ਪਿਆਰ ‘ਚ ਧੋਖਾ ਮਿਲਣ ਤੇ ਕੁੜੀ ਨੇ ਕੀਤੀ ਖੁਦਕੁਸ਼ੀ; ਵਿਆਹ ਦਾ ਝਾਂਸਾ ਦੇ ਕੇ ਸ਼ੋਸ਼ਣ ਕਰਨ ਵਾਲੇ ਮੁਲਜ਼ਮ ਖ਼ਿਲਾਫ਼ FIR ਦਰਜ
ਗੁਰਦੁਆਰੇ ਜਾਣ ਦਾ ਕਹਿ ਕੇ ਨਿਕਲੀ ਸੀ ਘਰੋਂ- ਮਾਂ ਨੇ ਕੀਤਾ ਵੱਡਾ ਖੁਲਾਸਾ
ਮਾਨਸਿਕ ਪਰੇਸ਼ਾਨੀ ਬਣੀ ਮੌਤ ਦਾ ਕਾਰਨ- ਪੀੜਤ ਪਰਿਵਾਰ
ਥਾਣਾ ਡੇਹਲੋਂ ਦੀ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
ਲੁਧਿਆਣਾ, 16 ਅਪ੍ਰੈਲ 2026:
ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੀ ਇੱਕ 24 ਸਾਲਾ ਮੁਟਿਆਰ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਬੇਅੰਤ ਕੌਰ ਵਜੋਂ ਹੋਈ ਹੈ।
ਦੋਸ਼ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਕੀਤੇ ਜਾ ਰਹੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਤੋਂ ਤੰਗ ਆ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।
ਮ੍ਰਿਤਕਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਬੇਟੀ 12 ਅਪ੍ਰੈਲ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਹੈ।
ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਾ ਆਈ ਤਾਂ ਪਰਿਵਾਰ ਨੇ ਉਸ ਦੇ ਮੋਬਾਈਲ ‘ਤੇ ਫ਼ੋਨ ਕੀਤਾ। ਫ਼ੋਨ ਕਿਸੇ ਅਣਪਛਾਤੇ ਵਿਅਕਤੀ ਨੇ ਚੁੱਕਿਆ ਅਤੇ ਦੱਸਿਆ ਕਿ ਪਿੰਡ ਘਵੱਡੀ ਨੇੜੇ ਇੱਕ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਜਦੋਂ ਪਿਤਾ ਮੌਕੇ ‘ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਦੀ ਧੀ ਦੀ ਲਾਸ਼ ਪਈ ਸੀ।
ਧੀ ਦੀ ਮੌਤ ਤੋਂ ਬਾਅਦ ਮਾਂ ਨੇ ਪਰਿਵਾਰ ਨੂੰ ਦੱਸਿਆ ਕਿ ਜੀਤ ਨਾਮ ਦਾ ਨੌਜਵਾਨ ਉਸ ਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ। ਮੁਲਜ਼ਮ ਨੇ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ ਅਤੇ ਲਗਾਤਾਰ ਉਸ ਦਾ ਸ਼ੋਸ਼ਣ ਕਰ ਰਿਹਾ ਸੀ।
ਪੀੜਤ ਪਰਿਵਾਰ ਅਨੁਸਾਰ ਜੀਤ ਲੜਕੀ ਨੂੰ ਮਾਨਸਿਕ ਤੌਰ ‘ਤੇ ਇੰਨਾ ਪਰੇਸ਼ਾਨ ਕਰ ਰਿਹਾ ਸੀ ਕਿ ਉਹ ਡੂੰਘੇ ਤਣਾਅ ਵਿੱਚ ਰਹਿਣ ਲੱਗ ਪਈ ਸੀ। ਇਸੇ ਧੋਖੇ ਅਤੇ ਦਬਾਅ ਕਾਰਨ ਉਸ ਨੇ ਮੌਤ ਨੂੰ ਗਲੇ ਲਗਾ ਲਿਆ।
ਥਾਣਾ ਡੇਹਲੋਂ ਦੀ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






