Earthquake Breaking: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ! 7.4 ਤੀਬਰਤਾ ਦਰਜ- ਸੁਨਾਮੀ ਦਾ ਅਲਰਟ ਜਾਰੀ

On: ਅਪ੍ਰੈਲ 20, 2026 2:41 ਬਾਃ ਦੁਃ

 

Earthquake Breaking: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ! 7.4 ਤੀਬਰਤਾ ਦਰਜ- ਸੁਨਾਮੀ ਦਾ ਅਲਰਟ ਜਾਰੀ

ਟੋਕੀਓ ਤੱਕ ਮਹਿਸੂਸ ਕੀਤੇ ਗਏ ਝਟਕੇ, ਤੁਰੰਤ ਖਾਲੀ ਕਰਨ ਦੇ ਹੁਕਮ

ਸਰਕਾਰ ਵੱਲੋਂ ‘ਕ੍ਰਾਈਸਿਸ ਮੈਨੇਜਮੈਂਟ ਟੀਮ’ ਦਾ ਗਠਨ

ਟੋਕੀਓ, 20 ਅਪ੍ਰੈਲ 2026- ਉੱਤਰੀ ਜਪਾਨ ਵਿੱਚ ਸੋਮਵਾਰ ਨੂੰ 7.4 ਤੀਬਰਤਾ ਦਾ ਇੱਕ ਭਿਆਨਕ ਭੂਚਾਲ ਆਇਆ, ਜਿਸ ਤੋਂ ਬਾਅਦ ਜਪਾਨ ਦੀ ਮੌਸਮ ਵਿਗਿਆਨ ਏਜੰਸੀ (JMA) ਨੇ ਤਿੰਨ ਮੀਟਰ (10 ਫੁੱਟ) ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਪ੍ਰਸ਼ਾਸਨ ਨੇ ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਹੁਕਮ ਦਿੱਤੇ ਹਨ।

ਮੌਸਮ ਵਿਭਾਗ ਅਨੁਸਾਰ, ਭੂਚਾਲ ਸ਼ਾਮ 4:53 ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ 07:53 ਵਜੇ) ਉੱਤਰੀ ਇਵਾਤੇ (Iwate) ਸੂਬੇ ਦੇ ਤੱਟ ਨੇੜੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਇਆ।

ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਸੈਂਕੜੇ ਕਿਲੋਮੀਟਰ ਦੂਰ ਰਾਜਧਾਨੀ ਟੋਕੀਓ ਦੀਆਂ ਵੱਡੀਆਂ ਇਮਾਰਤਾਂ ਵੀ ਹਿੱਲ ਗਈਆਂ।

ਮੌਸਮ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਸੁਨਾਮੀ ਦੀਆਂ ਲਹਿਰਾਂ ਕਿਸੇ ਵੀ ਸਮੇਂ ਉੱਤਰੀ ਤੱਟ ਨਾਲ ਟਕਰਾ ਸਕਦੀਆਂ ਹਨ।

ਏਜੰਸੀ ਨੇ ਕਿਹਾ, “ਤੱਟਵਰਤੀ ਅਤੇ ਨਦੀਆਂ ਦੇ ਕਿਨਾਰਿਆਂ ਵਾਲੇ ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ਜਾਂ ਸੁਰੱਖਿਅਤ ਇਮਾਰਤਾਂ ਵਿੱਚ ਚਲੇ ਜਾਣ ਲਈ ਕਿਹਾ ਹੈ।

ਸੁਨਾਮੀ ਦੀਆਂ ਲਹਿਰਾਂ ਵਾਰ-ਵਾਰ ਟਕਰਾ ਸਕਦੀਆਂ ਹਨ, ਇਸ ਲਈ ਜਦੋਂ ਤੱਕ ਚੇਤਾਵਨੀ ਵਾਪਸ ਨਹੀਂ ਲਈ ਜਾਂਦੀ, ਸੁਰੱਖਿਅਤ ਥਾਵਾਂ ਨੂੰ ਨਾ ਛੱਡੋ।”

ਪ੍ਰਧਾਨ ਮੰਤਰੀ ਦਫ਼ਤਰ ਨੇ ਸਥਿਤੀ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਸੰਕਟ ਪ੍ਰਬੰਧਨ ਟੀਮ ਤਾਇਨਾਤ ਕੀਤੀ ਹੈ। ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਪ੍ਰਭਾਵਿਤ ਖੇਤਰਾਂ ਦੇ ਲੋਕ ਕਿਰਪਾ ਕਰਕੇ ਉੱਚੀਆਂ ਅਤੇ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।”

ਉਨ੍ਹਾਂ ਦੱਸਿਆ ਕਿ ਸਰਕਾਰ ਜਾਨੀ-ਮਾਲੀ ਨੁਕਸਾਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਜਪਾਨ

ਜਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ। ਚਾਰ ਮੁੱਖ ਟੈਕਟੋਨਿਕ ਪਲੇਟਾਂ ਦੇ ਉੱਪਰ ਸਥਿਤ ਹੋਣ ਕਾਰਨ ਇੱਥੇ ਹਰ ਸਾਲ ਲਗਭਗ 1,500 ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਦੁਨੀਆ ਦੇ ਕੁੱਲ ਭੂਚਾਲਾਂ ਦਾ 18 ਫੀਸਦੀ ਹਿੱਸਾ ਇਕੱਲੇ ਜਪਾਨ ਵਿੱਚ ਹੀ ਆਉਂਦਾ ਹੈ।

ਦੱਸਦੇ ਚੱਲੀਏ ਕਿ ਜਪਾਨ ਅਜੇ ਵੀ 2011 ਦੇ ਉਸ ਭਿਆਨਕ 9.0 ਤੀਬਰਤਾ ਦੇ ਭੂਚਾਲ ਨੂੰ ਨਹੀਂ ਭੁੱਲਿਆ ਹੈ, ਜਿਸ ਕਾਰਨ ਆਈ ਸੁਨਾਮੀ ਨੇ 18,500 ਲੋਕਾਂ ਦੀ ਜਾਨ ਲੈ ਲਈ ਸੀ ਅਤੇ ਫੁਕੂਸ਼ੀਮਾ ਪ੍ਰਮਾਣੂ ਪਲਾਂਟ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।

ਹਾਲ ਹੀ ਵਿੱਚ ਦਸੰਬਰ 2025 ਵਿੱਚ ਵੀ ਇੱਕ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।

ਮਾਹਿਰਾਂ ਨੇ ‘ਨਾਨਕਾਈ ਟ੍ਰਫ’ (Nankai Trough) ਵਿੱਚ ਇੱਕ ਵੱਡੇ ਭੂਚਾਲ (Megaquake) ਦੀ ਭਵਿੱਖਬਾਣੀ ਕੀਤੀ ਹੋਈ ਹੈ, ਜਿਸ ਵਿੱਚ ਲਗਭਗ 3 ਲੱਖ ਲੋਕਾਂ ਦੀ ਜਾਨ ਜਾਣ ਦਾ ਖ਼ਦਸ਼ਾ ਜਤਾਇਆ ਗਿਆ ਹੈ।

ਫਿਲਹਾਲ, ਇਵਾਤੇ ਦੇ ਬੰਦਰਗਾਹਾਂ ‘ਤੇ ਰਾਸ਼ਟਰੀ ਪ੍ਰਸਾਰਕ NHK ਦੀਆਂ ਤਸਵੀਰਾਂ ਵਿੱਚ ਕਿਸੇ ਵੱਡੇ ਨੁਕਸਾਨ ਦੇ ਸੰਕੇਤ ਨਹੀਂ ਮਿਲੇ ਹਨ, ਪਰ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ।

 

Join WhatsApp

Join Now

Leave a Comment