Join WhatsApp

Join Now

ਵੱਡੀ ਖ਼ਬਰ: ਚੰਡੀਗੜ੍ਹ ‘ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ!

On: ਅਗਸਤ 17, 2026 1:19 ਬਾਃ ਦੁਃ

 

ਵੱਡੀ ਖ਼ਬਰ: ਚੰਡੀਗੜ੍ਹ ‘ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ! ਸੈਕਟਰ-26 ਸਬਜ਼ੀ ਮੰਡੀ ’ਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਝਗੜਾ ਬਣਿਆ ਕਤਲ ਦਾ ਕਾਰਨ, ਆੜ੍ਹਤੀ ’ਤੇ ਪੁੱਤਰਾਂ ਸਮੇਤ ਚਾਕੂ ਨਾਲ ਹਮਲੇ ਦਾ ਦੋਸ਼

ਚੰਡੀਗੜ੍ਹ, 17 ਅਗਸਤ 2026

ਚੰਡੀਗੜ੍ਹ ਦੇ ਸੈਕਟਰ-26 ਸਥਿਤ ਸਬਜ਼ੀ ਮੰਡੀ ’ਚ ਸਬਜ਼ੀ ਨਾਲ ਭਰੀ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਦੋ ਆੜ੍ਹਤੀਆਂ ਵਿਚਕਾਰ ਹੋਇਆ ਝਗੜਾ ਖ਼ੂਨੀ ਰੂਪ ਧਾਰ ਗਿਆ। ਦੋਸ਼ ਹੈ ਕਿ ਇਕ ਆੜ੍ਹਤੀ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਦੂਜੇ ਆੜ੍ਹਤੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਊਨਾ ਵਾਸੀ 43 ਸਾਲਾ ਦੇਸ਼ਰਾਜ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪੁਲਸ ਨੇ ਜੀ.ਐੱਮ.ਸੀ.ਐੱਚ.-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਮੁਤਾਬਕ ਦੇਸ਼ਰਾਜ ਅਤੇ ਮੁੱਖ ਮੁਲਜ਼ਮ ਵਿਨੋਦ ਛੋਟੀਆਂ ਪਿਕਅੱਪ ਗੱਡੀਆਂ ਰਾਹੀਂ ਆਪਣੇ-ਆਪਣੇ ਇਲਾਕਿਆਂ ਤੋਂ ਸਬਜ਼ੀਆਂ ਲਿਆ ਕੇ ਸੈਕਟਰ-26 ਮੰਡੀ ’ਚ ਵੇਚਦੇ ਸਨ। ਸ਼ੁੱਕਰਵਾਰ ਰਾਤ ਕਰੀਬ 10 ਵਜੇ ਦੇਸ਼ਰਾਜ ਮੰਡੀ ’ਚ ਆਪਣੀ ਗੱਡੀ ਖੜ੍ਹੀ ਕਰਕੇ ਸਬਜ਼ੀਆਂ ਵੇਚ ਰਿਹਾ ਸੀ। ਇਸ ਦੌਰਾਨ ਉੱਤਰ ਪ੍ਰਦੇਸ਼ ਵਾਸੀ ਵਿਨੋਦ ਆਪਣੇ ਪੁੱਤਰਾਂ ਸਮੇਤ ਉੱਥੇ ਪਹੁੰਚਿਆ ਅਤੇ ਦੇਸ਼ਰਾਜ ਨੂੰ ਗੱਡੀ ਹਟਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ, ਜੋ ਕੁਝ ਹੀ ਸਮੇਂ ਬਾਅਦ ਹੱਥੋਪਾਈ ’ਚ ਬਦਲ ਗਈ।

ਦੋਸ਼ ਹੈ ਕਿ ਇਸੇ ਦੌਰਾਨ ਵਿਨੋਦ ਅਤੇ ਉਸ ਦੇ ਪੁੱਤਰਾਂ ਨੇ ਚਾਕੂ ਨਾਲ ਦੇਸ਼ਰਾਜ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੇਸ਼ਰਾਜ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਿਆ। ਮੰਡੀ ’ਚ ਮੌਜੂਦ ਲੋਕਾਂ ਦੇ ਇਕੱਠੇ ਹੋਣ ਤੱਕ ਕਥਿਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਮੋਬਾਈਲ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਖ਼ੂਨ ਦੇ ਧੱਬਿਆਂ ਸਮੇਤ ਹੋਰ ਸਬੂਤ ਇਕੱਠੇ ਕੀਤੇ। ਪੁਲਸ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।

ਪੁਲਸ ਮੁਤਾਬਕ ਮੁੱਖ ਮੁਲਜ਼ਮ ਵਿਨੋਦ ਅਤੇ ਉਸ ਦੇ ਪੁੱਤਰਾਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਸ਼ਰਾਜ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਜਾਂਚ ਤੋਂ ਬਾਅਦ ਕਤਲ ਦੇ ਕਾਰਨਾਂ ਅਤੇ ਪੂਰੇ ਘਟਨਾਕ੍ਰਮ ਦੀ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।

 

Leave a Comment