ਵੱਡੀ ਖ਼ਬਰ: ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ; ‘ਆਪ’ ਸਾਂਸਦ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਨਿਸ਼ਾਨੇ ‘ਤੇ

 

ਵੱਡੀ ਖ਼ਬਰ: ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ; ‘ਆਪ’ ਸਾਂਸਦ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਨਿਸ਼ਾਨੇ ‘ਤੇ

ਲੁਧਿਆਣਾ, 17 ਅਪ੍ਰੈਲ 2026:

ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਹਲਚਲ ਤੇਜ਼ ਹੋ ਗਈ ਜਦੋਂ ਪ੍ਰਵਰਤਨ ਨਿਦੇਸ਼ਾਲਿਆ (ED) ਦੀਆਂ ਟੀਮਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।

ਅੱਜ ਸਵੇਰੇ ਤੜਕਸਾਰ ਈਡੀ ਦੇ ਅਧਿਕਾਰੀ ਲੁਧਿਆਣਾ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਛਾਪੇਮਾਰੀ ਦੌਰਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਰੀ ਗਿਣਤੀ ਵਿੱਚ ਕੇਂਦਰੀ ਪੁਲਿਸ ਬਲ (CRPF) ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਜਾਂ ਅੰਦਰੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਜਾਣਕਾਰੀ ਅਨੁਸਾਰ, ਈਡੀ ਵੱਲੋਂ ਮੰਤਰੀ ਦੀ ਰਿਹਾਇਸ਼ ਦੇ ਨਾਲ-ਨਾਲ ਉਨ੍ਹਾਂ ਨਾਲ ਸਬੰਧਤ ਹੋਰ ਕਾਰੋਬਾਰੀ ਟਿਕਾਣਿਆਂ ‘ਤੇ ਵੀ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਦੋ ਦਿਨਾਂ ਵਿੱਚ ਦੂਜੀ ਵੱਡੀ ਕਾਰਵਾਈ

ਜ਼ਿਕਰਯੋਗ ਹੈ ਕਿ ਇਹ ਕਾਰਵਾਈ ਆਮ ਆਦਮੀ ਪਾਰਟੀ (AAP) ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ, ਕਿਉਂਕਿ ਸਿਰਫ਼ ਦੋ ਦਿਨ ਪਹਿਲਾਂ ਹੀ ‘ਆਪ’ ਦੇ ਇੱਕ ਹੋਰ ਰਾਜ ਸਭਾ ਮੈਂਬਰ ਦੇ ਘਰ ਵੀ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ।

ਲਗਾਤਾਰ ਹੋ ਰਹੀਆਂ ਇਨ੍ਹਾਂ ਕਾਰਵਾਈਆਂ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ।

ਹਾਲਾਂਕਿ ਅਜੇ ਤੱਕ ਈਡੀ ਵੱਲੋਂ ਇਸ ਰੇਡ ਦੇ ਪਿੱਛੇ ਦੇ ਅਸਲ ਕਾਰਨਾਂ ਜਾਂ ਕਿਸੇ ਖਾਸ ਕੇਸ ਦਾ ਅਧਿਕਾਰਤ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਸ ਨੂੰ ਕੇਂਦਰ ਸਰਕਾਰ ਦੀ “ਸਿਆਸੀ ਬਦਲਾਖੋਰੀ” ਕਰਾਰ ਦਿੱਤਾ ਜਾ ਰਿਹਾ ਹੈ।

ਈਡੀ ਦੇ ਅਧਿਕਾਰੀ ਅੰਦਰ ਮੌਜੂਦ ਹਨ ਅਤੇ ਫਿਲਹਾਲ ਤਲਾਸ਼ੀ ਜਾਰੀ ਹੈ। ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।