Join WhatsApp

Join Now

ਵੱਡੀ ਖ਼ਬਰ: CM ਮਾਨ ਨੂੰ ਸਵਾਲ ਪੁੱਛਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ!

On: October 31, 2026 3:52 PM

 

ਵੱਡੀ ਖ਼ਬਰ: CM ਮਾਨ ਨੂੰ ਸਵਾਲ ਪੁੱਛਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ!

“ਕਦੇ ਸਵਾਲ ਪੁੱਛਣ ਦੀ ਸਲਾਹ ਦੇਣ ਵਾਲੇ ਅੱਜ ਖ਼ੁਦ ਭੱਜ ਰਹੇ ਨੇ”: ਕਿਸਾਨ ਆਗੂਆਂ ਦਾ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਹਮਲਾ

ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੇੜਲੇ ਪਿੰਡ ਮੌੜਾਂ ਦੇ ਦੌਰੇ ਦੌਰਾਨ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ, ਜਦੋਂ ਉਨ੍ਹਾਂ ਨੂੰ ਸਵਾਲ ਪੁੱਛਣ ਲਈ ਮਹਿਲਾਂ ਚੌਂਕ ਵਿਖੇ ਇਕੱਠੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਵੱਡੀ ਗਿਣਤੀ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਕਿਸਾਨ ਆਗੂ ਮਹਿਲਾਂ ਚੌਂਕ ਵਿਖੇ ਸ਼ਾਂਤਮਈ ਢੰਗ ਨਾਲ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਵਾਅਦਿਆਂ ਅਤੇ ਸੂਬੇ ਦੇ ਮੌਜੂਦਾ ਮਸਲਿਆਂ ਬਾਰੇ ਸਵਾਲ-ਜਵਾਬ ਕਰਨਾ ਚਾਹੁੰਦੇ ਸਨ। ਪਰ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮੌਕੇ ‘ਤੇ ਹੀ ਕਾਰਵਾਈ ਕਰਦਿਆਂ ਇੱਕ ਦਰਜਨ ਤੋਂ ਵੱਧ ਮੁੱਖ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਥਾਣਾ ਛਾਜਲੀ ਭੇਜ ਦਿੱਤਾ ਗਿਆ।

ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ, ਕੇਵਲ ਸਿੰਘ ਜਵੰਧਾ, ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਰਾਮਫਲ ਸਿੰਘ ਜਲੂਰ, ਮੇਜਰ ਸਿੰਘ ਸੁਰਜਣ ਭੈਣੀ, ਬਿੰਦਰ ਸਿੰਘ ਮਹਿਲਾਂ, ਦਰਸ਼ਨ ਸਿੰਘ ਮਹਿਲਾਂ, ਭਗਵੰਤ ਸਿੰਘ ਮੈਦੇਵਾਸ, ਭੋਲਾ ਸਿੰਘ ਨੀਲੋਵਾਲ, ਕਾਲਾ ਸਿੰਘ ਮਹਿਲਾਂ, ਗੁਰਪ੍ਰੀਤ ਸਿੰਘ ਚੱਠੇ ਨਨਹੇੜਾ, ਭੋਲਾ ਸਿੰਘ ਜਖੇਪਲ ਅਤੇ ਜਸਵੰਤ ਸਿੰਘ ਜਵੰਧਾ ਸ਼ਾਮਲ ਹਨ।

ਹਿਰਾਸਤ ਵਿੱਚ ਲਏ ਜਾਣ ਦੌਰਾਨ ਕਿਸਾਨ ਆਗੂਆਂ ਦੇ ਰੋਸ ਦਾ ਸਾਹਮਣਾ ਵੀ ਪੁਲਿਸ ਨੂੰ ਕਰਨਾ ਪਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਲੋਕਤੰਤਰ ਵਿੱਚ ਲੋਕਾਂ ਦੀ ਆਵਾਜ਼ ਅਤੇ ਉਨ੍ਹਾਂ ਦੇ ਸਵਾਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਮੌਕੇ ਹਿਰਾਸਤ ਵਿੱਚ ਲਏ ਗਏ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹੀ ਭਗਵੰਤ ਸਿੰਘ ਮਾਨ ਲੋਕਾਂ ਦੇ ਵੱਡੇ-ਵੱਡੇ ਇਕੱਠਾਂ ਵਿੱਚ ਆਪ ਖ਼ੁਦ ਕਹਿੰਦੇ ਨਹੀਂ ਥੱਕਦੇ ਸਨ ਕਿ “ਸਿਆਸੀ ਆਗੂਆਂ ਨੂੰ ਸਵਾਲ ਕਰਿਆ ਕਰੋ।” ਪਰ ਅੱਜ ਜਦੋਂ ਉਹ ਖ਼ੁਦ ਸੱਤਾ ਦੀ ਕੁਰਸੀ ‘ਤੇ ਬੈਠ ਗਏ ਹਨ, ਤਾਂ ਆਪਣੀ ਹੀ ਜ਼ੁਬਾਨ ਤੋਂ ਭੱਜ ਰਹੇ ਹਨ।

ਉਨ੍ਹਾਂ ਅੱਗੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਸਵਾਲਾਂ ਤੋਂ ਭੱਜ ਕੇ ਰਾਜ ਨਹੀਂ ਕਰ ਸਕਦੀ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜਨਤਾ ਇਸ ਵਾਅਦਾ ਖ਼ਿਲਾਫ਼ੀ ਦਾ ਜਵਾਬ ਦੇਵੇਗੀ ਅਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂ ਨੂੰ ਮੂੰਹ ਨਹੀਂ ਲਾਵੇਗੀ। ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ ਹਿਰਾਸਤਾਂ ਅਤੇ ਪੁਲਿਸ ਦੀ ਧੱਕੇਸ਼ਾਹੀ ਨਾਲ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਕੀਤੇ ਜਾ ਸਕਦੇ ਅਤੇ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ।

 

Leave a Comment