ਵੱਡੀ ਖ਼ਬਰ: ਅੰਮ੍ਰਿਤਪਾਲ ‘ਤੇ NSA ਨਹੀਂ ਵਧਾਏਗੀ ਪੰਜਾਬ ਸਰਕਾਰ, ਜੇਲ੍ਹ ਤੋਂ ਹੀ ਚੱਲਣਗੇ ਕੇਸਾਂ ਦੇ ਟਰਾਇਲ

 

ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ‘ਤੇ NSA ਨਹੀਂ ਵਧਾਏਗੀ ਪੰਜਾਬ ਸਰਕਾਰ; ਡਿਬਰੂਗੜ੍ਹ ਜੇਲ੍ਹ ਤੋਂ ਹੀ ਚੱਲਣਗੇ ਸਾਰੇ ਕੇਸਾਂ ਦੇ ਟਰਾਇਲ

Punjab Network

ਚੰਡੀਗੜ੍ਹ, 17 ਅਪ੍ਰੈਲ 2026:

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਇੱਕ ਬਹੁਤ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਅਦਾਲਤ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਐਕਟ (NSA) ਦੀ ਮਿਆਦ ਨੂੰ ਅੱਗੇ ਨਹੀਂ ਵਧਾਏਗੀ।

ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਅੰਤਰਿਮ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਸਾਫ਼ ਕੀਤਾ ਹੈ ਕਿ, ਅੰਮ੍ਰਿਤਪਾਲ ਸਿੰਘ ਫਿਲਹਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹਿਣਗੇ। ਉਨ੍ਹਾਂ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਦੇ ਟਰਾਇਲ ਅਸਾਮ ਦੀ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਜਾਂ ਹੋਰ ਕਾਨੂੰਨੀ ਤਰੀਕਿਆਂ ਰਾਹੀਂ ਚੱਲਣਗੇ।

ਅੰਮ੍ਰਿਤਪਾਲ ‘ਤੇ ਲਗਾਇਆ ਗਿਆ NSA 22 ਅਪ੍ਰੈਲ ਨੂੰ ਹੋ ਰਿਹੈ ਖ਼ਤਮ

ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ‘ਤੇ ਲਗਾਇਆ ਗਿਆ NSA 22 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ। ਸਰਕਾਰ ਹੁਣ ਇਸ ਨੂੰ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਹੈ। ਇਸ ਫੈਸਲੇ ਨੂੰ ਕਾਨੂੰਨੀ ਅਤੇ ਸਿਆਸੀ ਮਾਹਿਰ ਕਾਫ਼ੀ ਅਹਿਮ ਮੰਨ ਰਹੇ ਹਨ।

ਅਜਨਾਲਾ ਮਾਮਲੇ ਵਿੱਚ ਹੋ ਸਕਦੀ ਹੈ ਗ੍ਰਿਫ਼ਤਾਰੀ

ਭਾਵੇਂ ਸਰਕਾਰ NSA ਨਹੀਂ ਵਧਾ ਰਹੀ, ਪਰ ਸਰਕਾਰ ਨੇ ਅਦਾਲਤ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਥਾਣਾ ਮਾਮਲੇ ਵਿੱਚ ਅਧਿਕਾਰਤ ਤੌਰ ‘ਤੇ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਖ਼ਿਲਾਫ਼ ਕੁੱਲ 12 ਮਾਮਲੇ ਦਰਜ ਹਨ।

NSA ਖ਼ਤਮ ਹੋਣ ਦਾ ਮਤਲਬ ਇਹ ਨਹੀਂ ਕਿ ਅੰਮ੍ਰਿਤਪਾਲ ਸਿੰਘ ਤੁਰੰਤ ਜੇਲ੍ਹ ਤੋਂ ਬਾਹਰ ਆ ਜਾਣਗੇ। ਉਹ ਹੋਰ ਦਰਜ ਮਾਮਲਿਆਂ ਵਿੱਚ ਹਿਰਾਸਤ ਵਿੱਚ ਰਹਿਣਗੇ, ਪਰ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਜਾਂ ਪੰਜਾਬ ਵਿੱਚ ਟਰਾਇਲ ਚਲਾਉਣ ਦੀਆਂ ਕਾਨੂੰਨੀ ਸੰਭਾਵਨਾਵਾਂ ਹੁਣ ਵੱਧ ਸਕਦੀਆਂ ਹਨ। ਫਿਲਹਾਲ, ਹਾਈਕੋਰਟ ਦੇ ਹੁਕਮਾਂ ਅਨੁਸਾਰ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹਿਣਗੇ।