਜਾ ਰਹੀ ਹੈ।
ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਇਕ ਮਹੀਨੇ ਵਿੱਚ ਦੋ ਵਾਰ ਰੇਡ ਕਰਨ ਦੇ ਬਾਵਜੂਦ ਵੀ ਸੰਜੀਵ ਅਰੋੜਾ ਦੇ ਘਰੋਂ ਕੁਝ ਨਹੀਂ ਮਿਲਿਆ। CM Mann ਨੇ ਕਿਹਾ ਕਿ ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਔਰੰਗਜ਼ੇਬ ਵੀ ਸਾਨੂੰ ਨਹੀਂ ਸੀ ਝੁਕਾ ਸਕਿਆ, ਇਹ ਭਗਤ ਸਿੰਘ ਦੀ ਧਰਤੀ ਹੈ, ਜੋ ਅੰਗਰੇਜ਼ਾਂ ਅੱਗੇ ਕਦੇ ਨਹੀਂ ਝੁਕੇ ਤਾਂ, ਫਿਰ ਮੋਦੀ ਦੀਆਂ ਚਾਲਾਂ ਅੱਗੇ ਪੰਜਾਬ ਕਿਵੇਂ ਝੁਕੇਗਾ। ਈਡੀ-ਬੀਜੇਪੀ ਦੇ ਇਸ ਅਨੈਤਿਕ ਗਠਜੋੜ ਦਾ ਪੰਜਾਬ ਹੀ ਅੰਤ ਕਰੇਗਾ।






