ਚੰਡੀਗੜ੍ਹ: ਅਧਿਆਪਕਾ ਨੇ ਵਿਦਿਆਰਥੀ ਨਾਲ ਪਾਈਆਂ ਪਿਆਰ ਦੀਆਂ ਪੀਘਾਂ! ਨਜਾਇਜ਼ ਸੰਬੰਧਾਂ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ!
‘ਮੇਰੇ ਨਾਲ ਜੋ ਹੋਇਆ, ਕਿਸੇ ਨੂੰ ਦੱਸ ਨਹੀਂ ਸਕਦਾ’- ਡਾਇਰੀ ‘ਚ ਦਰਦ ਲਿਖ ਕੇ ਪਤੀ ਨੇ ਦਿੱਤੀ ਜਾਨ, ਪਤਨੀ ਤੇ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ
ਚੰਡੀਗੜ੍ਹ, 29 ਜੁਲਾਈ 2026: ਚੰਡੀਗੜ੍ਹ ਦੇ ਮੌਲੀ ਜਗਰਾਂ ਖੇਤਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 32 ਸਾਲਾ ਟਿਊਸ਼ਨ ਪੜ੍ਹਾਉਣ ਵਾਲੀ ਮਹਿਲਾ ਦੇ ਆਪਣੇ ਹੀ 20 ਸਾਲਾ ਵਿਦਿਆਰਥੀ ਨਾਲ ਨਜਾਇਜ਼ ਸੰਬੰਧਾਂ ਤੋਂ ਤੰਗ ਆ ਕੇ ਉਸ ਦੇ ਪਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਮੋਨੂ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਘਰੋਂ ਮਿਲੀ ਇੱਕ ਡਾਇਰੀ, ਵੀਡੀਓ ਸਬੂਤਾਂ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਤਨੀ ਕੋਮਲ ਅਤੇ ਉਸ ਦੇ ਪ੍ਰੇਮੀ/ਵਿਦਿਆਰਥੀ ਸਨੀ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਮੌਲੀ ਜਗਰਾਂ ਕਲੋਨੀ ਦੇ ਰਹਿਣ ਵਾਲੇ ਮੋਨੂ ਦਾ ਵਿਆਹ ਕੋਮਲ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ 6 ਸਾਲ ਦੀ ਬੇਟੀ ਵੀ ਹੈ। ਕੋਮਲ ਘਰ ਵਿੱਚ ਹੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਇਸੇ ਦੌਰਾਨ 20 ਸਾਲਾ ਨੌਜਵਾਨ ਸਨੀ ਉਸ ਕੋਲ ਪੜ੍ਹਨ ਆਉਣ ਲੱਗਾ। ਟਿਊਸ਼ਨ ਪੜ੍ਹਾਉਂਦਿਆਂ-ਪੜ੍ਹਾਉਂਦਿਆਂ 32 ਸਾਲਾ ਕੋਮਲ ਨੂੰ ਆਪਣੇ ਤੋਂ 12 ਸਾਲ ਛੋਟੇ ਵਿਦਿਆਰਥੀ ਸਨੀ ਨਾਲ ਪਿਆਰ ਹੋ ਗਿਆ।
ਜਦੋਂ ਮੋਨੂ ਨੂੰ ਆਪਣੀ ਪਤਨੀ ਦੇ ਇਸ ਅਫੇਅਰ ਬਾਰੇ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਖੁਦ ਨੂੰ ਪਿਆਰ ਵਿੱਚ ਠੱਗਿਆ ਹੋਇਆ ਮਹਿਸੂਸ ਕੀਤਾ ਅਤੇ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ। ਮੋਨੂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਪਤਨੀ ਕੋਮਲ ਅਤੇ ਵਿਦਿਆਰਥੀ ਸਨੀ ਦੀ ਆਪਸੀ ਚੈਟ ਪੜ ਲਈ ਸੀ। ਚੈਟ ਸਾਹਮਣੇ ਆਉਣ ਤੋਂ ਬਾਅਦ ਘਰ ਵਿੱਚ ਕਾਫ਼ੀ ਝਗੜਾ ਅਤੇ ਬਹਿਸਬਾਜ਼ੀ ਹੋਈ। ਮੋਨੂ ਨੇ ਆਪਣੀ ਪਤਨੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਮਲ ਨੇ ਉਸ ਦੀ ਇੱਕ ਨਾ ਸੁਣੀ ਅਤੇ ਉਹ ਸਨੀ ਨਾਲ ਹੀ ਰਹਿਣ ਦੀ ਜ਼ਿੱਦ ਕਰਦੀ ਰਹੀ। ਇਸ ਤੋਂ ਬਾਅਦ ਕੋਮਲ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਤਨੀ ਦੇ ਪੇਕੇ ਜਾਣ ਤੋਂ ਕੁਝ ਦਿਨ ਪਹਿਲਾਂ ਸਨੀ ਕੁਝ ਹੋਰ ਲੜਕਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆਇਆ ਸੀ। ਉਸ ਨੇ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕੀਤੀ ਅਤੇ ਮੋਨੂ ਨੂੰ ਧਮਕੀ ਦਿੱਤੀ ਕਿ “ਕੋਮਲ ਸਿਰਫ਼ ਮੇਰੀ ਹੈ ਅਤੇ ਮੇਰੀ ਹੀ ਰਹੇਗੀ।” ਇਸ ਘਟਨਾ ਤੋਂ ਬਾਅਦ ਮੋਨੂ ਹੋਰ ਵੀ ਜ਼ਿਆਦਾ ਹੋ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ 7 ਜੁਲਾਈ ਨੂੰ ਮੋਨੂ ਆਪਣੀ 6 ਸਾਲ ਦੀ ਬੇਟੀ ਨੂੰ ਮਿਲਣ ਲਈ ਆਪਣੇ ਸਹੁਰੇ ਘਰ ਗਿਆ ਸੀ। ਉੱਥੋਂ ਵਾਪਸ ਆਉਣ ਤੋਂ ਬਾਅਦ, ਉਸ ਨੇ ਪਰਿਵਾਰ ਵਿੱਚ ਕਿਸੇ ਨੂੰ ਵੀ ਇਹ ਨਹੀਂ ਦੱਸਿਆ ਕਿ ਉਸ ਨਾਲ ਉੱਥੇ ਕੀ ਵਾਪਰਿਆ ਸੀ, ਪਰ ਉਹ ਮਾਨਸਿਕ ਤੌਰ ‘ਤੇ ਕਾਫ਼ੀ ਪ੍ਰੇਸ਼ਾਨ ਸੀ।
ਘਟਨਾ ਤੋਂ ਬਾਅਦ ਪੁਲਿਸ ਨੂੰ ਮੋਨੂ ਦੇ ਘਰੋਂ ਇੱਕ ਡਾਇਰੀ ਬਰਾਮਦ ਹੋਈ ਹੈ, ਜਿਸ ਵਿੱਚ ਮੋਨੂ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਸੀ। ਡਾਇਰੀ ਵਿੱਚ ਲਿਖਿਆ ਸੀ, “7 ਜੁਲਾਈ ਨੂੰ ਜੋ ਮੇਰੇ ਨਾਲ ਹੋਇਆ, ਉਹ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ।” ਪੁਲਿਸ ਨੇ ਇਸ ਡਾਇਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਨੂੰ ਕੇਸ ਵਿੱਚ ਇੱਕ ਮਹੱਤਵਪੂਰਨ ਸਬੂਤ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਘਟਨਾ ਨਾਲ ਜੁੜੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇੱਕ ਵੀਡੀਓ ਵਿੱਚ ਮੋਨੂ ਆਪਣੇ ਭਰਾ ਦੇ ਸਾਹਮਣੇ ਰੋਂਦੇ ਹੋਏ ਆਪਣਾ ਦੁੱਖ ਬਿਆਨ ਕਰ ਰਿਹਾ ਹੈ। ਵੀਡੀਓਜ਼ ਵਿੱਚ ਤਲਾਕ ਸੰਬੰਧੀ ਵੀ ਗੱਲਬਾਤ ਹੁੰਦੀ ਸੁਣਾਈ ਦੇ ਰਹੀ ਹੈ।
ਮ੍ਰਿਤਕ ਮੋਨੂ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਪਤਨੀ ਦੇ ਮਾਇਕੇ ਜਾਣ ਤੋਂ ਬਾਅਦ ਮੋਨੂ ਪੂਰੀ ਤਰ੍ਹਾਂ ਭੰਨਿਆ ਗਿਆ ਸੀ। ਉਹ ਆਪਣੀ 6 ਸਾਲਾ ਧੀ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ, ਪਰ ਸਹੁਰੇ ਪਰਿਵਾਰ ਨੇ ਬੱਚੀ ਨੂੰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੋਨੂ ਨੂੰ ਖਦਸ਼ਾ ਸੀ ਕਿ ਉਸ ਦੀ ਧੀ ਨਾਲ ਕੁਝ ਗਲਤ ਹੋ ਸਕਦਾ ਹੈ। ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਕੋਮਲ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੇ ਬੱਚੀ ਦੇਣ ਤੋਂ ਨਾਂਹ ਕਰ ਦਿੱਤੀ ਸੀ।
ਚੰਡੀਗੜ੍ਹ ਪੁਲਿਸ ਨੇ ਡਾਇਰੀ, ਵੀਡੀਓ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕੋਮਲ ਅਤੇ ਉਸ ਦੇ ਪ੍ਰੇਮੀ ਸਨੀ ਦੇ ਖਿਲਾਫ ਆਤਮਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਦਾ ਪਤਾ ਲਗਾਇਆ ਜਾ ਸਕੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
















