ਵੱਡੀ ਖ਼ਬਰ: ਪੰਜਾਬ ‘ਚ ਸਵਾਈਨ ਫਲੂ ਦੇ ਕੇਸ ਵਧੇ! ਸਿਹਤ ਮੰਤਰੀ ਨੇ ਪੀੜਤਾਂ ਨੂੰ ਮਾਸਕ ਪਾਉਣ ਦੀ ਦਿੱਤੀ ਸਲਾਹ
ਬਰਸਾਤੀ ਮੌਸਮ ਕਾਰਨ ਵਧੇ ਐੱਚ1ਐੱਨ1 (H1N1) ਦੇ ਮਾਮਲੇ, ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਥਿਤੀ ਬਾਰੇ ਅਹਿਮ ਜਾਣਕਾਰੀ- ਪੰਜਾਬ ਵਿੱਚ ਸਵਾਈਨ ਫਲੂ ਦਾ ਕੋਈ ਨਵਾਂ ਵੇਰੀਐਂਟ ਨਹੀਂ, ਹਸਪਤਾਲ ‘ਚ ਦਾਖਲ ਹੋਣ ਦੀ ਨੌਬਤ ਨਹੀਂ ਆਈ
ਚੰਡੀਗੜ੍ਹ, 25 ਅਗਸਤ 2026- ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਇਨਫੈਕਸ਼ਨਾਂ ਅਤੇ ਸਵਾਈਨ ਫਲੂ (H1N1) ਦੇ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਜਾਂ ਦਹਿਸ਼ਤ ਵਿੱਚ ਆਉਣ ਦੀ ਬਿਲਕੁਲ ਲੋੜ ਨਹੀਂ ਹੈ।
ਹਾਲਾਂਕਿ ਸਿਹਤ ਮੰਤਰੀ ਨੇ ਕਿਹਾ ਕਿ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਹੀ ਪਵੇ, ਤਾਂ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਸਿਹਤ ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਸਵਾਈਨ ਫਲੂ ਦੇ ਮਾਮਲੇ ਬਹੁਤ ਘੱਟ ਸਨ। ਇਹ ਗਿਣਤੀ ਸਿੰਗਲ ਡਿਜਿਟ ਵਿੱਚ ਹੀ ਰਹੀ, ਯਾਨੀ ਕਿਸੇ ਵੀ ਮਹੀਨੇ ਕੇਸਾਂ ਦੀ ਗਿਣਤੀ 10 ਤੱਕ ਵੀ ਨਹੀਂ ਪਹੁੰਚੀ ਸੀ। ਹਾਲਾਂਕਿ, ਅਗਸਤ ਮਹੀਨੇ ਦੌਰਾਨ ਸੂਬੇ ਵਿੱਚ ਲਗਭਗ 70 ਕੇਸ ਸਾਹਮਣੇ ਆਏ ਹਨ।
ਡਾ. ਬਲਬੀਰ ਸਿੰਘ ਨੇ ਰਾਹਤ ਦੀ ਗੱਲ ਦੱਸਦਿਆਂ ਕਿਹਾ ਕਿ ਇਹ ਵਾਇਰਸ ਦਾ ਕੋਈ ਨਵਾਂ ਵੇਰੀਐਂਟ ਨਹੀਂ ਹੈ, ਸਗੋਂ ਇਹ ਪੁਰਾਣਾ ਹੀ ਵੇਰੀਐਂਟ ਹੈ ਜੋ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਵਾਇਰਸ ਬਹੁਤ ਹੀ ‘ਮਾਇਲਡ’ (ਹਲਕਾ) ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਵਿੱਚ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਪਈ ਹੈ। ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਅਤੇ ਟੈਸਟਿੰਗ ਕਰਨ ਤੋਂ ਬਾਅਦ ਜ਼ਰੂਰੀ ਦਵਾਈਆਂ ਦੇ ਕੇ ਉਨ੍ਹਾਂ ਨੂੰ ਘਰੇ ਹੀ ਆਰਾਮ ਕਰਨ ਲਈ ਭੇਜ ਦਿੱਤਾ ਜਾਂਦਾ ਹੈ।
ਬਰਸਾਤੀ ਮੌਸਮ ਅਤੇ ਨਮੀ (Humidity) ਕਾਰਨ ਫੈਲ ਰਹੀ ਇਨਫੈਕਸ਼ਨ
ਸਿਹਤ ਮੰਤਰੀ ਨੇ ਸਮਝਾਇਆ ਕਿ ਮੌਜੂਦਾ ਬਰਸਾਤੀ ਮੌਸਮ ਵਿੱਚ ਹਵਾ ਵਿੱਚ ਨਮੀ (ਹਿਊਮਿਡਿਟੀ) ਦਾ ਪੱਧਰ ਕਾਫੀ ਵੱਧ ਜਾਂਦਾ ਹੈ। ਅਜਿਹੇ ਮੌਸਮ ਵਿੱਚ ਵਾਇਰਲ ਇਨਫੈਕਸ਼ਨਾਂ ਦੇ ਫੈਲਣ ਦੇ ਆਸਾਰ ਜ਼ਿਆਦਾ ਹੁੰਦੇ ਹਨ। ਜਦੋਂ ਵੀ ਕੋਈ ਪੁਰਾਣੀ ਵਾਇਰਲ ਇਨਫੈਕਸ਼ਨ ਸਮਾਜ ਵਿੱਚ ਆਉਂਦੀ ਹੈ, ਤਾਂ ਉਹ ਪੂਰੀ ਤਰ੍ਹਾਂ ਜੜ੍ਹੋਂ ਖਤਮ ਨਹੀਂ ਹੁੰਦੀ ਅਤੇ ਅਨੁਕੂਲ ਮੌਸਮ ਮਿਲਣ ‘ਤੇ ਦੁਬਾਰਾ ਸਿਰ ਚੁੱਕ ਲੈਂਦੀ ਹੈ। ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਇਸ ਸਮੇਂ ਕੇਸਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਦਾ ਅਸਰ ਪੰਜਾਬ ਵਿੱਚ ਵੀ ਥੋੜ੍ਹਾ ਬਹੁਤ ਦੇਖਣ ਨੂੰ ਮਿਲਿਆ ਹੈ।
ਡਾ. ਬਲਬੀਰ ਸਿੰਘ ਅਨੁਸਾਰ ਆਮ ਅਤੇ ਤੰਦਰੁਸਤ ਲੋਕਾਂ ਨੂੰ ਇਸ ਫਲੂ ਤੋਂ ਕੋਈ ਖਾਸ ਖਤਰਾ ਨਹੀਂ ਹੈ ਅਤੇ ਉਨ੍ਹਾਂ ਨੂੰ ਕੋਈ ਵਿਸ਼ੇਸ਼ ਪਰਹੇਜ਼ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਕੁਝ ਖਾਸ ਹਾਈ-ਰਿਸਕ ਸ਼੍ਰੇਣੀਆਂ (ਗਰਭਵਤੀ ਔਰਤਾਂ, ਛੋਟੇ ਬੱਚੇ, ਬਜ਼ੁਰਗ ਵਿਅਕਤੀ) ਨੂੰ ਥੋੜ੍ਹੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ; ਗੰਭੀਰ ਬੀਮਾਰੀਆਂ (ਜਿਵੇਂ ਕਿ ਕੈਂਸਰ, ਸ਼ੂਗਰ ਆਦਿ) ਤੋਂ ਪੀੜਤ ਮਰੀਜਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਹੀ ਪਵੇ, ਤਾਂ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਸਿਹਤ ਮੰਤਰੀ ਨੇ ਸੂਬਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕੋਲ ਸਵਾਈਨ ਫਲੂ ਦੀ ਟੈਸਟਿੰਗ, ਜਾਂਚ ਅਤੇ ਇਲਾਜ ਲਈ ਪੂਰੇ ਬੰਦੋਬਸਤ ਮੁਹੱਈਆ ਹਨ। ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਅਤੇ ਟੈਸਟਾਂ ਦੀ ਸੁਵਿਧਾ ਉਪਲਬਧ ਹੈ। ਇਸ ਤੋਂ ਇਲਾਵਾ, ਨਾਗਰਿਕਾਂ ਕੋਲ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਕਾਰਡ ਦੀ ਸਹੂਲਤ ਵੀ ਹੈ। ਉਨ੍ਹਾਂ ਨੇ ਅੰਤ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਾਂ ਦਹਿਸ਼ਤ ਵਿੱਚ ਨਾ ਆਉਣ, ਆਪਣਾ ਆਮ ਰੋਜ਼ਾਨਾ ਦਾ ਰੂਟੀਨ ਕੰਮ-ਕਾਰ ਬਿਨਾਂ ਕਿਸੇ ਡਰ ਤੋਂ ਕਰਨ ਅਤੇ ਸਿਰਫ਼ ਲੋੜੀਂਦੀਆਂ ਸਧਾਰਨ ਸਾਵਧਾਨੀਆਂ ਦਾ ਧਿਆਨ ਰੱਖਣ।
















