ਵੱਡੀ ਖ਼ਬਰ: PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ, ਮੇਅਰ ਦਫ਼ਤਰ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ
7 ਜੁਲਾਈ ਨੂੰ ਚੰਡੀਗੜ੍ਹ ‘ਚ ਧਮਾਕਿਆਂ ਅਤੇ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਭਰੀ ਈ-ਮੇਲ, ਹਾਈ ਅਲਰਟ ਜਾਰੀ
ਚੰਡੀਗੜ੍ਹ/ਮੋਹਾਲੀ, 14 ਜੁਲਾਈ 2026-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਦੇ ਪ੍ਰਸਤਾਵਿਤ ਚੰਡੀਗੜ੍ਹ ਦੌਰੇ ਤੋਂ ਪਹਿਲਾਂ, ਉਸੇ ਦਿਨ ਬੰਬ ਧਮਾਕੇ ਕਰਨ ਦੀ ਮਿਲੀ ਇੱਕ ਗੰਭੀਰ ਧਮਕੀ ਨੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਹਨ। ਸੋਮਵਾਰ ਸਵੇਰੇ ਖੇਤਰ ਦੇ ਤਿੰਨ ਨਾਮੀ ਸਕੂਲਾਂ, ਮੋਹਾਲੀ ਦੇ ਮੇਅਰ ਦਫ਼ਤਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਆਈ.ਈ.ਡੀ. (IED) ਨਾਲ ਉਡਾਉਣ ਦੀ ਧਮਕੀ ਭਰੀ ਇੱਕ ਈ-ਮੇਲ ਮਿਲੀ, ਜਿਸ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਨੇ ਪੂਰੇ ਇਲਾਕੇ ਵਿੱਚ ‘ਹਾਈ ਅਲਰਟ’ ਘੋਸ਼ਿਤ ਕਰ ਦਿੱਤਾ।
ਧਮਕੀ ਭਰੀ ਮੇਲ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਪ੍ਰਸ਼ਾਸਨ, ਬੰਬ ਨਿਰੋਧਕ ਦਸਤੇ (Bomb Disposal Squad) ਅਤੇ ਸਨਿਫਰ ਡੌਗ (ਸੁੰਘਣ ਵਾਲੇ ਕੁੱਤੇ) ਦੀਆਂ ਟੀਮਾਂ ਨੇ ਸਬੰਧਤ ਥਾਵਾਂ ‘ਤੇ ਘੰਟਿਆਂ ਬੱਧੀ ਡੂੰਘੀ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ, ਜਾਂਚ ਦੌਰਾਨ ਕੋਈ ਵੀ ਵਿਸਫੋਟਕ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ, ਜਿਸ ਤੋਂ ਬਾਅਦ ਸਾਰੀਆਂ ਇਮਾਰਤਾਂ ਨੂੰ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਕਰੀਬ 8:30 ਵਜੇ ਯਾਦਵਿੰਦਰਾ ਪਬਲਿਕ ਸਕੂਲ (YPS), ਡੀ.ਏ.ਵੀ. (DAV) ਪਬਲਿਕ ਸਕੂਲ, ਦਿੱਲੀ ਪਬਲਿਕ ਸਕੂਲ (DPS) ਅਤੇ ਮੋਹਾਲੀ ਮੇਅਰ ਦਫ਼ਤਰ ਨੂੰ ਇਹ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ ਸੀ।
ਇਸ ਈ-ਮੇਲ ਵਿੱਚ 17 ਜੁਲਾਈ ਨੂੰ ਦੁਪਹਿਰ 1:15 ਵਜੇ ਸਕੂਲਾਂ ਨੂੰ ਅਤੇ ਦੁਪਹਿਰ 3:15 ਵਜੇ ਮੇਅਰ ਦਫ਼ਤਰ ਨੂੰ ਆਈ.ਈ.ਡੀ. ਧਮਾਕੇ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਸੀ। ਮੇਲ ਭੇਜਣ ਵਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਜਨਤਕ ਪ੍ਰੋਗਰਾਮਾਂ ਵਿੱਚ ਸ਼ਾਮਲ ਨਾ ਹੋਣ।
ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਕਪਤਾਨ (SSP) ਹਰਮਨਦੀਪ ਸਿੰਘ ਹੰਸ ਦੀ ਅਗਵਾਈ ਹੇਠ ਪੁਲਿਸ ਫੋਰਸ ਅਤੇ ਬੰਬ ਨਿਰੋਧਕ ਦਸਤਿਆਂ ਨੇ ਸਾਰੀਆਂ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਵਾਈ.ਪੀ.ਐਸ. (YPS) ਦੇ ਡਾਇਰੈਕਟਰ-ਪ੍ਰਿੰਸੀਪਲ ਟੀ.ਪੀ.ਐਸ. ਵੜੈਚ ਨੇ ਦੱਸਿਆ ਕਿ ਈ-ਮੇਲ ਮਿਲਦੇ ਹੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਸਾਰੇ ਗੇਟ ਸੀਲ ਕਰ ਦਿੱਤੇ ਗਏ ਸਨ ਅਤੇ ਪੁਲਿਸ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸਕੂਲ ਦੀ ਪੜ੍ਹਾਈ ਆਮ ਵਾਂਗ ਸ਼ੁਰੂ ਕੀਤੀ ਗਈ।
ਪੁਲਿਸ ਦੇ ਸਾਈਬਰ ਸੈੱਲ ਨੇ ਈ-ਮੇਲ ਭੇਜਣ ਵਾਲੇ ਦੀ ਪਛਾਣ ਅਤੇ ਸਰੋਤ (IP Address) ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ਪ੍ਰਸਤਾਵਿਤ ਦੌਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ, ਚੰਡੀਗੜ੍ਹ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਹੈ।
















