BREAKING: ਕਿਸਾਨਾਂ ਵੱਲੋਂ ਚੰਡੀਗੜ੍ਹ ‘ਚ ਵੱਡੇ ਮੋਰਚੇ ਦਾ ਐਲਾਨ! BKU ਡਕੌਂਦਾ ਤੇ ਉਗਰਾਹਾਂ 4 ਜੁਲਾਈ ਨੂੰ ਸੈਕਟਰ-34 ‘ਚ ਦੇਣਗੇ ਵਿਸ਼ਾਲ ਧਰਨਾ- ਤੇਲ-ਗੈਸ ਦੀ ਮਹਿੰਗਾਈ, ਖਾਦ ਦੀ ਕਿੱਲਤ ਅਤੇ ਆਰਥਿਕ ਸੰਕਟ ਖ਼ਿਲਾਫ਼ ਖੁੱਲ੍ਹੇਗਾ ਮੋਰਚਾ- ਬਰਨਾਲਾ ‘ਚ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਮਨਜੀਤ ਧਨੇਰ ਅਤੇ ਜੋਗਿੰਦਰ ਉਗਰਾਹਾਂ ਨੇ ਕੇਂਦਰ ਸਰਕਾਰ ‘ਤੇ ਸਾਧੇ ਤਿੱਖੇ ਨਿਸ਼ਾਨੇ
ਚੰਡੀਗੜ੍ਹ, 7 ਜੂਨ 2026:
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਬਰਨਾਲਾ ਵਿਖੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਇੱਕ ਬਹੁਤ ਵੱਡੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਤੇਲ-ਗੈਸ-ਖਾਦਾਂ ਦੀ ਕਿੱਲਤ, ਵਧਦੀ ਮਹਿੰਗਾਈ, ਪਾਣੀ ਦੇ ਗੰਭੀਰ ਮੁੱਦੇ ਅਤੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਵਰਗੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਦੋਵੇਂ ਜਥੇਬੰਦੀਆਂ ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਇੱਕ ਵਿਸ਼ਾਲ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਬੀ.ਕੇ.ਯੂ. ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਇਸ ਸਮੇਂ ਗੰਭੀਰ ਆਰਥਿਕ ਤੇ ਕਿਸਾਨੀ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਝੋਨੇ ਦੀ ਬਿਜਾਈ ਦਾ ਸੀਜ਼ਨ ਬਿਲਕੁਲ ਸਿਰ ‘ਤੇ ਹੈ, ਪਰ ਪੰਜਾਬ ਦੇ ਕਿਸਾਨਾਂ ਸਿਰ ਚਿੰਤਾ ਦੇ ਬੱਦਲ ਮੰਡਰਾ ਰਹੇ ਹਨ।
ਡੀਜ਼ਲ-ਤੇਲ ਦੀਆਂ ਕੀਮਤਾਂ ਮਹੀਨੇ ਵਿੱਚ ਚਾਰ-ਚਾਰ ਵਾਰ ਵਧਾਈਆਂ ਜਾ ਰਹੀਆਂ ਹਨ, ਰਸੋਈ ਗੈਸ ਗਾਇਬ ਹੈ ਅਤੇ ਯੂਰੀਆ ਖਾਦ ਦੀ ਸ਼ਰੇਆਮ ਕਾਲਾਬਾਜ਼ਾਰੀ (ਬਲੈਕ) ਹੋ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਖਾਦ ਨਾ ਮਿਲੀ ਤਾਂ ਦੇਸ਼ ਵਿੱਚ ਫ਼ਸਲ ਦੇ ਉਤਪਾਦਨ (Production) ‘ਤੇ ਭਾਰੀ ਮਾਰ ਪਵੇਗੀ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਅਮਰੀਕਾ ਦੇ ਦਬਾਅ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ‘ਤੇ ਚੱਲ ਰਹੀ ਹੈ। ਜਿੱਥੇ ਸਾਨੂੰ ਰੂਸ ਜਾਂ ਈਰਾਨ ਤੋਂ ਸਸਤਾ ਤੇਲ ਮਿਲ ਸਕਦਾ ਹੈ, ਉੱਥੇ ਅਮਰੀਕੀ ਵਿਦੇਸ਼ ਮੰਤਰੀ ਦੇ ਦਬਾਅ ਹੇਠ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਾਲ ਸਮਝੌਤੇ ਕਰਨ ਦੀਆਂ ਗੱਲਾਂ ਕਰਕੇ ਭਾਰਤੀ ਬਾਜ਼ਾਰ ਨੂੰ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਹੀ ਹੈ। ਖੇਤੀਬਾੜੀ ਨੂੰ ਵੀ ਇਨ੍ਹਾਂ ਦੇ ਰਹਿਮੋ-ਕਰਮ ‘ਤੇ ਛੱਡਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨੀ ਸੰਕਟ ਹੋਰ ਡੂੰਘਾ ਹੋਵੇਗਾ।
ਦੇਸ਼ ਦੀ ਖ਼ਰਾਬ ਆਰਥਿਕ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਅਖ਼ਬਾਰੀ ਰਿਪੋਰਟਾਂ ਦਾ ਹਵਾਲਾ ਦਿੱਤਾ ਕਿ ਰਿਜ਼ਰਵ ਬੈਂਕ (RBI) ਵੱਲੋਂ ਇੱਕ ਲੱਖ ਕਰੋੜ ਰੁਪਏ ਦਾ ਸੋਨਾ ਵੇਚਣ ਦੀ ਨੌਬਤ ਆ ਚੁੱਕੀ ਹੈ। ਦੇਸ਼ ਦਾ ਵਪਾਰਕ ਘਾਟਾ ਲਗਾਤਾਰ ਵੱਧ ਰਿਹਾ ਹੈ ਅਤੇ 90% ਖਣਿਜ ਪਦਾਰਥ ਤੇ ਕੱਚਾ ਮਾਲ ਚੀਨ ਤੋਂ ਮੰਗਵਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਹਾਲੀਆ ਬਿਆਨ, ਜਿਸ ਵਿੱਚ ਖਾਦਾਂ ਅਤੇ ਤੇਲ ਦਾ ਘੱਟ ਇਸਤੇਮਾਲ ਕਰਨ ਦੇ ਤਰਕ ਦਿੱਤੇ ਜਾ ਰਹੇ ਹਨ, ਕਿਸੇ ਨਵੇਂ ਲੌਕਡਾਊਨ ਵਰਗੇ ਆਰਥਿਕ ਸੰਕਟ ਵੱਲ ਇਸ਼ਾਰਾ ਕਰਦੇ ਹਨ।
ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਹੁਣ ਚੁੱਪ ਨਹੀਂ ਬੈਠਣਗੇ। ਇਨ੍ਹਾਂ ਭਖਦੇ ਮੁੱਦਿਆਂ ਨੂੰ ਲੈ ਕੇ ਪਿੰਡ-ਪਿੰਡ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਲਾਮਬੰਦ ਕੀਤਾ ਜਾਵੇਗਾ ਅਤੇ 4 ਜੁਲਾਈ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ਵੱਡਾ ਸ਼ਕਤੀ ਪ੍ਰਦਰਸ਼ਨ ਕਰਕੇ ਸਰਕਾਰ ‘ਤੇ ਜਨਤਕ ਦਬਾਅ ਬਣਾਇਆ ਜਾਵੇਗਾ।
















