ਸਿੱਖਿਆ ਵਿਭਾਗ ਵਲੋਂ 2 ਸਕੂਲ ਅਧਿਆਪਕਾਵਾਂ ਸਸਪੈਂਡ; ਪੜ੍ਹੋ ਪੂਰਾ ਮਾਮਲਾ
ਤੀਜੀ ਜਮਾਤ ਦੇ ਵਿਦਿਆਰਥੀ ਨੇ ਛੋਟੀ ਬੱਚੀ ‘ਤੇ ਕੀਤਾ ਜਾਨਲੇਵਾ ਹਮਲਾ; ਸਕੂਲ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ
ਸਕੂਲ ਦੀ ਸੁਰੱਖਿਆ ‘ਤੇ ਉੱਠੇ ਗੰਭੀਰ ਸਵਾਲ: CCTV ਕੈਮਰਿਆਂ ਦੇ ਹੁੰਦਿਆਂ ਬੱਚੀ ਨਾਲ ਵਾਪਰੀ ਖੌਫ਼ਨਾਕ ਘਟਨਾ, ਦੋ ਜੇ.ਬੀ.ਟੀ. ਅਧਿਆਪਕਾਵਾਂ ‘ਤੇ ਡਿੱਗੀ ਗਾਜ
ਬੱਚੀ ‘ਤੇ ਪੱਥਰ ਤੇ ਗਮਲੇ ਨਾਲ ਹਮਲਾ ਕਰਕੇ ਕੀਤਾ ਬੇਹੋਸ਼, ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਮੰਗੀ ਰਿਪੋਰਟ
ਚੰਡੀਗੜ੍ਹ/ਪੰਚਕੂਲਾ, 1 ਨਵੰਬਰ 2026- ਹਰਿਆਣਾ ਦੇ ਪੰਚਕੂਲਾ ਸਥਿਤ ਇੱਕ ਸਰਕਾਰੀ ਸਕੂਲ ਵਿੱਚ ਛੇ ਸਾਲਾ ਮਾਸੂਮ ਬੱਚੀ ਨਾਲ ਹੋਈ ਕਥਿਤ ਗੰਭੀਰ ਕੁੱਟਮਾਰ ਅਤੇ ਜਾਨਲੇਵਾ ਹਮਲੇ ਦੇ ਮਾਮਲੇ ਨੇ ਪੂਰੇ ਪ੍ਰਸ਼ਾਸਨ ਅਤੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਰਿਆਣਾ ਸਿੱਖਿਆ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਵਿੱਚ ਤਾਇਨਾਤ ਦੋ ਜੂਨੀਅਰ ਬੇਸਿਕ ਟ੍ਰੇਨਿੰਗ (ਜੇ.ਬੀ.ਟੀ.) ਅਧਿਆਪਕਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।
ਸਸਪੈਂਡ ਕੀਤੀਆਂ ਗਈਆਂ ਅਧਿਆਪਕਾਵਾਂ ਦੀ ਪਛਾਣ ਸਿਮਰਨਜੀਤ ਕੌਰ ਅਤੇ ਪੂਜਾ ਰਾਣੀ ਵਜੋਂ ਹੋਈ ਹੈ। ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀ ਵਲੋਂ ਇਹ ਕਾਰਵਾਈ ਸਕੂਲ ਪ੍ਰਬੰਧਨ ਵਿੱਚ ਹੋਈ ਵੱਡੀ ਲਾਪਰਵਾਹੀ ਦੇ ਮੱਦੇਨਜ਼ਰ ਅਮਲ ਵਿੱਚ ਲਿਆਂਦੀ ਗਈ ਹੈ। ਇਸ ਦੌਰਾਨ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (HSCPCR) ਨੇ ਵੀ ਇਸ ਖ਼ੌਫ਼ਨਾਕ ਘਟਨਾ ਦਾ ਖੁਦ ਨੋਟਿਸ ਲਿਆ ਹੈ।
ਕਮਿਸ਼ਨ ਨੇ ਮਾਮਲੇ ਨੂੰ ਬੇਹੱਦ ਸੰਵੇਦਨਸ਼ੀਲ ਮੰਨਦਿਆਂ ਪੰਚਕੂਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਹੁਣ ਤੱਕ ਦੀ ਕਾਰਵਾਈ ਬਾਰੇ ਇੱਕ ਵਿਸਥਾਰਤ, ਨੁਕਤਾ-ਵਾਰ ਤੱਥਾਂ ‘ਤੇ ਆਧਾਰਿਤ ਰਿਪੋਰਟ ਜਲਦ ਤੋਂ ਜਲਦ ਪੇਸ਼ ਕਰਨ।
ਝੂਠ ਬੋਲ ਕੇ ਪਹਿਲੀ ਮੰਜ਼ਿਲ ‘ਤੇ ਲੈ ਗਿਆ ਦੋਸ਼ੀ ਵਿਦਿਆਰਥੀ
ਮਿਲੀ ਜਾਣਕਾਰੀ ਮੁਤਾਬਕ ਇਹ ਖ਼ੌਫ਼ਨਾਕ ਘਟਨਾ ਸਕੂਲ ਦੇ ਅੰਦਰ ਹੀ ਵਾਪਰੀ, ਜਿੱਥੇ ਤੀਜੀ ਜਮਾਤ ਦੇ ਇੱਕ ਵਿਦਿਆਰਥੀ ਨੇ ਛੋਟੀ ਜਮਾਤ ਵਿੱਚ ਪੜ੍ਹਦੀ ਛੇ ਸਾਲਾ ਬੱਚੀ ‘ਤੇ ਕਥਿਤ ਤੌਰ ‘ਤੇ ਰੂਹ ਕੰਬਾਊ ਹਮਲਾ ਕਰ ਦਿੱਤਾ। ਪੀੜਤ ਬੱਚੀ ਦੇ ਪਰਿਵਾਰ ਨੇ ਦੱਸਿਆ ਕਿ ਤੀਜੀ ਜਮਾਤ ਦੇ ਵਿਦਿਆਰਥੀ ਨੇ ਬੱਚੀ ਨੂੰ ਇਹ ਝੂਠਾ ਬਹਾਨਾ ਬਣਾ ਕੇ ਸਕੂਲ ਦੀ ਪਹਿਲੀ ਮੰਜ਼ਿਲ ‘ਤੇ ਬੁਲਾਇਆ ਕਿ ਉਸ ਦੇ ਪਿਤਾ ਉਸ ਨੂੰ ਮਿਲਣ ਲਈ ਆਏ ਹਨ। ਜਦੋਂ ਮਾਸੂਮ ਬੱਚੀ ਉੱਪਰ ਗਈ ਤਾਂ ਉੱਥੇ ਉਸ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ, ਦੋਸ਼ੀ ਬੱਚੇ ਨੇ ਪਹਿਲਾਂ ਮਾਸੂਮ ਛੋਟੀ ਬੱਚੀ ‘ਤੇ ਪੱਥਰ ਨਾਲ ਵਾਰ ਕੀਤਾ ਅਤੇ ਉਸ ਤੋਂ ਬਾਅਦ ਇੱਕ ਗਮਲੇ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਸ ਨੂੰ ਕਾਫ਼ੀ ਦੂਰ ਤੱਕ ਘਸੀਟਿਆ ਵੀ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਕੁੱਟਮਾਰ ਕਰਨ ਵਾਲੇ ਤੀਜੀ ਜਮਾਤ ਦੇ ਵਿਦਿਆਰਥੀ ਨੇ ਹੀ ਖ਼ੁਦ ਪਰਿਵਾਰ ਨੂੰ ਉਸ ਜ਼ਖ਼ਮੀ ਅਤੇ ਬੇਹੋਸ਼ ਬੱਚੀ ਤੱਕ ਪਹੁੰਚਾਇਆ।
ਸਕੂਲ ਦੀ ਸੁਰੱਖਿਆ ਅਤੇ CCTV ‘ਤੇ ਉੱਠੇ ਗੰਭੀਰ ਸਵਾਲ
ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਸਕੂਲ ਦੀ ਸੁਰੱਖਿਆ ਵਿਵਸਥਾ ‘ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਪ੍ਰਿੰਸੀਪਲ ਦੇ ਦਫ਼ਤਰ ਤੋਂ ਪੂਰੇ ਸਕੂਲ ਦੀ ਸੀ.ਸੀ.ਟੀ.ਵੀ. (CCTV) ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਂਦੀ ਹੈ, ਤਾਂ ਫਿਰ ਇਹ ਪੂਰੀ ਘਟਨਾ ਕਿਸੇ ਦੇ ਵੀ ਧਿਆਨ ਵਿੱਚ ਕਿਉਂ ਨਹੀਂ ਆਈ? ਸਕੂਲ ਵਿੱਚ ਮੌਜੂਦ ਸਟਾਫ਼ ਅਤੇ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਨੇ ਬੱਚਿਆਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਅਦਿਤੀ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਸਕੂਲ ਪ੍ਰਬੰਧਕਾਂ ਦੀ ਕਥਿਤ ਲਾਪਰਵਾਹੀ ਦੇ ਸਬੰਧ ਵਿੱਚ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਅਤੇ ਭਾਰਤੀ ਨਿਆਇਕ ਸੰਹਿਤਾ (BNS) ਦੀਆਂ ਢੁਕਵੀਆਂ ਧਾਰਾਵਾਂ ਤਹਿਤ ਪੁਲਿਸ ਵੱਲੋਂ ਐੱਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਅੱਗੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
















