ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੋਂ ਅੱਕੇ IEAT ਅਧਿਆਪਕ; 12 ਜੂਨ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਨਗੇ ਵਿਸ਼ਾਲ ਰੈਲੀ- ਗੁਪਤ ਐਕਸ਼ਨ ਦੀ ਵੀ ਚੇਤਾਵਨੀ!

On: ਜੂਨ 6, 2026 1:43 ਬਾਃ ਦੁਃ

 

ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੋਂ ਅੱਕੇ IEAT ਅਧਿਆਪਕ; 12 ਜੂਨ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਨਗੇ ਵਿਸ਼ਾਲ ਰੈਲੀ- ਗੁਪਤ ਐਕਸ਼ਨ ਦੀ ਵੀ ਚੇਤਾਵਨੀ!

ਵਾਰ-ਵਾਰ ਮੀਟਿੰਗਾਂ ਟਾਲਣ ਅਤੇ ਮੰਗਾਂ ਪੂਰੀਆਂ ਨਾ ਕਰਨ ‘ਤੇ ਅਧਿਆਪਕ ਜਥੇਬੰਦੀ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ- “CM ਮਾਨ ਨੇ ਕਿਹਾ ਸੀ ਕਿਸੇ ਪੜ੍ਹੇ-ਲਿਖੇ ਨੂੰ ਚਪੜਾਸੀ ਨਹੀਂ ਬਣਨ ਦਿਆਂਗੇ, ਪਰ ਸਾਨੂੰ ਅਧਿਆਪਕਾਂ ਤੋਂ ਚਪੜਾਸੀ (ਗਰੁੱਪ-ਡੀ) ਬਣਾ ਦਿੱਤਾ” – IEAT ਯੂਨੀਅਨ

ਸ੍ਰੀ ਅਨੰਦਪੁਰ ਸਾਹਿਬ/ਚੰਡੀਗੜ੍ਹ, 6 ਜੂਨ 2026:

ਆਈ.ਈ.ਏ.ਟੀ. (IEAT) ਅਧਿਆਪਕ ਜਥੇਬੰਦੀ ਪੰਜਾਬ ਦੀ ਸਟੇਟ ਕਮੇਟੀ ਦੀ ਇੱਕ ਅਹਿਮ ਆਨਲਾਈਨ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਰਵੱਈਏ ਖ਼ਿਲਾਫ਼ ਗਹਿਰੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਸਮੂਹ ਸਟੇਟ ਕਮੇਟੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਸਿੱਖਿਆ ਮੰਤਰੀ ਦੇ ਝੂਠੇ ਲਾਰਿਆਂ ਅਤੇ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ ਦੇ ਵਿਰੋਧ ਵਿੱਚ 12 ਜੂਨ 2026, ਦਿਨ ਸ਼ੁੱਕਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਸਰਕਾਰ ਖ਼ਿਲਾਫ਼ ਤਿੱਖੇ ਐਕਸ਼ਨ ਕੀਤੇ ਜਾਣਗੇ।

ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਕਈ ਵਾਰ ਆਈਈਏਟੀ ਯੂਨੀਅਨ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਐਨ ਮੌਕੇ ‘ਤੇ ਮੁਲਤਵੀ ਕਰ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲੇ ਵਿੱਚ, 3 ਜੂਨ ਨੂੰ ਤੈਅ ਹੋਈ ਮੀਟਿੰਗ ਲਈ ਪੰਜਾਬ ਭਰ ਦੇ ਅਧਿਆਪਕ ਬਹੁਤ ਹੀ ਦੂਰ-ਦੁਰਾਡੇ ਤੋਂ ਲੰਬਾ ਸਫ਼ਰ ਤੈਅ ਕਰਕੇ ਨਿਸ਼ਚਿਤ ਸਥਾਨ ‘ਤੇ ਪਹੁੰਚੇ ਸਨ। ਪਰ ਉੱਥੇ ਪਹੁੰਚਣ ‘ਤੇ ਅਫ਼ਸਰਸ਼ਾਹੀ ਵੱਲੋਂ ਕਹਿ ਦਿੱਤਾ ਗਿਆ ਕਿ ਮੀਟਿੰਗ ਪੋਸਟਪੋਨ (ਮੁਲਤਵੀ) ਕਰ ਦਿੱਤੀ ਗਈ ਹੈ ਅਤੇ ਹੁਣ 9 ਜੂਨ ਨੂੰ ਕਰਵਾਈ ਜਾਵੇਗੀ। ਅਧਿਆਪਕਾਂ ਨੇ ਕਿਹਾ ਕਿ ਪਹਿਲਾਂ ਉਹ ਅਫ਼ਸਰਸ਼ਾਹੀ ਦੇ ਧੱਕੇ ਦਾ ਸ਼ਿਕਾਰ ਸਨ ਅਤੇ ਹੁਣ ਮੌਜੂਦਾ ‘ਆਪ’ ਸਰਕਾਰ ਵੀ ਉਨ੍ਹਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।

“ਸਾਨੂੰ ਟੀਚਰ ਤੋਂ ਚਪੜਾਸੀ ਬਣਾ ਦਿੱਤਾ”

ਜਥੇਬੰਦੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਰਾਣੇ ਬਿਆਨਾਂ ਨੂੰ ਯਾਦ ਕਰਵਾਉਂਦਿਆਂ ਕਿਹਾ, “ਸੀਐਮ ਮਾਨ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਕਿ ਅਸੀਂ ਕਿਸੇ ਵੀ ਪੜ੍ਹੇ-ਲਿਖੇ ਨੌਜਵਾਨ ਨੂੰ ਚਪੜਾਸੀ ਨਹੀਂ ਲੱਗਣ ਦੇਵਾਂਗੇ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਅਸੀਂ ‘ਟੀਚਰ’ ਸੀ, ਅਤੇ ਇਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਨੂੰ ਸਕੂਲਾਂ ਵਿੱਚ ਚਪੜਾਸੀ ਬਣਾ ਦਿੱਤਾ ਗਿਆ।” ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੂੰ ਗਰੁੱਪ ‘ਸੀ’ (Group C) ਵਿੱਚੋਂ ਕੱਢ ਕੇ ਗਰੁੱਪ ‘ਡੀ’ (Group D) ਵਿੱਚ ਪਾ ਦਿੱਤਾ ਗਿਆ ਹੈ, ਜਿਸ ਕਾਰਨ ਜੁਲਾਈ 2023 ਤੋਂ ਉਹ ਲਗਾਤਾਰ ਆਪਣੇ ਨਾਲ ਹੋਈ ਇਸ ਬੇਇਨਸਾਫ਼ੀ ਖ਼ਿਲਾਫ਼ ਲੜ ਰਹੇ ਹਨ।

ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵਿਚਕਾਰਲੇ ਵਿਚੋਲੇ ਬਾਹਰ ਕੱਢਣ ਦੇ ਦਾਅਵੇ ਕਰਦੀ ਸੀ, ਪਰ ਇਨ੍ਹਾਂ ਸਰਕਾਰੀ ਵਿਚੋਲਿਆਂ (ਅਫ਼ਸਰਸ਼ਾਹੀ) ਨੇ ਹੀ ਅਧਿਆਪਕਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਜਥੇਬੰਦੀ ਦੀ ਮੰਗ ਹੈ ਕਿ ਉਨ੍ਹਾਂ ਨੂੰ ਦੁਬਾਰਾ ਗਰੁੱਪ ‘ਡੀ’ ਤੋਂ ‘ਸੀ’ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾਂ ਦੀਆਂ ਵਿਦਿਅਕ ਤੇ ਪ੍ਰੋਫੈਸ਼ਨਲ ਯੋਗਤਾਵਾਂ ਨੂੰ ਐਡ ਕਰਕੇ ਬਣਦਾ ਹੱਕ ਦਿੱਤਾ ਜਾਵੇ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 12 ਜੂਨ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਰੈਲੀ ਦੌਰਾਨ ਕਿਸੇ ਵੀ ਅਧਿਆਪਕ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਮੌਕੇ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ‘ਤੇ ਜਥੇਬੰਦੀ ਦੀ ਸਟੇਟ ਕਮੇਟੀ ਆਗੂ ਸਾਹਿਬਾਨ ਅਤੇ ਜ਼ਿਲਾ ਪ੍ਰਧਾਨ ਸ਼ਾਮਿਲ ਸਨ, ਸਟੇਟ ਵਾਈਸ ਪ੍ਰਧਾਨ ਗੁਰਦੇਵ ਸਿੰਘ ਅੰਮ੍ਰਿਤਸਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਬੀਲ੍ਹਾ ਬਰਨਾਲਾ, ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਨਾੜੂ ਸੰਗਰੂਰ, ਵਿੱਤ ਸਕੱਤਰ ਧਰਵਿੰਦਰ ਸਿੰਘ ਪਟਿਆਲਾ, ਅਤੇ ਹੋਰ ਸਟੇਟ ਕਮੇਟੀ ਆਗੂ, ਬੂਟਾ ਸਿੰਘ ਅਤੇ ਮੈਡਮ ਵੀਨਾ ਮਾਨਸਾ, ਗੁਰਤੇਜ ਸਿੰਘ, ਗੁਰਦੀਪ ਸਿੰਘ ਵਿੱਕੀ ਲੁਧਿਆਣਾ, ਕੁਲਦੀਪ ਸਿੰਘ ਅਤੇ ਜਗਸੀਰ ਸਿੰਘ ਬਰਨਾਲਾ, ਧਿਆਨ ਸਿੰਘ, ਮੈਡਮ ਮਮਤਾ ਫਿਰੋਜ਼ਪੁਰ, ਕੁਲਦੀਪ ਸਿੰਘ ਸਿੱਧੂ ਅਤੇ ਹੈਪੀ ਸਿੰਘ ਬਠਿੰਡਾ, ਬੇਅੰਤ ਸਿੰਘ ਅਤੇ ਮਹੇਸ਼ ਇੰਦਰ ਸਿੰਘ ਅਤੇ ਮੈਡਮ ਕਿਰਨ ਬਾਲਾ ਪਟਿਆਲਾ, ਮੈਡਮ ਸੁਮਿਤਰਾ ਕੰਬੋਜ ਤੇ ਮਨਦੀਪ ਸਿੰਘ ਫਾਜਿਲਕਾ, ਜਸਵੰਤ ਸਿੰਘ ਪੰਨੂ ,ਸੁਭਾਸ਼ ਗਨੋਟਾ ਸੰਗਰੂਰ, ਸੋਹਣ ਸਿੰਘ, ਰਜਿੰਦਰ ਕੌਰ ਰੋਪੜ, ਮੈਡਮ ਰਾਜਵਿੰਦਰ ਕੌਰ ਸ਼੍ਰੀ ਅੰਮ੍ਰਿਤਸਰ ਸਾਹਿਬ, ਬਲਵਿੰਦਰ ਸਿੰਘ ਅਤੇ ਮੈਡਮ ਰਾਜਕੁਮਾਰੀ ਹੁਸ਼ਿਆਰਪੁਰ, ਮੈਡਮ ਭੁਪਿੰਦਰ ਕੌਰ ਜਲੰਧਰ, ਮੈਡਮ ਸ਼ਮਾ ਪਾਹਵਾ ਅਤੇ ਪ੍ਰਭਜਿੰਦਰ ਸਿੰਘ ਬਾਠ ਤਰਨ ਤਾਰਨ, ਮੈਡਮ ਨਰਿੰਦਰ ਕੌਰ ਅਤੇ ਹਰਦੇਵ ਸਿੰਘ ਸੰਘਲਾ ਮੋਗਾ , ਕੁਲਵਿੰਦਰ ਸਿੰਘ ਦੋਧਾ ਮੁਕਤਸਰ, ਗੁਰਪ੍ਰੀਤ ਸਿੰਘ ਰਾਠੀ ਮੋਹਾਲੀ , ਦੀਪਕ ਕੁਮਾਰ ਨਵਾਂ ਸ਼ਹਿਰ, ਸੰਸਾਰ ਸਿੰਘ, ਮੈਡਮ ਸਰਬਜੀਤ ਕੌਰ ਅਤੇ ਮੈਡਮ ਹਰਮਨਜੋਤ ਕੌਰ ਫਰੀਦਕੋਟ, ਡਾ.ਪ੍ਰਗਟ ਸਿੰਘ ਅਤੇ ਮੈਡਮ ਅੰਮ੍ਰਿਤਪਾਲ ਕੌਰ ਮਲੇਰਕੋਟਲਾ, ਕਪਿਲ ਜੋਸ਼ੀ, ਸਾਹਿਲ ਬਾਵਾ ਗੁਰਦਾਸਪੁਰ, ਮੈਡਮ ਇੰਦਰਜੀਤ ਕੌਰ ਪਠਾਨਕੋਟ , ਮੈਡਮ ਪਰਨੀਤ ਕੌਰ ਕਪੂਰਥਲਾ ਆਦਿ ਸਾਥੀ ਮੌਕੇ ਤੇ ਹਾਜ਼ਰ ਸਨ।

 

Join WhatsApp

Join Now

Leave a Comment