BREAKING- ਪੰਜਾਬ ‘ਚ ਬਿਜਲੀ ਹੋਈ ਸਸਤੀ; ਮਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ
EV ਚਾਰਜਿੰਗ ਸਟੇਸ਼ਨਾਂ ਅਤੇ ਉਦਯੋਗਾਂ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ; ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ, 6 ਮਾਰਚ 2026- ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਸੂਬੇ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕਟੌਤੀ ਕਰਨ ਦਾ ਵੱਡਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਦਾ ਉਦੇਸ਼ ਆਮ ਜਨਤਾ ਨੂੰ ਆਰਥਿਕ ਰਾਹਤ ਦੇਣਾ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰੀ ਅਰੋੜਾ ਨੇ ਕਿਹਾ ਕਿ, ਪੰਜਾਬ ਦੇ ਘਰਾਂ ਨੂੰ ਸਰਕਾਰ ਦੀ ਮੌਜੂਦਾ ਸਕੀਮ ਤਹਿਤ 300 ਯੂਨਿਟ ਮੁਫ਼ਤ ਬਿਜਲੀ ਮਿਲਦੀ ਰਹੇਗੀ।
ਘਰੇਲੂ ਬਿਜਲੀ ਦਰਾਂ ਵਿੱਚ 70 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਬਿਜਲੀ ਬਿੱਲਾਂ ‘ਤੇ ਲੱਗਣ ਵਾਲੇ ਫਿਕਸਡ ਚਾਰਜਿਜ਼ ਵਿੱਚ ਵੀ 5 ਤੋਂ 10 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਦੀ ਕਮੀ ਕੀਤੀ ਗਈ ਹੈ।
ਵਪਾਰਕ ਅਤੇ ਉਦਯੋਗਿਕ ਖੇਤਰ ਲਈ ਰਾਹਤ
ਵਪਾਰਕ ਅਦਾਰਿਆਂ ਲਈ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ, ਵਪਾਰਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 65 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਲੋਡ ਦੇ ਹਿਸਾਬ ਨਾਲ ਇਹ ਕਟੌਤੀ 65 ਪੈਸੇ ਤੋਂ 79 ਪੈਸੇ ਪ੍ਰਤੀ ਯੂਨਿਟ ਤੱਕ ਹੋ ਸਕਦੀ ਹੈ।
100 ਕਿਲੋਵਾਟ (KW) ਤੱਕ ਦੇ ਲੋਡ ਵਾਲੇ ਉਦਯੋਗਾਂ ਲਈ ਫਿਕਸਡ ਚਾਰਜਿਜ਼ ਘਟਾ ਦਿੱਤੇ ਗਏ ਹਨ। ਵਿੱਤੀ ਸਾਲ 2026-27 ਲਈ ਉਦਯੋਗਿਕ ਖਪਤਕਾਰਾਂ ‘ਤੇ ਲੱਗਣ ਵਾਲਾ ਸਾਲਾਨਾ 3 ਫੀਸਦੀ ਦਾ ਵਾਧਾ ਇਸ ਵਾਰ ਨਹੀਂ ਲਗਾਇਆ ਜਾਵੇਗਾ।
ਇਲੈਕਟ੍ਰਿਕ ਵਾਹਨਾਂ (EV) ਲਈ ਵਿਸ਼ੇਸ਼ ਤੋਹਫ਼ਾ
ਸੂਬੇ ਵਿੱਚ ਸਾਫ਼-ਸੁਥਰੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ EV ਚਾਰਜਿੰਗ ਸਟੇਸ਼ਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਮੰਤਰੀ ਨੇ ਕਿਹਾ ਕਿ ਜਿੱਥੇ ਵੀ ਈਵੀ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਜਾਵੇਗਾ।
ਉੱਥੇ ਫਿਕਸਡ ਚਾਰਜ ਸਿਰਫ਼ 5 ਰੁਪਏ ਪ੍ਰਤੀ ਯੂਨਿਟ ਹੋਵੇਗਾ, ਜੋ ਕਿ ਸਾਰੀਆਂ ਸ਼੍ਰੇਣੀਆਂ ਵਿੱਚੋਂ ਸਭ ਤੋਂ ਘੱਟ ਹੈ।
ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਸਾਲ 2026-27 ਲਈ ਐਲਾਨੀਆਂ ਗਈਆਂ ਇਹ ਨਵੀਆਂ ਦਰਾਂ ਖਪਤਕਾਰਾਂ ਦੇ ਜੇਬ ਦੇ ਬੋਝ ਨੂੰ ਘਟਾਉਣ ਵਿੱਚ ਸਹਾਈ ਸਿੱਧ ਹੋਣਗੀਆਂ।






