ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੀਐੱਸਪੀਸੀਐੱਲ ਦੇ ਐੱਸ.ਈ. ਦਫ਼ਤਰ ਅੱਗੇ ਧਰਨਾ
ਫਿਰੋਜ਼ਪੁਰ 14 ਸਤੰਬਰ 2026- ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ- ਜਿਨ੍ਹਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀ.ਕੇ.ਯੂ. ਪੰਜਾਬ, ਬੀ.ਕੇ.ਯੂ. ਸਿੱਧੂਪੁਰ, ਬੀ.ਕੇ.ਯੂ. ਰਾਜੇਵਾਲ, ਬੀ.ਕੇ.ਯੂ. ਕਾਦੀਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ, ਕੁੱਲਹਿੰਦ ਕਿਸਾਨ ਸਭਾ, ਬੀ.ਕੇ.ਯੂ. ਡਕੌਂਦਾ ਧਨੇਰ ਵੱਲੋ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਤ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਐੱਸ.ਈ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਸਰਕਾਰ ਅਤੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਹੈ। ਪਰ ਪੂਰੇ ਪੰਜਾਬ ਵਿੱਚ ਬਿਜਲੀ ਸਪਲਾਈ ਬਿਲਕੁਲ ਗੁੱਲ ਵਾਂਗ ਹੈ, ਜਿਸ ਨਾਲ ਪੱਕਣ ਸਿਰੇ ਪਹੁੰਚੀ ਝੋਨੇ ਦੀ ਫਸਲ ਲਈ ਗੰਭੀਰ ਸਮੱਸਿਆ ਖੜੀ ਹੋ ਗਈ ਹੈ।
ਕਿਸਾਨਾਂ ਨੇ ਕਿਹਾ ਕਿ ਹੁਣ ਫਸਲ ਨੂੰ ਪਾਣੀ ਦੀ ਜ਼ਿਆਦਾ ਜਰੂਰਤ ਹੈ ਅਤੇ ਕਿਸਾਨ ਮਹਿੰਗੇ ਭਾਅ ਦੇ ਡੀਜਲ ਦੀ ਵਰਤੋਂ ਨਹੀਂ ਕਰ ਸਕਦੇ। ਇਸ ਕਰਕੇ ਵੱਡੀਆਂ ਸਮੱਸਿਆਵਾਂ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਫੀਡਰਾਂ ਦੀ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ, ਖਰਾਬ ਟਰਾਂਸਫਾਰਮਰਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ।
ਧਰਨੇ ਦੌਰਾਨ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਮਹਿਮਾਂ, ਹਰਦੀਪ ਸਿੰਘ ਕਰਮੂਵਾਲਾ, ਗੁਰਮੇਲ ਸਿੰਘ, ਗੁਰਮੀਤ ਸਿੰਘ ਘੋੜੇਚੱਕ, ਮਨਮੋਹਨ ਸਿੰਘ ਕੌੜਾ, ਗੁਰਮੀਤ ਸਿੰਘ ਪੋਜੋਕੇ, ਗੁਰਦਿੱਤ ਸਿੰਘ ਸਿੱਧੂ, ਗੁਲਜ਼ਾਰ ਸਿੰਘ ਕੱਬਰਵੱਛਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
















