ਹਰਦੀਪ ਪੁਰੀ ਬਿਨਾਂ ਮੁਕਾਬਲਾ ਚੁਣੇ ਗਏ ਰਾਜ ਸਭਾ ਮੈਂਬਰ, ਬਣੇ ਰਹਿਣਗੇ ਮੰਤਰੀ!
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਿੱਤੀ ਰਾਜ ਸਭਾ ਚੋਣ, ਰਿਟਰਨਿੰਗ ਅਫ਼ਸਰ ਨੇ ਸੌਂਪਿਆ ਜਿੱਤ ਦਾ ਸਰਟੀਫ਼ਿਕੇਟ- ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਹੋਏ ਸਨ ਰੱਦ
ਐਲ. ਮੁਰੂਗਨ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੀਟ ‘ਤੇ ਹਰਦੀਪ ਸਿੰਘ ਪੁਰੀ ਬਿਨਾਂ ਵਿਰੋਧ ਹੋਏ ਜੇਤੂ ਐਲਾਨ- ਮੱਧ ਪ੍ਰਦੇਸ਼ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ
ਭੂਪਾਲ/ਚੰਡੀਗੜ੍ਹ, 6 ਨਵੰਬਰ 2026- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਰਦੀਪ ਸਿੰਘ ਪੁਰੀ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਵਿੱਚ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਉਮੇਸ਼ ਸ਼ਰਮਾ ਨੇ ਰਸਮੀ ਤੌਰ ‘ਤੇ ਉਨ੍ਹਾਂ ਨੂੰ ਸੰਸਦ ਦੇ ਉਪਰਲੇ ਸਦਨ (ਰਾਜ ਸਭਾ) ਲਈ ਚੁਣੇ ਜਾਣ ਦਾ ਐਲਾਨ ਕੀਤਾ।
ਇਸ ਚੋਣ ਵਿੱਚ ਹਰਦੀਪ ਸਿੰਘ ਪੁਰੀ ਹੀ ਇੱਕੋ-ਇੱਕ ਉਮੀਦਵਾਰ ਬਚੇ ਸਨ, ਕਿਉਂਕਿ ਨਾਮਜ਼ਦਗੀ ਪੱਤਰਾਂ ਦੀ ਛਾਣਬੀਣ ਦੌਰਾਨ ਬਾਕੀ ਦੋ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਹੋ ਗਈਆਂ ਸਨ। ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਹੇਮੰਤ ਖੰਡੇਲਵਾਲ ਨੇ ਪਾਰਟੀ ਵਿਧਾਇਕ ਰਾਮੇਸ਼ਵਰ ਸ਼ਰਮਾ ਦੀ ਮੌਜੂਦਗੀ ਵਿੱਚ ਰਿਟਰਨਿੰਗ ਅਫ਼ਸਰ ਕੋਲੋਂ ਹਰਦੀਪ ਸਿੰਘ ਪੁਰੀ ਦਾ ਜਿੱਤ ਦਾ ਸਰਟੀਫ਼ਿਕੇਟ ਪ੍ਰਾਪਤ ਕੀਤਾ।
ਚੋਣ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਾਗਜ਼ਾਂ ਦੀ ਜਾਂਚ ਦੇ ਅੰਤਿਮ ਦਿਨ ਦੋ ਹੋਰ ਉਮੀਦਵਾਰਾਂ ਕਾਂਟੇ ਸਯੰਨਾ ਅਤੇ ਰਾਜਕੁਮਾਰ ਲੋਹਾਨੀ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦਾ ਸਮਰਥਨ ਪ੍ਰਾਪਤ ਸੀ। ਇਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਤਕਨੀਕੀ ਖਾਮੀਆਂ ਅਤੇ ਲੋੜੀਂਦੇ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਕੀਤੀ ਗਈ।
ਜੇਕਰ ਇਸ ਸੀਟ ‘ਤੇ ਵੋਟਾਂ ਪੈਣ ਦੀ ਨੌਬਤ ਆਉਂਦੀ, ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 12 ਨਵੰਬਰ ਨੂੰ ਮਤਦਾਨ ਕਰਵਾਇਆ ਜਾਣਾ ਸੀ। ਪਰ ਸਾਰੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਹਰਦੀਪ ਸਿੰਘ ਪੁਰੀ ਦੀ ਬਿਨਾਂ ਵਿਰੋਧ ਜਿੱਤ ਦਾ ਰਸਤਾ ਸਾਫ਼ ਹੋ ਗਿਆ, ਜਿਸ ਕਰਕੇ ਵੋਟਾਂ ਪਵਾਉਣ ਦੀ ਲੋੜ ਨਹੀਂ ਪਈ।
ਜ਼ਿਕਰਯੋਗ ਹੈ ਕਿ ਰਾਜ ਸਭਾ ਦੀ ਇਹ ਸੀਟ ਪਿਛਲੇ ਮਹੀਨੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਐਲ. ਮੁਰੂਗਨ ਵੱਲੋਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੀ। ਐਲ. ਮੁਰੂਗਨ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 2 ਅਪ੍ਰੈਲ, 2030 ਤੱਕ ਸੀ। ਹੁਣ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਹਰਦੀਪ ਸਿੰਘ ਪੁਰੀ ਇਸ ਖ਼ਾਲੀ ਸੀਟ ਤੋਂ ਰਾਜ ਸਭਾ ਵਿੱਚ ਪਹੁੰਚੇ ਹਨ ਅਤੇ ਉਹ ਇਸ ਬਾਕੀ ਰਹਿੰਦੇ ਕਾਰਜਕਾਲ ਲਈ ਸੰਸਦ ਦੇ ਉਪਰਲੇ ਸਦਨ ਵਿੱਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਨਗੇ।
ਹਰਦੀਪ ਸਿੰਘ ਪੁਰੀ ਦੀ ਇਸ ਜਿੱਤ ਨਾਲ ਮੱਧ ਪ੍ਰਦੇਸ਼ ਅਤੇ ਕੇਂਦਰੀ ਰਾਜਨੀਤੀ ਵਿੱਚ ਭਾਜਪਾ ਦਾ ਪੱਖ ਹੋਰ ਮਜ਼ਬੂਤ ਹੋਇਆ ਹੈ। ਪਾਰਟੀ ਦੇ ਤਮਾਮ ਵੱਡੇ ਨੇਤਾਵਾਂ ਅਤੇ ਕਾਰਕਰਤਾਵਾਂ ਵੱਲੋਂ ਹਰਦੀਪ ਸਿੰਘ ਪੁਰੀ ਨੂੰ ਰਾਜ ਸਭਾ ਮੈਂਬਰ ਬਣਨ ‘ਤੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਆਪਕ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਤਜਰਬੇ ਦਾ ਲਾਭ ਦੇਸ਼ ਅਤੇ ਰਾਜ ਦੋਵਾਂ ਨੂੰ ਮਿਲੇਗਾ।
















