Heavy Rain Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੇ ਨਾਲ ਤੇਜ਼ ਤੂਫ਼ਾਨ ਦਾ ‘ਅਲਰਟ’ ਜਾਰੀ

On: ਜੂਨ 13, 2026 9:32 ਪੂਃ ਦੁਃ

 

Heavy Rain Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੇ ਨਾਲ ਤੇਜ਼ ਤੂਫ਼ਾਨ ਦਾ ‘ਅਲਰਟ’ ਜਾਰੀ

ਚੰਡੀਗੜ੍ਹ, 13 ਜੂਨ 2026:

Heavy Rain Alert: ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਤੇਜ਼ ਹਵਾਵਾਂ ਨੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਦਿਵਾਈ ਹੈ, ਉੱਥੇ ਹੀ ਸੂਬੇ ਵਿੱਚ ਤੇਜ਼ ਝੱਖੜ ਅਤੇ ਤੂਫ਼ਾਨ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਦਰਦਨਾਕ ਖ਼ਬਰ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਪੱਛਮੀ ਗੜਬੜੀ (Western Disturbance) ਅਤੇ ਪੂਰਬੀ ਹਵਾਵਾਂ ਦੇ ਸਰਗਰਮ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਅਤੇ ਤੂਫ਼ਾਨ ਲਈ ਹਾਲਾਤ ਅਨੁਕੂਲ ਬਣੇ ਰਹਿਣਗੇ, ਹਾਲਾਂਕਿ ਹਵਾ ਦੀ ਗਤੀ ਥੋੜੀ ਘੱਟ ਰਹੇਗੀ। ਮੌਜੂਦਾ ਰੁਝਾਨਾਂ ਮੁਤਾਬਕ ਪੰਜਾਬ ਵਿੱਚ ਮਾਨਸੂਨ ਜੂਨ ਦੇ ਅਖੀਰ ਤੱਕ ਸਮੇਂ ਸਿਰ ਦਸਤਕ ਦੇ ਦੇਵੇਗਾ।

ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ 13 ਜੂਨ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਵਿਸ਼ੇਸ਼ ਤੌਰ ‘ਤੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਰੂਪਨਗਰ ਅਤੇ ਮੋਹਾਲੀ ਵਿੱਚ ਤੇਜ਼ ਝੱਖੜ, ਗਰਜ-ਚਮਕ ਅਤੇ ਆਸਮਾਨੀ ਬਿਜਲੀ ਡਿੱਗਣ ਦਾ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਦੌਰਾਨ ਔਸਤਨ 9.3 ਮਿਲੀਮੀਟਰ (mm) ਮੀਂਹ ਪਿਆ। ਨਵਾਂਸ਼ਹਿਰ (ਐਸ.ਬੀ.ਐਸ. ਨਗਰ) ਵਿੱਚ ਸਭ ਤੋਂ ਵੱਧ 55.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿੱਥੇ ਕੁਝ ਇਲਾਕਿਆਂ ਵਿੱਚ 7 ਸੈਂਟੀਮੀਟਰ ਤੱਕ ਪਾਣੀ ਵਰ੍ਹਿਆ। 1 ਜੂਨ ਤੋਂ 12 ਜੂਨ ਦਰਮਿਆਨ ਪੰਜਾਬ ਵਿੱਚ ਹੋਈ 13.7 ਮਿਲੀਮੀਟਰ ਬਾਰਿਸ਼ ਆਮ ਨਾਲੋਂ 6 ਫੀਸਦੀ ਜ਼ਿਆਦਾ ਹੈ।

ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 5.2 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 6.2 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 36.7 ਡਿਗਰੀ ਸੈਲਸੀਅਸ ਰਿਹਾ।

ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਸੂਬੇ ਵਿੱਚ ਵੱਖ-ਵੱਖ ਹਾਦਸਿਆਂ ਦੌਰਾਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਅੰਮ੍ਰਿਤਸਰ ਵਿੱਚ ਮੀਂਹ ਕਰਕੇ ਇੱਕ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਦੂਜਾ ਹਾਦਸਾ ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਵਿੱਚ ਵਾਪਰਿਆ, ਜਿੱਥੇ ਤੇਜ਼ ਤੂਫ਼ਾਨ ਕਾਰਨ ਇੱਕ ਸੀਮਿੰਟ ਦਾ ਸ਼ੈੱਡ ਉੱਡ ਕੇ ਇੱਕ ਲੜਕੀ ਉੱਪਰ ਜਾ ਡਿੱਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਸੰਗਰੂਰ ਵਿੱਚ ਵੀ ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

 

Join WhatsApp

Join Now

Leave a Comment