ਸਾਵਧਾਨ: ਪੰਜਾਬ ‘ਚ ਵਧਦਾ ਤਾਪਮਾਨ ਵਿਗਾੜ ਸਕਦਾ ਕਣਕ ਦਾ ਝਾੜ; PAU ਵੱਲੋਂ ਕਿਸਾਨਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ

On: ਫਰਵਰੀ 23, 2026 5:27 ਬਾਃ ਦੁਃ

 

ਸਾਵਧਾਨ: ਪੰਜਾਬ ‘ਚ ਵਧਦਾ ਤਾਪਮਾਨ ਵਿਗਾੜ ਸਕਦਾ ਕਣਕ ਦਾ ਝਾੜ; PAU ਵੱਲੋਂ ਕਿਸਾਨਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ

ਤਾਪਮਾਨ ਵਿੱਚ ਵਾਧੇ ਦੇ ਮੱਦੇਨਜ਼ਰ ਕਣਕ ਦੀ ਫ਼ਸਲ ਨੂੰ ਸੰਭਾਲਣ ਸਬੰਧੀ ਐਡਵਾਈਜ਼ਰੀ ਜਾਰੀ

ਲੁਧਿਆਣਾ, 23 ਫ਼ਰਵਰੀ 2026 :

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਵਧ ਰਹੇ ਤਾਪਮਾਨ ਨੂੰ ਦੇਖਦਿਆਂ ਕਣਕ ਦੀ ਫ਼ਸਲ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਸੀਜ਼ਨ ਦੌਰਾਨ ਪੰਜਾਬ ਵਿੱਚ ਲਗਭਗ 95 ਫੀਸਦੀ ਰਕਬੇ ‘ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਤੱਕ ਕੀਤੀ ਗਈ ਸੀ, ਜੋ ਕਿ ਢੁੱਕਵਾਂ ਸਮਾਂ ਸੀ, ਪਰ ਹੁਣ ਮੌਸਮੀ ਹਾਲਾਤਾਂ ਬਦਲ ਗਏ ਹਨ।

ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ, ਖਾਸ ਕਰਕੇ ਦਾਣੇ ਪੈਣ ਦੇ ਸਮੇਂ, ਵੱਧ ਤਾਪਮਾਨ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਇਸ ਦੌਰਾਨ ਜੇ ਤਾਪਮਾਨ ਵੱਧ ਜਾਵੇ ਤਾਂ ਦਾਣਿਆਂ ਦਾ ਭਾਰ ਘਟ ਜਾਂਦਾ ਹੈ, ਜਿਸ ਨਾਲ ਝਾੜ੍ਹ ਅਤੇ ਗੁਣਵੱਤਾ ਦੋਵਾਂ ‘ਤੇ ਮਾੜਾ ਅਸਰ ਪੈਂਦਾ ਹੈ।

ਹਲਕੀ ਤੋਂ ਦਰਮਿਆਨੀ ਜ਼ਮੀਨਾਂ ‘ਤੇ ਬੀਜੀ ਅਗੇਤੀ ਕਣਕ ਵਿੱਚ ਇਹ ਪ੍ਰਭਾਵ ਹੋਰ ਵੀ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਕਿਉਂਕਿ ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਦਾਣੇ ਪੂਰੇ ਤੌਰ ‘ਤੇ ਤਿਆਰ ਨਹੀਂ ਹੋ ਸਕਦੇ।

ਡਾ. ਭੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਰਵਰੀ 2026 ਦੇ ਦੂਜੇ ਹਫਤੇ ਦੌਰਾਨ ਤਾਪਮਾਨ ਪਿਛਲੇ ਸਾਲ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ।

ਮੌਜੂਦਾ ਹਾਲਾਤਾਂ ਵਿੱਚ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਫ਼ਸਲ ਨੂੰ ਹਲਕਾ ਪਾਣੀ ਲਗਾਉਣ, ਤਾਂ ਜੋ ਗਰਮੀ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ। ਸਿੰਚਾਈ ਕਰਦਿਆਂ ਹਵਾ ਦੀ ਗਤੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਕਿ ਫ਼ਸਲ ਡਿੱਗਣ ਤੋਂ ਬਚੀ ਰਹੇ।

ਇਸ ਸਬੰਧੀ ਮੁਖੀ ਫ਼ਸਲ ਵਿਗਿਆਨ ਵਿਭਾਗ ਡਾ. ਹਰੀ ਰਾਮ ਨੇ ਕਿਹਾ ਕਿ ਜਿਹੜੀ ਕਣਕ ਅਜੇ ਗੋਭ ਵਾਲੇ ਪੱਤੇ ਦੀ ਅਵਸਥਾ ‘ਚ ਹੈ, ਉਸ ਨੂੰ ਵੱਧ ਤਾਪਮਾਨ ਤੋਂ ਬਚਾਉਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ ਕਰਨੀ ਲਾਭਦਾਇਕ ਰਹੇਗੀ।

ਉਨ੍ਹਾਂ ਸਿਫਾਰਸ਼ ਕੀਤੀ ਕਿ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜੀ ਬੂਰ ਪੈਣ ਸਮੇਂ ਕੀਤੀ ਜਾਵੇ।

ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸਪਰੇਅ ਹਮੇਸ਼ਾਂ ਸ਼ਾਮ ਦੇ ਸਮੇਂ ਕੀਤੀ ਜਾਵੇ ਅਤੇ ਘੋਲ ਦੀ ਮਾਤਰਾ 200 ਲੀਟਰ ਹੀ ਰੱਖੀ ਜਾਵੇ।

ਫ਼ਸਲ ਨੂੰ ਸਮੇਂ-ਸਿਰ ਹਲਕਾ ਪਾਣੀ ਲਗਾਉਣ ਅਤੇ ਸਿਫਾਰਸ਼ੀ ਸਪਰੇਅ ਕਰਨ ਨਾਲ ਉੱਚ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ ਅਤੇ ਝਾੜ੍ਹ ਤੇ ਗੁਣਵੱਤਾ ਕਾਇਮ ਰੱਖੀ ਜਾ ਸਕਦੀ ਹੈ।

 

Join WhatsApp

Join Now

Leave a Comment