ਵੱਡੀ ਖ਼ਬਰ: ਅੰਮ੍ਰਿਤਸਰ ‘ਚ Army Camp ਦੇ ਬਾਹਰ ਧਮਾਕਾ

 

ਅੰਮ੍ਰਿਤਸਰ ‘ਚ Army Camp ਦੇ ਬਾਹਰ ਧਮਾਕਾ, ਅਧਿਕਾਰੀਆਂ ਮੁਤਾਬਕ ਧਮਾਕੇ ਨਾਲ ਆਰਮੀ ਕੈਂਪ ਦੀ ਬਾਹਰੀ ਦੀਵਾਰ ‘ਤੇ ਲੱਗੀਆਂ ਟੀਨਾਂ ਨੂੰ ਨੁਕਸਾਨ ਪਹੁੰਚਿਆ

ਚੰਡੀਗੜ੍ਹ, 6 ਮਈ 2026 – ਪੰਜਾਬ ਦੇ ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰਾਂ ਵਿੱਚ ਮੰਗਲਵਾਰ ਰਾਤ ਨੂੰ ਹੋਏ ਦੋਹਰੇ ਧਮਾਕਿਆਂ ਨੇ ਪੂਰੇ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਇਹ ਧਮਾਕੇ ਸੀਮਾ ਸੁਰੱਖਿਆ ਬਲ (BSP) ਅਤੇ Army Camp ਦੇ ਬਿਲਕੁਲ ਨੇੜੇ ਹੋਏ, ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ਵਿੱਚ ਵਿਆਪਕ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਰਾਹਤ ਦੀ ਗੱਲ ਇਹ ਰਹੀ ਕਿ ਇਨ੍ਹਾਂ ਧਮਾਕਿਆਂ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਜਲੰਧਰ ਵਿੱਚ ਪਹਿਲਾ ਧਮਾਕਾ

ਬੀਤੀ ਸ਼ਾਮ ਪਹਿਲਾ ਧਮਾਕਾ ਜਲੰਧਰ ਦੇ ਰੁਝੇਵੇਂ ਵਾਲੇ ਪੀ.ਏ.ਪੀ. (PAP) ਚੌਂਕ ਦੇ ਨੇੜੇ ਰਾਤ 7:57 ਵਜੇ ਹੋਇਆ। ਜਾਣਕਾਰੀ ਅਨੁਸਾਰ ਇੱਥੇ ਫੁੱਟਪਾਥ ‘ਤੇ ਖੜ੍ਹੇ ਇੱਕ ਐਕਟਿਵਾ ਸਕੂਟਰ ਨੂੰ ਨਿਸ਼ਾਨਾ ਬਣਾ ਕੇ ਉੱਚ ਤੀਬਰਤਾ ਵਾਲਾ ਆਈ.ਈ.ਡੀ. ਧਮਾਕਾ ਕੀਤਾ ਗਿਆ ਸੀ।

ਅੰਮ੍ਰਿਤਸਰ ਵਿੱਚ ਦੂਜਾ ਧਮਾਕਾ

ਅਜੇ ਜਲੰਧਰ ਦੀ ਘਟਨਾ ਦੀ ਜਾਂਚ ਚੱਲ ਹੀ ਰਹੀ ਸੀ ਕਿ ਕੁੱਝ ਘੰਟਿਆਂ ਬਾਅਦ ਰਾਤ ਕਰੀਬ 11:00 ਵਜੇ ਅੰਮ੍ਰਿਤਸਰ ਵਿੱਚ ਦੂਜਾ ਧਮਾਕਾ ਹੋਇਆ। ਇਹ ਧਮਾਕਾ Army Camp ਦੇ ਖਾਸਾ ਕੈਂਪ ਦੇ ਗੇਟ ਨੰਬਰ-5 ਅਤੇ 6 ਦੇ ਬਿਲਕੁਲ ਬਾਹਰ ਹੋਇਆ।

ਧਮਾਕੇ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦਿਹਾਤੀ ਅਤੇ ਸ਼ਹਿਰੀ ਪੁਲਸ ਦੇ ਨਾਲ-ਨਾਲ ਆਰਮੀ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਇਲਾਕੇ ਨੂੰ ਘੇਰ ਕੇ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ। ਫ਼ੋਰੈਂਸਿਕ ਟੀਮਾਂ ਅਤੇ ਡੌਗ ਸਕੁਆਡ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਅਧਿਕਾਰੀਆਂ ਮੁਤਾਬਕ ਧਮਾਕੇ ਨਾਲ ਆਰਮੀ ਕੈਂਪ ਦੀ ਬਾਹਰੀ ਦੀਵਾਰ ‘ਤੇ ਲੱਗੀਆਂ ਟੀਨਾਂ ਨੂੰ ਨੁਕਸਾਨ ਪਹੁੰਚਿਆ ਹੈ।

ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ, ਪਰ ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੂਰੇ ਇਲਾਕੇ ਵਿੱਚ ਪੁਲਸ ਅਤੇ ਫੌਜ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ।

ਅੰਮ੍ਰਿਤਸਰ ਦਿਹਾਤੀ ਦੇ ਐਸਪੀ ਅਦਿਤਿਆ ਵਾਰਿਅਰ ਨੇ ਦੱਸਿਆ ਕਿ ਉਨ੍ਹਾਂ ਨੂੰ ਧਮਾਕੇ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ।

ਉਨ੍ਹਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ੋਰੈਂਸਿਕ ਟੀਮਾਂ ਸਾਰੇ ਸਬੂਤ ਇਕੱਠੇ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਤੱਥ ਸਾਹਮਣੇ ਆਉਣਗੇ।

ਇਨ੍ਹਾਂ ਦੋਹਾਂ ਘਟਨਾਵਾਂ ਤੋਂ ਬਾਅਦ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਮੌਕੇ ਤੋਂ ਸਬੂਤ ਜੁਟਾਏ ਜਾ ਰਹੇ ਹਨ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਧਮਾਕਿਆਂ ਪਿੱਛੇ ਸ਼ਾਮਲ ਅਨਸਰਾਂ ਦਾ ਪਤਾ ਲਗਾਇਆ ਜਾ ਸਕੇ।