AAP ਸਾਂਸਦ ਅਸ਼ੋਕ ਮਿੱਤਲ ‘ਤੇ ED ਦੀ ਕਾਰਵਾਈ ਮੁੱਖ ਮੰਤਰੀ ਮਾਨ ਅਤੇ ਸੰਜੇ ਸਿੰਘ ਨੇ ਭਾਜਪਾ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਜਲੰਧਰ/ਚੰਡੀਗੜ੍ਹ, 15 ਅਪ੍ਰੈਲ 2026:
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਹੋਈ ਈਡੀ (ED) ਦੀ ਛਾਪੇਮਾਰੀ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਇਸ ਕਾਰਵਾਈ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਂਸਦ ਸੰਜੇ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਪ੍ਰਤੀਕਿਰਿਆ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਛਾਪੇਮਾਰੀ ਨੂੰ ਸਿਰਫ਼ ਇੱਕ ‘ਰਾਜਨੀਤਿਕ ਕਾਰਵਾਈ’ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਪੋਸਟ ਕਰਦਿਆਂ ਉਨ੍ਹਾਂ ਲਿਖਿਆ, “ਅਸੀਂ ਉਹ ਪੱਤੇ ਨਹੀਂ ਜੋ ਸ਼ਾਖ ਤੋਂ ਟੁੱਟ ਕੇ ਗਿਰ ਜਾਣਗੇ, ਆਂਧੀਆਂ ਨੂੰ ਕਹਿ ਦਿਓ ਆਪਣੀ ਔਕਾਤ ਵਿੱਚ ਰਹਿਣ।” ਮਾਨ ਨੇ ਅੱਗੇ ਕਿਹਾ ਕਿ ਭਾਜਪਾ ਨੇ ਪੰਜਾਬ ਚੋਣਾਂ ਦੀ ਤਿਆਰੀ ਵਜੋਂ ਇਹ ਕਾਰਵਾਈ ਸ਼ੁਰੂ ਕੀਤੀ ਹੈ, ਕਿਉਂਕਿ ਉਹ ਸਿਆਸੀ ਤੌਰ ‘ਤੇ ਮੁਕਾਬਲਾ ਕਰਨ ਵਿੱਚ ਅਸਮਰੱਥ ਹੈ।
ਸੰਜੇ ਸਿੰਘ ਨੇ ਭਾਜਪਾ ਨੂੰ ਘੇਰਿਆ
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਭਾਜਪਾ ਆਪਣੀਆਂ ਏਜੰਸੀਆਂ ਨੂੰ ਪਹਿਲਾਂ ਭੇਜ ਦਿੰਦੀ ਹੈ। ਉਨ੍ਹਾਂ ਕਿਹਾ, “ਅਸ਼ੋਕ ਮਿੱਤਲ ਦੇ ਘਰ ਛਾਪੇਮਾਰੀ ਪੰਜਾਬ ਚੋਣਾਂ ਤੋਂ ਪਹਿਲਾਂ ਦੀ ਇੱਕ ਸ਼ੁਰੂਆਤ ਹੈ।” “ਇਸ ਖੇਡ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ, ਪੰਜਾਬ ਵਿੱਚ ਭਾਜਪਾ ਬੁਰੀ ਤਰ੍ਹਾਂ ਹਾਰੇਗੀ।”
ਸੂਤਰਾਂ ਅਨੁਸਾਰ, ਇਹ ਕਾਰਵਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਫੰਡਾਂ ਵਿੱਚ ਕਥਿਤ ਹੇਰਾਫੇਰੀ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਈਡੀ ਦੀਆਂ ਟੀਮਾਂ ਦਸਤਾਵੇਜ਼ਾਂ, ਵਿੱਤੀ ਲੈਣ-ਦੇਣ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਫੰਡਾਂ ਦੇ ਪ੍ਰਵਾਹ ਅਤੇ ਸੰਭਾਵੀ ਬੇਨਿਯਮੀਆਂ ਦਾ ਪਤਾ ਲਗਾਇਆ ਜਾ ਸਕੇ।
ਕੌਣ ਹਨ ਅਸ਼ੋਕ ਮਿੱਤਲ?
ਅਸ਼ੋਕ ਮਿੱਤਲ ਦਾ ਸਫ਼ਰ ‘ਲਵਲੀ ਸਵੀਟਸ’ ਤੋਂ ਸ਼ੁਰੂ ਹੋ ਕੇ ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਬਣਨ ਤੱਕ ਦਾ ਹੈ। ਜਲੰਧਰ ਵਿੱਚ ਜਨਮੇ ਅਸ਼ੋਕ ਮਿੱਤਲ ਦੇ ਪਿਤਾ ਨੇ ਮਿਠਾਈ ਦੀ ਇੱਕ ਛੋਟੀ ਦੁਕਾਨ ਤੋਂ ਸ਼ੁਰੂਆਤ ਕੀਤੀ ਸੀ, ਜਿਸ ਨੂੰ ਮਿੱਤਲ ਭਰਾਵਾਂ ਨੇ ਪੂਰੇ ਦੇਸ਼ ਵਿੱਚ ਮਸ਼ਹੂਰ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਅਸ਼ੋਕ ਮਿੱਤਲ ਨੇ 2005 ਵਿੱਚ LPU ਦੀ ਸਥਾਪਨਾ ਕੀਤੀ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਦੀ ਜਗ੍ਹਾ ਉਨ੍ਹਾਂ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਨਿਯੁਕਤ ਕੀਤਾ ਸੀ।






