ਵੱਡੀ ਖ਼ਬਰ: SGPC ਦੀ ਅੰਤ੍ਰਿੰਗ ਕਮੇਟੀ ਦੀ 16 ਅਪ੍ਰੈਲ ਨੂੰ ਹੋਵੇਗੀ ਇਕੱਤਰਤਾ

9

 

SGPC Meeting :

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੁਣ 16 ਅਪ੍ਰੈਲ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਅੰਤ੍ਰਿੰਗ ਕਮੇਟੀ ਦੀ ਇਹ ਇਕੱਤਰਤਾ 15 ਅਪ੍ਰੈਲ ਲਈ ਸੱਦੀ ਗਈ ਸੀ।

ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਣ ਹੁਣ ਇਹ ਮੀਟਿੰਗ 16 ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ।

ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਭਾਗੀ ਕੰਮਾਂ-ਕਾਜਾਂ ਨਾਲ ਸੰਬੰਧਤ ਰੁਟੀਨ ਦੀ ਇਸ ਇਕੱਤਰਤਾ ਦਾ ਏਜੰਡਾ ਪਹਿਲਾਂ ਹੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਚਾਲੂ ਕਰਨ ਦੇ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਯਓਤੀਰਾਦਿੱਤਿਆ ਸਿੰਧੀਆ ਨਾਲ ਰਾਬਤਾ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ’ਚ ਕੈਨੇਡਾ ਤੇ ਅਮਰੀਕਾ ਦੇ ਸਿੱਖ ਆਗੂਆਂ ਵੱਲੋਂ ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕੀਤਾ ਗਿਆ ਹੈ, ਜਿਸ ਨੂੰ ਅੰਤ੍ਰਿੰਗ ਕਮੇਟੀ ਨੇ ਸੰਜੀਦਗੀ ਨਾਲ ਲਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਵਿਚ 50 ਲੱਖ ਕਰੀਬ ਸਿੱਖ ਵੱਸਦੇ ਹਨ, ਜਿਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ, ਯੂਰਪੀ ਦੇਸ਼, ਆਸਟ੍ਰੇਲੀਆ, ਯੂਕੇ ਆਦਿ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਚਾਲੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨੂੰ ਲੈ ਕੇ ਅੰਤ੍ਰਿੰਗ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਅਤੇ ਜਲਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਲਈ 15 ਲੱਖ ਰੁਪਏ ਸਾਲਾਨਾ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਭਲਾਈ ਲਈ ਮਿਸਾਲ ਕਾਇਮ ਕੀਤੀ ਹੈ ਅਤੇ ਉਨ੍ਹਾਂ ਦੀ ਸੋਚ ਨੂੰ ਲੈ ਕੇ ਪਿੰਗਲਵਾੜਾ ਸੁਸਾਇਟੀ ਅੱਗੇ ਵੱਧ ਰਹੀ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ 15 ਲੱਖ ਰੁਪਏ ਦੀ ਸਾਲਾਨਾ ਸਹਾਇਤਾ ਜਾਰੀ ਰੱਖੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੰਗ ਦੇ ਮਾਹੌਲ ਦਰਮਿਆਨ ਯੂਕ੍ਰੇਨ ਤੋਂ ਵਾਪਸ ਮੁੜਦੇ ਪੰਜਾਬੀ ਪਾੜ੍ਹਿਆਂ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਸਬੰਧ ਵਿਚ ਇੰਡੋ ਕੈਨੇਡੀਅਨ ਬੱਸ ਸਰਵਿਸ ਨਾਲ ਸਮਝੌਤਾ ਕੀਤਾ ਗਿਆ ਹੈ, ਜੋ ਦਿੱਲੀ ਹਵਾਈ ਅੱਡੇ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਲੈ ਕੇ ਆਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਲਿਆਂਦੇ ਜਾਣ ਵਾਲੇ ਇਨ੍ਹਾਂ ਬੱਚਿਆਂ ਨੂੰ ਬੱਸ ਵਿਚ ਖਾਣ-ਪੀਣ ਦੀਆਂ ਸੇਵਾਵਾਂ ਦੀ ਦਿੱਤੀਆਂ ਜਾਣਗੀਆਂ ਅਤੇ ਦਿੱਲੀ ਵਿਖੇ ਬੱਚਿਆਂ ਦਾ ਸਹਿਯੋਗ ਕਰਨ ਲਈ ਦਿੱਲੀ ਸਿੱਖ ਮਿਸ਼ਨ ਦਾ ਸਟਾਫ਼ ਕਾਰਜ ਕਰੇਗਾ।