Punjab ‘ਚ ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਨਾਮਾ; ਮਾਂ ਨੇ 3 ਮਾਸੂਮ ਬੱਚਿਆਂ ਨੂੰ ਨਹਿਰ ‘ਚ ਸੁੱਟ ਕੇ ਖ਼ੁਦ ਮਾਰੀ ਛਾਲ; ਬੱਚਿਆਂ ਦੀ ਮੌਤ- ਮਹਿਲਾ ਜ਼ਿੰਦਾ ਬਚੀ
ਮੋਹਾਲੀ ਦੇ ਮਟੌਰ ਦੀ ਰਹਿਣ ਵਾਲੀ ਸ਼ਕੁੰਤਲਾ ਉਰਫ਼ ਸੁਮਨ ਨੇ ਉਜਾੜਿਆ ਆਪਣਾ ਹੀ ਹੱਸਦਾ-ਖੇਡਦਾ ਪਰਿਵਾਰ- 10 ਸਾਲਾ ਤਾਪਿਸ਼, 7 ਸਾਲਾ ਤਨਵੀ ਅਤੇ 4 ਸਾਲਾ ਨਿਤਿਨ ਦੀ ਪਾਣੀ ‘ਚ ਡੁੱਬਣ ਕਾਰਨ ਮੌਤ; ਦੋ ਲਾਸ਼ਾਂ ਬਰਾਮਦ, ਤੀਜੇ ਦੀ ਭਾਲ ਜਾਰੀ

ਰੋਪੜ/ਮੋਹਾਲੀ, 30 ਜੂਨ 2026-
ਰੋਪੜ ਤੋਂ ਇੱਕ ਬੇਹੱਦ ਦਿਲ ਕੰਬਾਊ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੋਹਾਲੀ ਦੀ ਇੱਕ ਮਾਂ ਨੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਨਹਿਰ ਵਿੱਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੱਚਿਆਂ ਨੂੰ ਸੁੱਟਣ ਤੋਂ ਬਾਅਦ ਮਹਿਲਾ ਨੇ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ, ਇਸ ਖ਼ੌਫਨਾਕ ਘਟਨਾ ਵਿੱਚ ਤਿੰਨੋਂ ਮਾਸੂਮ ਬੱਚਿਆਂ ਦੀ ਤਾਂ ਮੌਤ ਹੋ ਗਈ, ਪਰ ਕਲਯੁਗੀ ਮਾਂ ਨਹਿਰ ਵਿੱਚ ਡੁੱਬੀ ਨਹੀਂ ਅਤੇ ਤੈਰ ਕੇ ਕਿਨਾਰੇ ‘ਤੇ ਪਹੁੰਚ ਗਈ, ਜਿਸ ਨੂੰ ਪੁਲਿਸ ਨੇ ਜ਼ਿੰਦਾ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਮਹਿਲਾ ਦੀ ਪਛਾਣ ਸ਼ਕੁੰਤਲਾ ਉਰਫ਼ ਸੁਮਨ ਵਜੋਂ ਹੋਈ ਹੈ, ਜੋ ਕਿ ਮੋਹਾਲੀ ਦੇ ਮਟੌਰ ਇਲਾਕੇ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੋਹਾਲੀ ਤੋਂ ਵਿਸ਼ੇਸ਼ ਤੌਰ ‘ਤੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਕਸਦ ਨਾਲ ਹੀ ਰੋਪੜ ਆਈ ਸੀ। ਮੰਗਲਵਾਰ ਨੂੰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਔਰਤ ਨੂੰ ਨਹਿਰ ਦੇ ਨੇੜਿਓਂ ਹੀ ਜ਼ਿੰਦਾ ਕਾਬੂ ਕਰ ਲਿਆ।
ਮਾਂ ਦੀ ਇਸ ਬੇਰਹਿਮੀ ਦਾ ਸ਼ਿਕਾਰ ਹੋਏ ਉਸ ਦੇ ਤਿੰਨੋਂ ਬੱਚਿਆਂ ਦੀ ਪਛਾਣ 10 ਸਾਲਾ ਤਾਪਿਸ਼, 7 ਸਾਲਾ ਤਨਵੀ ਅਤੇ 4 ਸਾਲਾ ਨਿਤਿਨ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਗੋਤਾਖੋਰਾਂ ਵੱਲੋਂ ਨਹਿਰ ਵਿੱਚ ਚਲਾਈ ਗਈ ਸਰਚ ਮੁਹਿੰਮ ਦੌਰਾਨ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਤੀਜੇ ਬੱਚੇ ਦੀ ਭਾਲ ਲਈ ਨਹਿਰ ਵਿੱਚ ਲਗਾਤਾਰ ਤਲਾਸ਼ੀ ਜਾਰੀ ਹੈ।
ਇਸ ਖ਼ੂਨੀ ਕਾਰੇ ਤੋਂ ਬਾਅਦ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਹੈ। ਮ੍ਰਿਤਕ ਬੱਚਿਆਂ ਦੇ ਦਾਦਾ ਰਾਮਬਾਬੂ ਨੇ ਆਪਣੀ ਨੂੰਹ ਸ਼ਕੁੰਤਲਾ ‘ਤੇ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨੂੰਹ ਦਾ ਵਿਵਹਾਰ ਪਿਛਲੇ ਕੁਝ ਸਮੇਂ ਤੋਂ ਅਸਧਾਰਨ (ਠੀਕ ਨਹੀਂ) ਸੀ ਅਤੇ ਉਹ ਅਕਸਰ ਬੱਚਿਆਂ ਨੂੰ ਜਾਨੋਂ ਮਾਰਨ ਜਾਂ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ।
ਪਰਿਵਾਰ ਮੁਤਾਬਕ ਉਨ੍ਹਾਂ ਦਾ ਘਰ ਪਹਿਲਾਂ ਹੀ ਕਾਫ਼ੀ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਅਤੇ ਪਰਿਵਾਰਕ ਮੈਂਬਰਾਂ ਦੀ ਆਪਣੀ ਨੂੰਹ ਨਾਲ ਕਾਫ਼ੀ ਸਮੇਂ ਤੋਂ ਲੜਾਈ ਚੱਲ ਰਹੀ ਸੀ, ਜਿਸ ਕਾਰਨ ਘਰ ਵਿੱਚ ਲਗਾਤਾਰ ਮਾਨਸਿਕ ਤਣਾਅ ਬਣਿਆ ਹੋਇਆ ਸੀ। ਦਾਦੇ ਨੇ ਰੋਂਦਿਆਂ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਨੂੰਹ ਇੰਨੀ ਬੇਰਹਿਮ ਹੋ ਜਾਵੇਗੀ ਅਤੇ ਉਨ੍ਹਾਂ ਦੇ ਜਿਗਰ ਦੇ ਟੁਕੜਿਆਂ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦੇਵੇਗੀ।

ਫਿਲਹਾਲ ਸਥਾਨਕ ਪੁਲਿਸ ਨੇ ਦੋਸ਼ੀ ਮਹਿਲਾ ਸ਼ਕੁੰਤਲਾ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹੱਤਿਆ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।















