ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੀ ਸਿਹਤ ਵਿਗੜੀ, ਹਸਪਤਾਲ ਦਾਖ਼ਲ

On: ਜੂਨ 25, 2026 8:36 ਪੂਃ ਦੁਃ

 

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੀ ਸਿਹਤ ਵਿਗੜੀ, ਹਸਪਤਾਲ ਦਾਖ਼ਲ

ਜਲੰਧਰ ‘ਚ ਸਮਾਗਮ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਚਾਨਕ ਹੋਏ ਬੇਹੋਸ਼; ਹਸਪਤਾਲ ਕਰਵਾਇਆ ਦਾਖ਼ਲ-

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਪ੍ਰੋਗਰਾਮ ਦੌਰਾਨ ਵਾਪਰੀ ਘਟਨਾ; ਹਸਪਤਾਲ ‘ਚ ਇਲਾਜ ਜਾਰੀ- ਕੱਲ੍ਹ ਤੋਂ ਚੱਲ ਰਿਹਾ ਸੀ ਬੁਖਾਰ; ਸੋਡੀਅਮ ਘਟਣ ਅਤੇ ਬਲੱਡ ਪ੍ਰੈਸ਼ਰ ਲੋਅ ਹੋਣ ਕਾਰਨ ਆਇਆ ਚੱਕਰ

ਜਲੰਧਰ, 25 ਜੂਨ 2026-

ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਅਚਾਨਕ ਬਿਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿੱਚ ਇੱਕ ਸਰਕਾਰੀ ਸਮਾਗਮ ਦੌਰਾਨ ਮਨੋਰੰਜਨ ਕਾਲੀਆ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ, ਜਿਸ ਕਾਰਨ ਮੌਕੇ ‘ਤੇ ਮੌਜੂਦ ਆਗੂਆਂ ਅਤੇ ਵਰਕਰਾਂ ਵਿੱਚ ਹੜਕੰਪ ਮਚ ਗਿਆ। ਉਹ ਇੱਥੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਰੋਡ ਓਵਰ ਬ੍ਰਿਜ (ROB) ਦੇ ਕੀਤੇ ਜਾਣ ਵਾਲੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।

ਜਿਵੇਂ ਹੀ ਸਮਾਗਮ ਦੌਰਾਨ ਮਨੋਰੰਜਨ ਕਾਲੀਆ ਚੱਕਰ ਆਉਣ ਕਾਰਨ ਹੇਠਾਂ ਡਿੱਗੇ, ਤਾਂ ਮੌਕੇ ‘ਤੇ ਮੁਸਤੈਦ ਸੁਰੱਖਿਆ ਕਰਮਚਾਰੀਆਂ ਅਤੇ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਤੁਰੰਤ ਸੰਭਾਲਿਆ। ਉਨ੍ਹਾਂ ਨੂੰ ਬਿਨਾਂ ਸਮਾਂ ਗਵਾਏ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਕਾਲੀਆ ਨੂੰ ਬੀਤੇ ਕੱਲ੍ਹ ਤੋਂ ਬੁਖਾਰ ਸੀ, ਪਰ ਕੇਂਦਰੀ ਮੰਤਰੀ ਦਾ ਪ੍ਰੋਗਰਾਮ ਹੋਣ ਕਾਰਨ ਉਹ ਪਾਰਟੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੋਰਨਾਂ ਆਗੂਆਂ ਨਾਲ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ।

ਡਾਕਟਰਾਂ ਮੁਤਾਬਕ ਕੇਂਦਰੀ ਰਾਜ ਮੰਤਰੀ ਦੀ ਉਡੀਕ ਕਰਦੇ ਸਮੇਂ ਗਰਮੀ ਅਤੇ ਕਮਜ਼ੋਰੀ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਸੋਡੀਅਮ ਦਾ ਪੱਧਰ ਕਾਫੀ ਘੱਟ ਗਿਆ, ਜਿਸ ਕਰਕੇ ਬਲੱਡ ਪ੍ਰੈਸ਼ਰ (BP) ਲੋਅ ਹੋ ਗਿਆ ਅਤੇ ਉਨ੍ਹਾਂ ਨੂੰ ਬੇਹੋਸ਼ੀ ਆ ਗਈ। ਫਿਲਹਾਲ ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਰੱਖਿਆ ਗਿਆ ਹੈ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਪੰਜਾਬ ਭਾਜਪਾ ਦੇ ਸਭ ਤੋਂ ਤਜਰਬੇਕਾਰ ਅਤੇ ਪ੍ਰਮੁੱਖ ਹਿੰਦੂ ਚਿਹਰੇ ਹਨ ਕਾਲੀਆ

ਜ਼ਿਕਰਯੋਗ ਹੈ ਕਿ ਮਨੋਰੰਜਨ ਕਾਲੀਆ ਨੂੰ ਪੰਜਾਬ ਭਾਜਪਾ ਦੇ ਸਭ ਤੋਂ ਤਜਰਬੇਕਾਰ, ਸੂਝਵਾਨ ਅਤੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਜਲੰਧਰ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਅਤੇ ਪਾਰਟੀ ਦੇ ਸੰਗਠਨ ਤੋਂ ਲੈ ਕੇ ਚੋਣ ਰਣਨੀਤੀਆਂ ਤੱਕ ਉਨ੍ਹਾਂ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ।

ਕਾਲੀਆ, ਜਲੰਧਰ ਸੈਂਟਰਲ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਰਗੇ ਵੱਕਾਰੀ ਅਹੁਦਿਆਂ ‘ਤੇ ਸੇਵਾਵਾਂ ਨਿਭਾ ਚੁੱਕੇ ਹਨ। ਸ਼ਹਿਰੀ ਆਬਾਦੀ, ਵਪਾਰਕ ਵਰਗ ਅਤੇ ਰਵਾਇਤੀ ਭਾਜਪਾ ਵੋਟਰਾਂ ਵਿੱਚ ਉਨ੍ਹਾਂ ਦੀ ਪਕੜ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ।

 

Join WhatsApp

Join Now

Leave a Comment