ਵੱਡੀ ਖ਼ਬਰ: ਪੰਜਾਬ ਯੂਨੀਵਰਸਿਟੀ ‘ਚ RSS ਦੇ ਪ੍ਰੋਗਰਾਮ ਦਾ ਸਖ਼ਤ ਵਿਰੋਧ; ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ!
ਚੰਡੀਗੜ੍ਹ, 20 ਜੁਲਾਈ 2026- ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਕੈਂਪਸ ਵਿੱਚ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਬੁਲਾਰਿਆਂ ਦੀ ਸ਼ਮੂਲੀਅਤ ਵਾਲੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਆਰ.ਐਸ.ਐਸ. ਦੇ ਮਹਿਲਾ ਵਿੰਗ ਦੀ ਪ੍ਰਧਾਨ ਸ਼ਾਂਤਾ ਕੁਮਾਰੀ ਅਤੇ ਦੁਰਗਾ ਵਾਹਿਨੀ ਦੀ ਸੰਸਥਾਪਕ ਸਾਧਵੀ ਰਿਤੰਭਰਾ ਨੇ ਸ਼ਿਰਕਤ ਕਰਨੀ ਸੀ। ਯੂਨੀਵਰਸਿਟੀ ਵਿੱਚ ਇਸ ਸਮਾਗਮ ਦੇ ਆਯੋਜਨ ਅਤੇ ਕੈਂਪਸ ਦੇ ਕਥਿਤ ‘ਭਗਵਾਂਕਰਨ’ ਵਿਰੁੱਧ ਕਈ ਵਿਦਿਆਰਥੀ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ‘ਪੀ.ਯੂ. ਅਗੇਂਸਟ ਸੈਫਰਨਾਈਜ਼ੇਸ਼ਨ’ (PU Against Saffronization) ਫਰੰਟ ਦਾ ਗਠਨ ਕੀਤਾ ਅਤੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ।
ਵਿਦਿਆਰਥੀ ਆਗੂਆਂ ਮੁਤਾਬਕ, ਸਾਧਵੀ ਰਿਤੰਭਰਾ ਵਰਗੇ ਵਿਵਾਦਤ ਬੁਲਾਰਿਆਂ ਨੂੰ ਸੱਦਣ ਦਾ ਸਖ਼ਤ ਵਿਰੋਧ ਕਰਦਿਆਂ ਪਹਿਲਾਂ ਹੀ ਵਾਈਸ ਚਾਂਸਲਰ (VC) ਨੂੰ ਇੱਕ ਮੰਗ ਪੱਤਰ ਸੌਂਪ ਕੇ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਜਥੇਬੰਦੀਆਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਇਹ ਪ੍ਰੋਗਰਾਮ ਕੈਂਪਸ ਦੇ ਅੰਦਰ ਨਹੀਂ ਕਰਵਾਇਆ ਜਾਵੇਗਾ।
ਪਰ, 19 ਜੁਲਾਈ ਦੀ ਸ਼ਾਮ ਨੂੰ ਵਿਦਿਆਰਥੀਆਂ ਨੂੰ ਪਤਾ ਲੱਗਿਆ ਕਿ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਯੂਨੀਵਰਸਿਟੀ ਦੇ ਅੰਦਰ ਹੀ ਕਰਵਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦੋਵੇਂ ਮੁੱਖ ਬੁਲਾਰੇ ਪਹੁੰਚ ਰਹੇ ਹਨ। ਪ੍ਰਸ਼ਾਸਨ ਦੇ ਇਸ ਵਾਅਦਾਖ਼ਿਲਾਫ਼ੀ ਅਤੇ ਕਥਿਤ ਚਾਲਬਾਜ਼ੀ ਦੇ ਜਵਾਬ ਵਿੱਚ, ਵਿਦਿਆਰਥੀ ਫਰੰਟ ਵੱਲੋਂ 20 ਜੁਲਾਈ ਦੀ ਸਵੇਰ ਨੂੰ ਯੂਨੀਵਰਸਿਟੀ ਆਡੀਟੋਰੀਅਮ ਵੱਲ ਇੱਕ ਵਿਸ਼ਾਲ ਰੋਸ ਮਾਰਚ ਉਲੀਕਿਆ ਗਿਆ।
ਜਦੋਂ ਪ੍ਰਦਰਸ਼ਨਕਾਰੀ ਵਿਦਿਆਰਥੀ ਰੋਸ ਮਾਰਚ ਕਰਦੇ ਹੋਏ ਆਡੀਟੋਰੀਅਮ ਦੇ ਮੁੱਖ ਗੇਟ ‘ਤੇ ਪਹੁੰਚੇ, ਤਾਂ ਚੰਡੀਗੜ੍ਹ ਪੁਲਿਸ ਅਤੇ ਯੂਨੀਵਰਸਿਟੀ ਸੁਰੱਖਿਆ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਭਾਰੀ ਬੈਰੀਕੇਡਿੰਗ ਕਰਕੇ ਰੋਕ ਲਿਆ ਗਿਆ। ਇਸ ਦੌਰਾਨ ਮਾਹੌਲ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਅਤੇ ਧੱਕਾਮੁੱਕੀ ਦਾ ਸਹਾਰਾ ਲਿਆ।
ਵਿਦਿਆਰਥੀ ਨੁਮਾਇੰਦਿਆਂ ਦਾ ਦੋਸ਼ ਹੈ ਕਿ, “ਪੁਲਿਸ ਵੱਲੋਂ ਕੀਤੇ ਗਏ ਇਸ ਜਬਰ ਦੌਰਾਨ ਕਈ ਵਿਦਿਆਰਥੀਆਂ ਦੇ ਕੱਪੜੇ ਤੱਕ ਫਟ ਗਏ ਅਤੇ ਕਈਆਂ ਨੂੰ ਸੱਟਾਂ ਵੀ ਲੱਗੀਆਂ। ਪਰ ਵਿਦਿਆਰਥੀਆਂ ਨੇ ਪੁਲਿਸ ਦੀ ਸਖ਼ਤੀ ਅੱਗੇ ਗੋਡੇ ਨਹੀਂ ਟੇਕੇ ਅਤੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਿਆ।” ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕਈ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਸਰਕਾਰੀ ਗੱਡੀਆਂ ਰਾਹੀਂ ਸੈਕਟਰ-24 ਦੇ ਪੁਲਿਸ ਥਾਣੇ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਦੁਪਹਿਰ 2 ਵਜੇ ਤੱਕ ਨਜ਼ਰਬੰਦ ਰੱਖਿਆ ਗਿਆ।
ਪੁਲਿਸ ਕਾਰਵਾਈ ਦੇ ਬਾਵਜੂਦ ਵਿਦਿਆਰਥੀਆਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਸ਼ਾਮ 5:30 ਵਜੇ ਰਾਜਨੀਤੀ ਸ਼ਾਸਤਰ (Political Science) ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇੱਕ ਹੋਰ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਪੀ.ਯੂ. ਪ੍ਰਸ਼ਾਸਨ ਦੀਆਂ ‘ਭਗਵੇਂਕਰਨ’ ਦੀਆਂ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
‘ਪੀ.ਯੂ. ਅਗੇਂਸਟ ਸੈਫਰਨਾਈਜ਼ੇਸ਼ਨ’ ਫਰੰਟ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਨੂੰ ਵਿਦਿਆਰਥੀ ਸੰਘਰਸ਼ ਦੀ ਇੱਕ ਵੱਡੀ ਜਿੱਤ ਦੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਦਿਆਰਥੀਆਂ ਦੇ ਸਖ਼ਤ ਵਿਰੋਧ ਦੇ ਡਰੋਂ ਆਰ.ਐਸ.ਐਸ. ਦੇ ਬੁਲਾਰਿਆਂ ਨੂੰ ਯੂਨੀਵਰਸਿਟੀ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ। ਵਿਦਿਆਰਥੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਭਵਿੱਖ ਵਿੱਚ ਵੀ ਯੂਨੀਵਰਸਿਟੀ ਦੀ ਧਰਮ-ਨਿਰਪੱਖ ਅਤੇ ਜਮਹੂਰੀ ਸਾਖ ਨੂੰ ਬਚਾਉਣ ਲਈ ਇਸੇ ਤਰ੍ਹਾਂ ਦੇ ਹੌਂਸਲੇ ਨਾਲ ਸੰਘਰਸ਼ ਜਾਰੀ ਰੱਖਣਗੇ ਅਤੇ ਕੈਂਪਸ ਦੇ ਅੰਦਰ ਕਿਸੇ ਵੀ ਫਿਰਕੂ ਏਜੰਡੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
PU ਅਗੈਨਸਟ ਸੈਫਰੋਨਾਈਜ਼ੇਸ਼ਨ ਦਾ ਅੱਜ ਦੀ ਘਟਨਾ ਤੇ ਬਿਆਨ
ਅੱਜ ਆਪਣੇ ਵਾਅਦੇ ਤੋਂ ਮੁਕਰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਰਐਸਐਸ ਦਾ ਪ੍ਰੋਗਰਾਮ ਯੂਨੀਵਰਸਿਟੀ ਵਿੱਚ ਰੱਦ ਨਹੀਂ ਕੀਤਾ। ਪ੍ਰੋਗਰਾਮ ਦਾ ਵਿਰੋਧ ਇਸ ਲਈ ਕੀਤਾ ਗਿਆ ਸੀ ਕਿਉਂਕਿ ਇਸ ਵਿੱਚ ਬੁਲਾਏ ਗਏ ਬੁਲਾਰੇ ਆਰਐਸਐਸ ਦੇ ਫਿਰਕੂ, ਫੁੱਟ ਪਾਊ, ਪਿੱਤਰਸੱਤਾ ਨੂੰ ਪਰਨਾਏ ਹੋਏ ਹਨ ਜਿਨ੍ਹਾਂ ਦਾ ਨਾਮ ਸਾਧਵੀ ਰਿਤੰਭਰਾ ਅਤੇ ਸ਼ਾਂਤਾ ਕੁਮਾਰੀ ਹਨ।ਪੀਯੂ ਅਗੈਨਸਟ ਸੈਫਰੋਨਾਈਜ਼ੇਸ਼ਨ ਵੱਲੋਂ ਕੱਲ੍ਹ ਇਸਦੇ ਵਿਰੋਧ ਦਾ ਵੀ ਨਾਲ਼ ਹੀ ਐਲਾਨ ਕੀਤਾ ਸੀ। ਅੱਜ ਜਦੋਂ ਵਿਦਿਆਰਥੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰੋਗਰਾਮ ਦੀ ਜਗ੍ਹਾ ਵੱਲ ਮਾਰਚ ਕੀਤਾ ਜਾ ਰਿਹਾ ਸੀ, ਤਾਂ ਚੰਡੀਗੜ੍ਹ ਪੁਲਸ ਵੱਲੋਂ ਆਡੀਟੋਰੀਅਮ ਦੇ ਗੇਟ ਤੇ ਵਿਦਿਅਰਥੀਆਂ ਨੂੰ ਰੋਕਿਆ ਗਿਆ। ਵਿਦਿਆਰਥੀਆਂ ਵੱਲੋਂ ਓਸੇ ਥਾਂ ਖੜਕੇ ਨਾਹਰੇਬਾਜੀ ਸ਼ੁਰੂ ਕੀਤੀ ਗਈ।
ਜਿਸ ਉਪਰੰਤ ਓਹਨਾਂ ਨਾਲ ਧੱਕਾਮੁੱਕੀ ਕੀਤੀ ਗਈ, ਹਥਿਆਰਬੰਦ ਅਧਿਕਾਰੀਆਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ। ਇਸ ਪਿੱਛੋਂ ਪੁਲਸ ਵੱਲੋਂ ਵਿਦਿਆਰਥੀਆਂ ਨੂੰ ਧੱਕੇ ਨਾਲ ਪੁਲਸ ਵੈਨਾਂ ਵਿੱਚ ਸਿੱਟ ਕੇ ਹਿਰਾਸਤ ਵਿੱਚ ਲਿਆ ਗਿਆ ਤੇ 24 ਸੈਕਟਰ ਦੇ ਥਾਣੇ ਵਿੱਚ ਲਿਜਾਇਆ ਗਿਆ ਹੈ। ਅਸੀਂ ਪੀਯੂ ਅਗੈਨਸਟ ਸੈਫਰੋਨਾਈਜ਼ੇਸ਼ਨ ਵੱਲੋਂ ਚੰਡੀਗੜ੍ਹ ਪੁਲਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦੇ ਹਾਂ। ਭਾਜਪਾ ਆਰਐਸਐਸ ਦੀ ਸ਼ਾਖਾ ਬਣਾਉਣ ਦੀ ਸੰਘੀ ਅਥਾਰਟੀ ਦੀ ਨਿਖੇਧੀ ਕਰਦੇ ਹਾਂ ਅਤੇ ਹੋਰ ਵੀ ਬੁਲੰਦ ਹੌਂਸਲੇ ਨਾਲ ਇਸ ਸੰਘੀ ਲਾਣੇ ਦਾ ਟਾਕਰਾ ਕਰਦੇ ਰਹਾਂਗੇ। ਅੱਜ ਦੀ ਕਰਵਾਈ ਦੇ ਵਿਰੋਧ ਵਿੱਚ ਅਸੀਂ ਸ਼ਾਮ ਨੂੰ 5.30 ਵਜੇ ਸਾਰਿਆਂ ਨੂੰ ਸਟੂਡੈਂਟਸ ਸੈਂਟਰ ਵਿਖੇ ਪਹੁੰਚਣ ਦੀ ਅਪੀਲ ਕਰਦੇ ਹਾਂ।
















