ਸ਼ਨੀਵਾਰ, ਮਈ 30, 2026
Home Blog Page 16

ਵੱਡੀ ਖ਼ਬਰ: ਪੰਜਾਬ ‘ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ; ਮਾਨ ਸਰਕਾਰ ਨੇ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ

 

ਪੰਜਾਬ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਵਾਪਸ ਲਈ ਹੜਤਾਲ : ਹਰਪਾਲ ਚੀਮਾ

ਭਗਵੰਤ ਮਾਨ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਇੱਕ ਮਹੀਨੇ ਦੇ ਅੰਦਰ ਹੱਲ ਕਰਨ ਲਈ ਬਣਾਏਗੀ ਕਮੇਟੀ: ਹਰਪਾਲ ਚੀਮਾ

ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈਐਸਆਈ ਏਜੰਟ ਕਹਿਣਾ 3 ਕਰੋੜ ਪੰਜਾਬੀਆਂ ਅਤੇ ਉਨ੍ਹਾਂ ਦੇ ਜਨਾਦੇਸ਼ ਦਾ ਅਪਮਾਨ ਹੈ: ਚੀਮਾ

ਅਰੂਸਾ ਆਲਮ ਨੂੰ ਲੈ ਕੇ ਵਾਰ-ਵਾਰ ਲੱਗੇ ਦੋਸ਼ਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਭਾਜਪਾ ਆਗੂ ਚੁੱਪ ਰਹੇ: ਹਰਪਾਲ ਸਿੰਘ ਚੀਮਾ

ਭਾਜਪਾ ਸਰਕਾਰ ਦੇਸ਼ ਵਿੱਚ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਅਤੇ ਲੋਕਤੰਤਰਿਕ ਪ੍ਰਗਟਾਵੇ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 21 ਮਈ 2026- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਭਰ ਦੀਆਂ ਵੱਖ-ਵੱਖ ਸ਼ਹਿਰੀ ਸਥਾਨਕ ਇਕਾਈਆਂ, ਨਗਰ ਕੌਂਸਲਾਂ, ਨਗਰ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਫਲ ਗੱਲਬਾਤ ਤੋਂ ਬਾਅਦ ਆਪਣੀ ਚੱਲ ਰਹੀ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਵੀਰਵਾਰ ਨੂੰ ਸਫਾਈ ਕਰਮਚਾਰੀਆਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਰਮਚਾਰੀਆਂ ਦੀ 35 ਮੈਂਬਰੀ ਕਮੇਟੀ ਦੇ ਪੰਜ ਮੈਂਬਰੀ ਵਫ਼ਦ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ, ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਮੇਰੇ ਨਾਲ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ।

ਉਨ੍ਹਾਂ ਸਾਂਝਾ ਕੀਤਾ ਕਿ ਗੱਲਬਾਤ ਦੌਰਾਨ ਕਈ ਮੰਗਾਂ ਦਾ ਹੱਲ ਕਰ ਲਿਆ ਗਿਆ, ਜਦੋਂ ਕਿ ਕਾਨੂੰਨੀ ਅਤੇ ਚੋਣ ਜ਼ਾਬਤੇ ਨਾਲ ਸਬੰਧਤ ਕੁਝ ਮੁੱਦਿਆਂ ‘ਤੇ ਅਗਲੇਰੀ ਪ੍ਰਕਿਰਿਆਤਮਕ ਵਿਚਾਰ ਵਟਾਂਦਰੇ ਦੀ ਲੋੜ ਹੈ।

ਸਰਕਾਰ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਸੀ ਸਹਿਮਤੀ ਨਾਲ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਸਾਰੀਆਂ ਲੰਬਿਤ ਮੰਗਾਂ ਦੀ ਜਾਂਚ ਕਰੇਗੀ ਅਤੇ ਇੱਕ ਸਥਾਈ ਤੇ ਵਿਵਹਾਰਕ ਹੱਲ ਲਈ ਕੰਮ ਕਰੇਗੀ।

ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਾਕੀ ਰਹਿੰਦੇ ਮੁੱਦਿਆਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਇੱਕ ਮਹੀਨੇ ਦੀ ਸਮਾਂ-ਸੀਮਾ ਤੈਅ ਕੀਤੀ ਹੈ।

ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਹੋਈ ਵਿਸਤ੍ਰਿਤ ਚਰਚਾ ਤੋਂ ਬਾਅਦ, ਸਾਰੀਆਂ ਯੂਨੀਅਨਾਂ ਸਰਕਾਰ ਨੂੰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰ ਅਤੇ ਯੋਜਨਾਬੱਧ ਤਰੀਕੇ ਨਾਲ ਹੱਲ ਕਰਨ ਲਈ ਸਮਾਂ ਦੇਣ ‘ਤੇ ਸਹਿਮਤ ਹੋ ਗਈਆਂ ਹਨ।

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈਐਸਆਈ ਏਜੰਟ ਕਹਿਣ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਨੂੰ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਜਨਾਦੇਸ਼ ਦਾ ਅਪਮਾਨ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਮੁੱਖ ਮੰਤਰੀ ਦਾ ਸਗੋਂ ਸਮੁੱਚੇ 3 ਕਰੋੜ ਪੰਜਾਬੀਆਂ ਦਾ ਅਪਮਾਨ ਹੈ। ਭਾਜਪਾ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ।

ਉਨ੍ਹਾਂ ਸਵਾਲ ਚੁੱਕਿਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਜਦੋਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ‘ਤੇ ਅਰੂਸਾ ਆਲਮ ਦੀ ਮੌਜੂਦਗੀ ਨੂੰ ਲੈ ਕੇ ਵਾਰ-ਵਾਰ ਦੋਸ਼ ਲੱਗ ਰਹੇ ਸਨ, ਉਦੋਂ ਭਾਜਪਾ ਆਗੂ ਚੁੱਪ ਕਿਉਂ ਰਹੇ?

ਹਰਪਾਲ ਸਿੰਘ ਚੀਮਾ ਨੇ ਪੁੱਛਿਆ ਕਿ ਜੇਕਰ ਰਵਨੀਤ ਸਿੰਘ ਬਿੱਟੂ ਅਤੇ ਸੁਨੀਲ ਜਾਖੜ ਵਰਗੇ ਆਗੂਆਂ ਨੂੰ ਰਾਸ਼ਟਰੀ ਸੁਰੱਖਿਆ ਦੀ ਸੱਚਮੁੱਚ ਚਿੰਤਾ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਸਵਾਲ ਕਿਉਂ ਨਹੀਂ ਉਠਾਏ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਹੁਣ ਸਿਆਸੀ ਲਾਹੇ ਲਈ ਬੇਬੁਨਿਆਦ ਦੋਸ਼ ਲਗਾ ਰਹੇ ਹਨ।

‘ਕਾਕਰੋਚ ਜਨਤਾ ਪਾਰਟੀ’ ਬਾਰੇ ਹਰਪਾਲ ਚੀਮਾ ਦਾ ਵੱਡਾ ਬਿਆਨ

‘ਕਾਕਰੋਚ ਜਨਤਾ ਪਾਰਟੀ’ ਬਾਰੇ ਮੀਡੀਆ ਦੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਅਤੇ ਸੰਵਿਧਾਨ ਹਰ ਨਾਗਰਿਕ ਨੂੰ ਸਿਆਸੀ ਪਾਰਟੀ ਬਣਾਉਣ ਅਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈ।

ਜੇਕਰ ਨੌਜਵਾਨ, ਵਿਦਿਆਰਥੀ ਜਾਂ ਸਮਾਜਿਕ ਸਮੂਹ ਸਮਾਜ ਨਾਲ ਜੁੜੇ ਮੁੱਦੇ ਉਠਾ ਰਹੇ ਹਨ, ਤਾਂ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਜਾਂ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ।

ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਲੋਕਤੰਤਰੀ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਸੰਵਿਧਾਨਕ ਅਧਿਕਾਰ ਹੈ। ਆਵਾਜ਼ਾਂ ਨੂੰ ਦਬਾਉਣਾ ਅਤੇ ਲੋਕਾਂ ‘ਤੇ ਗਲਤ ਤਰੀਕੇ ਨਾਲ ਲੇਬਲ ਲਗਾਉਣਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਖਿਲਾਫ ਹੈ।

ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਜ ਵਿੱਚ ਦੇਸ਼ ਵਿੱਚ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਖਾਮੋਸ਼ ਕਰਨ ਅਤੇ ਲੋਕਤੰਤਰਿਕ ਪ੍ਰਗਟਾਵੇ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

Punjab Anganwadi Centers: ਆਂਗਣਵਾੜੀ ਸੈਂਟਰਾਂ ਦੇ ਹੱਕ ‘ਚ ਪੰਜਾਬ ਸਰਕਾਰ ਦਾ ਵੱਡਾ ਐਲਾਨ; ਯੂਨੀਅਨ ਨੇ ਦੱਸਿਆ- ਸੰਘਰਸ਼ ਦੀ ਜਿੱਤ

 

Punjab Anganwadi Centers: ਆਂਗਣਵਾੜੀ ਸੈਂਟਰਾਂ ਦੇ ਹੱਕ ‘ਚ ਪੰਜਾਬ ਸਰਕਾਰ ਦਾ ਵੱਡਾ ਐਲਾਨ; ਯੂਨੀਅਨ ਨੇ ਦੱਸਿਆ- ਸੰਘਰਸ਼ ਦੀ ਜਿੱਤ

ਆਂਗਣਵਾੜੀ ਕੇਂਦਰਾਂ ‘ਚ ਹੁਣ ਮਿਲੇਗਾ ਤਾਜ਼ਾ ਪਕਾਇਆ ਖਾਣਾ; ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ, ਯੂਨੀਅਨ ਨੇ ਦੱਸਿਆ ਸੰਘਰਸ਼ ਦੀ ਜਿੱਤ

ਪੈਕਟਾਂ ਵਾਲਾ ਘਟੀਆ ਖਾਣਾ ਹੋਵੇਗਾ ਬੰਦ; ਹੁਣ ਕੇਂਦਰਾਂ ਵਿੱਚ ਹੀ ਬਣੇਗਾ ਮਿੱਠਾ ਦਲੀਆ, ਹਲਵਾ ਅਤੇ ਖਿਚੜੀ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਸਰਕਾਰ ਦੇ ਫੈਸਲੇ ‘ਤੇ ਜਤਾਈ ਖੁਸ਼ੀ

ਪਹਿਲਾਂ ਭੇਜੇ ਜਾ ਰਹੇ ਪੈਕਟਾਂ ਵਾਲੇ ਖਾਣੇ ਵਿੱਚ ਹਜ਼ਾਰਾਂ ਕਰੋੜ ਦੇ ਕਥਿਤ ਘਪਲੇ ਦਾ ਲਗਾਇਆ ਦੋਸ਼

ਬਠਿੰਡਾ, 21 ਮਈ 2026: ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿੱਚ ਆਉਣ ਵਾਲੇ ਬੱਚਿਆਂ ਅਤੇ ਲਾਭਪਾਤਰੀਆਂ ਲਈ ਇੱਕ ਅਹਿਮ ਖ਼ਬਰ ਹੈ। ਪੰਜਾਬ ਸਰਕਾਰ ਵੱਲੋਂ ਇੱਕ ਸਰਕਾਰੀ ਪੱਤਰ (ਨੰਬਰ 11022-44) ਜਾਰੀ ਕਰਕੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਤਾਜ਼ਾ ਖਾਣਾ ਪਕਾ ਕੇ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਹੁਣ ਕੇਂਦਰਾਂ ਦੇ ਅੰਦਰ ਹੀ ਮਿੱਠਾ ਦਲੀਆ, ਹਲਵਾ, ਨਮਕੀਨ ਦਲੀਆ ਅਤੇ ਖਿਚੜੀ ਆਦਿ ਖਾਣਾ ਤਾਜ਼ਾ ਤਿਆਰ ਕਰਕੇ ਬੱਚਿਆਂ ਨੂੰ ਪਰੋਸਿਆ ਜਾਵੇਗਾ।

ਸਰਕਾਰ ਦੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ‘ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ’ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਨੂੰ ਜਥੇਬੰਦੀ ਦੇ ਲੰਬੇ ਸੰਘਰਸ਼ ਦੀ ਵੱਡੀ ਜਿੱਤ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਪੈਕਟਾਂ ਵਾਲਾ ਬੰਦ ਖਾਣਾ ਭੇਜਿਆ ਜਾ ਰਿਹਾ ਸੀ, ਜਿਸ ਦੀ ਕੁਆਲਿਟੀ ਬੇਹੱਦ ਘਟੀਆ ਅਤੇ ਗੈਰ-ਮਿਆਰੀ ਸੀ। ਉਸ ਖਾਣੇ ਨੂੰ ਨਾ ਤਾਂ ਬੱਚੇ ਖਾਂਦੇ ਸਨ ਅਤੇ ਨਾ ਹੀ ਹੋਰ ਲਾਭਪਾਤਰੀ ਲੈਣ ਲਈ ਤਿਆਰ ਹੁੰਦੇ ਸਨ।

ਪੈਕਟਾਂ ਵਾਲੇ ਖਾਣੇ ਵਿੱਚ ਕਰੋੜਾਂ ਦੇ ਘਪਲੇ ਦਾ ਦੋਸ਼

ਯੂਨੀਅਨ ਪ੍ਰਧਾਨ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਪੈਕਟਾਂ ਵਾਲੇ ਬੰਦ ਖਾਣੇ ਦੀ ਆੜ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਕਥਿਤ ਘਪਲਾ ਚੱਲ ਰਿਹਾ ਸੀ। ਜਥੇਬੰਦੀ ਇਸ ਬੁਰਾਈ ਖ਼ਿਲਾਫ਼ ਅਤੇ ਬੱਚਿਆਂ ਦੇ ਹੱਕਾਂ ਲਈ ਲੰਬੇ ਸਮੇਂ ਤੋਂ ਸੜਕਾਂ ‘ਤੇ ਸੰਘਰਸ਼ ਕਰ ਰਹੀ ਸੀ।

ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਇਸੇ ਲਗਾਤਾਰ ਦਬਾਅ ਸਦਕਾ ਹੁਣ ਸਰਕਾਰ ਨੂੰ ਮਜਬੂਰ ਹੋ ਕੇ ਆਪਣਾ ਫੈਸਲਾ ਬਦਲਣਾ ਪਿਆ ਹੈ ਅਤੇ ਦੁਬਾਰਾ ਪਹਿਲਾਂ ਵਾਂਗ ਕੇਂਦਰਾਂ ਵਿੱਚ ਹੀ ਖਾਣਾ ਪਕਾ ਕੇ ਦੇਣ ਦੀ ਪ੍ਰਵਾਨਗੀ ਦੇਣੀ ਪਈ ਹੈ।

ਹਰਗੋਬਿੰਦ ਕੌਰ ਨੇ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਸ਼ਕਿਲ ਘੜੀ ਵਿੱਚ ਜਥੇਬੰਦੀ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਸਦਕਾ ਹੀ ਅੱਜ ਗਰੀਬ ਅਤੇ ਲੋੜਵੰਦ ਬੱਚਿਆਂ ਤੱਕ ਪੌਸ਼ਟਿਕ ਅਤੇ ਸਹੀ ਖਾਣਾ ਪਹੁੰਚਾਉਣ ਦਾ ਰਸਤਾ ਸਾਫ਼ ਹੋ ਸਕਿਆ ਹੈ।

 

AAP ਪੰਜਾਬ ਨੇ ਚੋਣਾਂ ਤੋਂ ਪਹਿਲਾਂ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ

 

AAP ਪੰਜਾਬ ਨੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ, 21 ਮਈ 2026- ਆਮ ਆਦਮੀ ਪਾਰਟੀ (AAP) ਪੰਜਾਬ ਨੇ ਸੂਬੇ ਭਰ ਵਿੱਚ ਆਪਣੀ ਡਿਜੀਟਲ ਪਹੁੰਚ ਅਤੇ ਜ਼ਮੀਨੀ ਪੱਧਰ ‘ਤੇ ਸੰਚਾਰ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਦੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਆਪਣੇ ਸੋਸ਼ਲ ਮੀਡੀਆ ਵਿੰਗ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।

ਸਾਰੇ ਨਵ-ਨਿਯੁਕਤ ਮੈਂਬਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਲੀਡਰਸ਼ਿਪ ਨੇ ਭਰੋਸਾ ਪ੍ਰਗਟਾਇਆ ਕਿ ਇਹ ਟੀਮ ਪਾਰਟੀ ਦੀਆਂ ਨੀਤੀਆਂ, ਪ੍ਰਾਪਤੀਆਂ ਅਤੇ ਲੋਕ-ਪੱਖੀ ਪਹਿਲਕਦਮੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।

ਪਾਰਟੀ ਨੇ ਬਲਜੀਤ ਸਿੰਘ ਬੱਬੂ ਅਤੇ ਕੁਲਦੀਪ ਸੋਹੀ ਨੂੰ ਸੋਸ਼ਲ ਮੀਡੀਆ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ।

ਜ਼ਿਲ੍ਹਾ ਪੱਧਰ ‘ਤੇ ਗੁਰਵਿੰਦਰ ਪੁੰਨਾਵਾਲ ਨੂੰ ਸੰਗਰੂਰ ਦਾ ਜ਼ਿਲ੍ਹਾ ਇੰਚਾਰਜ, ਰਾਸਦੀਪ ਸਿੰਘ ਦਲੂਆਣਾ ਨੂੰ ਮਾਨਸਾ ਦਾ ਜ਼ਿਲ੍ਹਾ ਇੰਚਾਰਜ, ਪਲਵਿੰਦਰ ਸਿੰਘ ਨੂੰ ਕਪੂਰਥਲਾ ਦਾ ਜ਼ਿਲ੍ਹਾ ਸਕੱਤਰ ਅਤੇ ਹਰਵਿੰਦਰ ਰਿਸ਼ੀ ਸਤੋਜ ਨੂੰ ਸੰਗਰੂਰ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਪਾਰਟੀ ਨੇ ਜ਼ਮੀਨੀ ਪੱਧਰ ‘ਤੇ ਸੋਸ਼ਲ ਮੀਡੀਆ ਵਿੰਗ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਵਿਸਤਾਰ ਦੇਣ ਅਤੇ ਮਜ਼ਬੂਤ ਕਰਨ ਲਈ 27 ਹਲਕਾ ਕੋਆਰਡੀਨੇਟਰ, 41 ਹਲਕਾ ਵਾਈਸ ਕੋਆਰਡੀਨੇਟਰ ਅਤੇ 450 ਤੋਂ ਵੱਧ ਬਲਾਕ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਹਨ।

ਪਾਰਟੀ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਹੈ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੰਜਾਬ ਦੇ ਲੋਕਾਂ ਨਾਲ ਪਾਰਟੀ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰਨਗੇ।

 

Census Duty Punjab: ਜਨਗਣਨਾ ਡਿਊਟੀ ‘ਤੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਪ੍ਰੇਸ਼ਾਨ! ਫ਼ਾਰਗੀ ਵੱਖੋ-ਵੱਖਰੇ ਨਿਯਮਾਂ ਕਾਰਨ ਉੱਠੇ ਸਵਾਲ

 

Census Duty Punjab: ਜਨਗਣਨਾ ਡਿਊਟੀ ‘ਤੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਪ੍ਰੇਸ਼ਾਨ! ਫ਼ਾਰਗੀ ਵੱਖੋ-ਵੱਖਰੇ ਨਿਯਮਾਂ ਕਾਰਨ ਉੱਠੇ ਸਵਾਲ

ਇੱਕ ਅਧਿਆਪਕ ‘ਆਨ ਡਿਊਟੀ’ ਅਤੇ ਦੂਜਾ ‘ਛੁੱਟੀ’ ‘ਤੇ… ਇੱਕੋ ਰਾਸ਼ਟਰੀ ਡਿਊਟੀ ਲਈ ਅਲੱਗ-ਅਲੱਗ ਫ਼ਾਰਗੀ ਪੱਤਰ (Relieving Orders) ਜਾਰੀ ਹੋਣ ‘ਤੇ ਅਧਿਆਪਕਾਂ ਨੇ ਜਤਾਇਆ ਰੋਸ

ਕਿਧਰੇ ‘ਆਨ ਡਿਊਟੀ’ ਅਤੇ ਕਿਧਰੇ ‘ਛੁੱਟੀ’ ਲੈਣ ਦਾ ਫ਼ਰਮਾਨ- ਪੂਰੇ ਪੰਜਾਬ ਲਈ ਇੱਕੋ ਸਾਂਝਾ ਅਤੇ ਇੱਕਸਾਰ ਪੱਤਰ ਜਾਰੀ ਕਰਨ ਦੀ ਉੱਠੀ ਜ਼ੋਰਦਾਰ ਮੰਗ

ਚੰਡੀਗੜ੍ਹ, 21 ਮਈ 2026- ਪੰਜਾਬ ਭਰ ਵਿੱਚ ਇਸ ਵੇਲੇ ਚੱਲ ਰਹੀ ਜਨਗਣਨਾ (Census Duty) ਦੀ ਰਾਸ਼ਟਰੀ ਡਿਊਟੀ ਦੌਰਾਨ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੂੰ ਇੱਕ ਵੱਡੀ ਪ੍ਰੇਸ਼ਾਨੀ ਅਤੇ ਮਾਨਸਿਕ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਧਿਆਪਕ ਵਰਗ ਵੱਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਜਦੋਂ ਜਨਗਣਨਾ ਵਰਗੀ ਅਹਿਮ ਰਾਸ਼ਟਰੀ ਡਿਊਟੀ ਪੂਰੇ ਸੂਬੇ ਵਿੱਚ ਇੱਕੋ ਸਮੇਂ ਅਤੇ ਇੱਕੋ ਨਿਯਮਾਂ ਤਹਿਤ ਚੱਲ ਰਹੀ ਹੈ, ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ (ਡੀ.ਸੀ. ਦਫ਼ਤਰਾਂ) ਵੱਲੋਂ ਅਧਿਆਪਕਾਂ ਨੂੰ ਫ਼ਾਰਗ ਕਰਨ ਲਈ ਵੱਖੋ-ਵੱਖਰੇ ਨਿਯਮ ਅਤੇ ਅਲੱਗ-ਅਲੱਗ ਫ਼ਾਰਗੀ ਪੱਤਰ (Relieving Orders) ਕਿਉਂ ਜਾਰੀ ਕੀਤੇ ਜਾ ਰਹੇ ਹਨ?

ਅਧਿਆਪਕ ਆਗੂਆਂ ਅਤੇ ਪੀੜਤ ਅਧਿਆਪਕਾਂ ਨੇ ਇਸ ਸਥਿਤੀ ਨੂੰ ਇੱਕ ਵੱਡੀ ਤ੍ਰਾਸਦੀ ਦੱਸਦਿਆਂ ਕਿਹਾ ਕਿ ਇੱਕੋ ਕੰਮ ਅਤੇ ਇੱਕੋ ਡਿਊਟੀ ਲਈ ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਅਧਿਆਪਕ ਨੂੰ ‘ਆਨ ਡਿਊਟੀ’ (On Duty) ਮੰਨ ਕੇ ਭੇਜਿਆ ਜਾ ਰਿਹਾ ਹੈ, ਜਦਕਿ ਦੂਜੇ ਜ਼ਿਲ੍ਹੇ ਵਿੱਚ ਅਧਿਆਪਕ ਨੂੰ ਆਪਣੀ ਨਿੱਜੀ ਛੁੱਟੀ ਭਰਾ ਕੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਪ੍ਰਸ਼ਾਸਨਿਕ ਤਾਲਮੇਲ ਦੀ ਇਸ ਵੱਡੀ ਕਮੀ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਇਸ ਨੂੰ ਆਪਣੇ ਨਾਲ ਸਰਾਸਰ ਬੇਇਨਸਾਫ਼ੀ ਦੱਸ ਰਹੇ ਹਨ।

ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਦੁਵਿਧਾ ਨੂੰ ਤੁਰੰਤ ਦੂਰ ਕੀਤਾ ਜਾਵੇ।

ਅਧਿਆਪਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰ ‘ਤੇ ਅਲੱਗ-ਅਲੱਗ ਫ਼ਾਰਮੂਲੇ ਲਾਗੂ ਕਰਨ ਦੀ ਬਜਾਏ ਪੂਰੇ ਪੰਜਾਬ ਦੇ ਅਧਿਆਪਕਾਂ ਲਈ ਇੱਕੋ ਸਾਂਝਾ ਅਤੇ ਇੱਕਸਾਰ ਫ਼ਾਰਗੀ ਪੱਤਰ ਜਾਰੀ ਕਰਵਾਇਆ ਜਾਵੇ, ਤਾਂ ਜੋ ਦੇਸ਼ ਹਿੱਤ ਦੀ ਇਸ ਡਿਊਟੀ ਨੂੰ ਅਧਿਆਪਕ ਬਿਨਾਂ ਕਿਸੇ ਪ੍ਰੇਸ਼ਾਨੀ ਅਤੇ ਮਾਨਸਿਕ ਤਣਾਅ ਦੇ ਪੂਰੀ ਤਨਦੇਹੀ ਨਾਲ ਨਿਭਾ ਸਕਣ।

 

IMD Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ‘Heatwave’ ਦਾ ਅਲਰਟ! ਕੱਲ੍ਹ ਪੈ ਸਕਦੈ ਮੀਂਹ

 

IMD Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ‘Heatwave’ ਦਾ ਅਲਰਟ! ਕੱਲ੍ਹ ਪੈ ਸਕਦੈ ਮੀਂਹ

ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ; ਵੀਰਵਾਰ ਨੂੰ 42 ਤੋਂ 44 ਡਿਗਰੀ ਤੱਕ ਪਹੁੰਚਣ ਦੇ ਆਸਾਰ

ਕੜਕਦੀ ਧੁੱਪ ਅਤੇ ਲੂ (ਹੀਟਵੇਵ) ਦੇ ਕਹਿਰ ਦਰਮਿਆਨ ਭਲਕੇ ਕੁਝ ਇਲਾਕਿਆਂ ‘ਚ ਮੀਂਹ ਪੈਣ ਦੀ ਉਮੀਦ

ਚੰਡੀਗੜ੍ਹ 21 ਮਈ 2026-

ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਅਤੇ ਕੜਕਦੀ ਧੁੱਪ ਦਾ ਕਹਿਰ ਲਗਾਤਾਰ ਜਾਰੀ ਹੈ। ਮੌਸਮ ਵਿਗਿਆਨ ਕੇਂਦਰ (IMD Alert) ਚੰਡੀਗੜ੍ਹ ਮੁਤਾਬਕ ਅੱਜ ਵੀ ਦੋਵਾਂ ਥਾਵਾਂ ‘ਤੇ ‘ਸੀਵੀਅਰ ਹੀਟਵੇਵ’ (Severe Heatwave – ਅਤਿ ਦੀ ਲੂ) ਦਾ ਕਹਿਰ ਬਣਿਆ ਰਹੇਗਾ, ਜਿਸ ਦੇ ਚਲਦਿਆਂ ਮੌਸਮ ਵਿਭਾਗ ਵੱਲੋਂ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ।

ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਪਹਿਲਾਂ ਹੀ 40 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ ਅਤੇ ਵੀਰਵਾਰ ਨੂੰ ਇਹ ਪਾਰਾ 42 ਤੋਂ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਫਿਲਹਾਲ ਸੂਬੇ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਦਰਜ ਕੀਤਾ ਗਿਆ ਹੈ। ਗਰਮੀ ਅਤੇ ਤੇਜ਼ ਧੁੱਪ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਦੁਭਰ ਹੋ ਗਿਆ ਹੈ।

ਚੰਡੀਗੜ੍ਹ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਸਕੂਲੀ-ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਆਮ ਲੋਕ ਤੇਜ਼ ਧੁੱਪ ਤੋਂ ਬਚਣ ਲਈ ਸਿਰ ਢੱਕ ਕੇ ਅਤੇ ਛਤਰੀਆਂ (Double Umbrellas) ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਦੁਪਹਿਰ ਵੇਲੇ ਚੱਲ ਰਹੀਆਂ ਗਰਮ ਹਵਾਵਾਂ (ਲੂ) ਕਾਰਨ ਬਾਜ਼ਾਰਾਂ ਵਿੱਚ ਵੀ ਸੁੰਨਸਾਨ ਪਸਰ ਜਾਂਦੀ ਹੈ।

May be an image of map and text that says "पिज्रा् .나리 मतসन รน तड्ीग पजात Mote: Waming araned बजਦੀ weather warnings for Punjab Date May 2026 लिए जिलेबार गागरग कोत्ाली trom0830 m0330hc4 30hours2s Day1 21 May Guverrmentof Indis Ministry scknces B F eparuten nteamnkgical.Cortm 15Taf माम Day 22 2026 NRy Day 23 May 2026 Day 24 May 2026 ٨ おaげ Day y5 25-May May 2026 Legend Phenomenon Thunderstorm/Lightning Gustywind Hii Duststorm HEAT WAVE TO SEVERE HEAT WAVE HEAT WAVE No Warning कोई येतावनी नहीं Warning Level वेतावनी प्रेणी Be Updated Be Prepared निगरानी सवेत(तयार रहे) Take Action वेतावळी(करवाई करें)"

ਭਲਕੇ ਮੀਂਹ ਪੈਣ ਦੀ ਸੰਭਾਵਨਾ, ਗਰਮੀ ਤੋਂ ਮਿਲ ਸਕਦੀ ਹੈ ਰਾਹਤ

ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ, ਇਸ ਗਰਮੀ ਅਤੇ ਲੂ ਦੇ ਪ੍ਰਕੋਪ ਦੇ ਵਿਚਕਾਰ ਇੱਕ ਰਾਹਤ ਭਰੀ ਖ਼ਬਰ ਵੀ ਸਾਹਮਣੇ ਆਈ ਹੈ।

ਅਗਲੇ 24 ਘੰਟਿਆਂ ਯਾਨੀ ਭਲਕੇ (ਸ਼ੁੱਕਰਵਾਰ ਨੂੰ) ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਬੱਦਲਵਾਈ ਰਹਿਣ ਅਤੇ ਹਲਕੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਜੇਕਰ ਮੀਂਹ ਪੈਂਦਾ ਹੈ, ਤਾਂ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਇਸ ਅਤਿ ਦੀ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ।

ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨ।

 

Census Duty: ਜਨਗਣਨਾ ਡਿਊਟੀ ਕਰ ਰਹੇ ਅਧਿਆਪਕ ਨੂੰ ਆਇਆ ਅਟੈਕ; ਹਾਲਤ ਗੰਭੀਰ

File Photo

 

Census Duty: ਜਨਗਣਨਾ ਡਿਊਟੀ ਕਰ ਰਹੇ ਅਧਿਆਪਕ ਨੂੰ ਆਇਆ ਅਟੈਕ; ਹਾਲਤ ਗੰਭੀਰ

ਭਾਮੀਆਂ ਕਲਾਂ ਇਲਾਕੇ ਵਿੱਚ ਡਿਊਟੀ ਦੌਰਾਨ ਗਲੀ ਵਿੱਚ ਬੇਹੋਸ਼ ਹੋ ਕੇ ਡਿੱਗੇ ਅਧਿਆਪਕ ਰਾਮ ਸਿੰਘ

ਮੁਹੱਲਾ ਵਾਸੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਥੀ ਅਧਿਆਪਕਾਂ ਨੂੰ ਦਿੱਤੀ ਹਾਦਸੇ ਦੀ ਇਤਿਹਾਸਕ ਜਾਣਕਾਰੀ

ਇੰਦਰਾਪੁਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਤੌਰ ਈ.ਟੀ.ਟੀ. ਅਧਿਆਪਕ ਵਜੋਂ ਤਾਇਨਾਤ ਹਨ ਪੀੜਤ

(Census Duty) ਲੁਧਿਆਣਾ, 21 ਮਈ 2026: ਲੁਧਿਆਣਾ ਦੇ ਭਾਮੀਆਂ ਕਲਾਂ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ।

ਇੱਥੇ ਸਰਕਾਰੀ ਡਿਊਟੀ ਨਿਭਾਅ ਰਹੇ ਇੱਕ ਅਧਿਆਪਕ ਨੂੰ ਅਚਾਨਕ ਪੈਰਾਲਾਈਸਿਸ (Paralysis/ਲਕਵੇ) ਦਾ ਅਟੈਕ ਆਉਣ ਕਾਰਨ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੋ ਗਈ।

ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਜਾਣਕਾਰੀ ਅਨੁਸਾਰ, ਪੀੜਤ ਅਧਿਆਪਕ ਦੀ ਪਛਾਣ ਰਾਮ ਸਿੰਘ ਵਜੋਂ ਹੋਈ ਹੈ, ਜੋ ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾਪੁਰੀ ਵਿਖੇ ਬਤੌਰ ਈ.ਟੀ.ਟੀ. (ETT) ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

ਅਧਿਆਪਕ ਰਾਮ ਸਿੰਘ ਦੀ ਡਿਊਟੀ ਮਰਦਮਸ਼ੁਮਾਰੀ (ਜਨਗਣਨਾ) ਦੇ ਕੰਮ ਵਿੱਚ ਲੱਗੀ ਹੋਈ ਹੈ। ਰੋਜ਼ਾਨਾ ਦੀ ਤਰ੍ਹਾਂ ਕੱਲ੍ਹ ਸਵੇਰੇ ਕਰੀਬ 8:00 ਵਜੇ ਉਹ ਭਾਮੀਆਂ ਕਲਾਂ ਇਲਾਕੇ ਵਿੱਚ ਘਰ-ਘਰ ਜਾ ਕੇ ਆਪਣੀ ਡਿਊਟੀ ਕਰ ਰਹੇ ਸਨ।

ਇਸੇ ਦੌਰਾਨ ਅਚਾਨਕ ਉਨ੍ਹਾਂ ਨੂੰ ਪੈਰਾਲਾਈਸਿਸ ਦਾ ਦੌਰਾ ਪੈ ਗਿਆ ਅਤੇ ਉਹ ਸੰਤੁਲਨ ਵਿਗੜਨ ਕਾਰਨ ਮੁਹੱਲੇ ਦੀ ਗਲੀ ਵਿੱਚ ਹੀ ਡਿੱਗ ਪਏ।

ਅਧਿਆਪਕ ਨੂੰ ਗਲੀ ਵਿੱਚ ਡਿੱਗਿਆ ਦੇਖ ਕੇ ਆਸ-ਪਾਸ ਦੇ ਮੁਹੱਲਾ ਵਾਸੀ ਤੁਰੰਤ ਮਦਦ ਲਈ ਅੱਗੇ ਆਏ। ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਇਸ ਘਟਨਾ ਦੀ ਸੂਚਨਾ ਉਨ੍ਹਾਂ ਦੇ ਸਾਥੀ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਹੋਰ ਮੁਲਾਜ਼ਮਾਂ ਨੂੰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਰਾਮ ਸਿੰਘ ਦੀ ਹਾਲਤ ਅਜੇ ਵੀ ਕਾਫ਼ੀ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਸਿੱਖਿਆ ਜਗਤ ਅਤੇ ਅਧਿਆਪਕ ਜਥੇਬੰਦੀਆਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਸਾਥੀ ਅਧਿਆਪਕਾਂ ਵੱਲੋਂ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

 

Bank of Baroda Recruitment: ਸਰਕਾਰੀ ਬੈਂਕ ‘ਚ 5,000 ਨੌਜਵਾਨਾਂ ਨੂੰ ਮਿਲੇਗੀ ਨੌਕਰੀ; 12ਵੀਂ ਪਾਸ ਜਲਦੀ ਕਰੋ ਅਪਲਾਈ

 

Bank of Baroda Recruitment: ਸਰਕਾਰੀ ਬੈਂਕ ‘ਚ 5,000 ਨੌਜਵਾਨਾਂ ਨੂੰ ਮਿਲੇਗੀ ਨੌਕਰੀ; 12ਵੀਂ ਪਾਸ ਜਲਦੀ ਕਰੋ ਅਪਲਾਈ

ਬੈਂਕ ਆਫ਼ ਬੜੌਦਾ ਵੱਲੋਂ ਐਪ੍ਰੈਂਟਿਸਸ਼ਿਪ ਦੇ 5,000 ਅਹੁਦਿਆਂ ‘ਤੇ ਭਰਤੀ ਪ੍ਰਕਿਰਿਆ ਸ਼ੁਰੂ; 8 ਜੂਨ ਤੱਕ ਕਰੋ ਅਪਲਾਈ

ਐਪ੍ਰੈਂਟਿਸਸ਼ਿਪ ਦੇ ਕੁੱਲ 5,000 ਅਹੁਦਿਆਂ ਲਈ ਮੰਗੀਆਂ ਗਈਆਂ ਆਨਲਾਈਨ ਅਰਜ਼ੀਆਂ

ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 15,000 ਰੁਪਏ ਮਿਲੇਗਾ ਸਟਾਈਪੈਂਡ

ਉਮਰ ਸੀਮਾ 20 ਤੋਂ 28 ਸਾਲ ਨਿਰਧਾਰਿਤ; ਰਾਖਵੇਂ ਵਰਗਾਂ ਨੂੰ ਮਿਲੇਗੀ ਵਿਸ਼ੇਸ਼ ਛੋਟ

ਨਵੀਂ ਦਿੱਲੀ/ਚੰਡੀਗੜ੍ਹ, 21 ਮਈ 2026-

Bank of Baroda Recruitment: ਬੈਂਕਿੰਗ ਖੇਤਰ ਵਿੱਚ ਕਰੀਅਰ ਬਣਾਉਣ ਅਤੇ ਸਿਖਲਾਈ ਹਾਸਲ ਕਰਨ ਦੇ ਇੱਛੁਕ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਸਾਹਮਣੇ ਆਇਆ ਹੈ। ਬੈਂਕ ਆਫ਼ ਬੜੌਦਾ (BOB) ਵੱਲੋਂ ਐਪ੍ਰੈਂਟਿਸਸ਼ਿਪ ਦੇ ਅਹੁਦਿਆਂ ‘ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਭਰਤੀ ਮੁਹਿੰਮ ਤਹਿਤ ਐਪ੍ਰੈਂਟਿਸਸ਼ਿਪ ਦੇ ਕੁੱਲ 5,000 ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਯੋਗ ਅਤੇ ਇੱਛੁਕ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ bankofbaroda.bank.in ‘ਤੇ ਜਾ ਕੇ 08 ਜੂਨ, 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ (Age Limit)/ ਪ੍ਰੀਖਿਆ ਦਾ ਪੈਟਰਨ (Exam Pattern)

ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਨਿਰਧਾਰਿਤ ਕੀਤੀ ਗਈ ਹੈ। ਉਮਰ ਦੀ ਗਣਨਾ 01 May, 2026 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਨਿਯਮਾਂ ਅਨੁਸਾਰ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ, ਜਿਸ ਤਹਿਤ ਐਸ.ਸੀ. (SC) ਅਤੇ ਐਸ.ਟੀ. (ST) ਵਰਗ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਅਤੇ ਓ.ਬੀ.ਸੀ. (OBC) ਵਰਗ ਦੇ ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ।

ਉਮੀਦਵਾਰਾਂ ਦੀ ਚੋਣ ਲਈ ਇੱਕ ਲਿਖਤੀ ਪ੍ਰੀਖਿਆ ਲਈ ਜਾਵੇਗੀ, ਜਿਸ ਵਿੱਚ ਕੁੱਲ 100 ਅੰਕਾਂ ਦੇ 100 ਬਹੁ-ਵਿਕਲਪੀ (MCQs) ਸਵਾਲ ਪੁੱਛੇ ਜਾਣਗੇ। ਇਸ ਪ੍ਰੀਖਿਆ ਵਿੱਚ ਜਨਰਲ ਅਤੇ ਫਾਈਨੈਂਸ਼ੀਅਲ ਅਵੇਅਰਨੈੱਸ (ਵਿੱਤੀ ਜਾਗਰੂਕਤਾ), ਕੁਆਂਟਿਟੇਟਿਵ ਐਪਟੀਟਿਊਡ, ਰੀਜ਼ਨਿੰਗ, ਕੰਪਿਊਟਰ ਅਵੇਅਰਨੈੱਸ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਸੰਬੰਧਿਤ ਸਵਾਲ ਸ਼ਾਮਲ ਹੋਣਗੇ। ਪ੍ਰੀਖਿਆ ਨੂੰ ਹੱਲ ਕਰਨ ਲਈ ਉਮੀਦਵਾਰਾਂ ਨੂੰ 60 ਮਿੰਟ (1 ਘੰਟਾ) ਦਾ ਸਮਾਂ ਦਿੱਤਾ ਜਾਵੇਗਾ।

ਕਿੰਨਾ ਮਿਲੇਗਾ ਸਟਾਈਪੈਂਡ (Stipend)

ਐਪ੍ਰੈਂਟਿਸਸ਼ਿਪ ਦੇ ਰੂਪ ਵਿੱਚ ਸਫ਼ਲਤਾਪੂਰਵਕ ਚੁਣੇ ਗਏ ਉਮੀਦਵਾਰਾਂ ਨੂੰ ਬੈਂਕ ਵੱਲੋਂ ਸਿਖਲਾਈ ਦੌਰਾਨ 15,000 ਰੁਪਏ ਪ੍ਰਤੀ ਮਹੀਨਾ ਦਾ ਸਟਾਈਪੈਂਡ (ਭੱਤਾ) ਵੀ ਦਿੱਤਾ ਜਾਵੇਗਾ।

ਇਨ੍ਹਾਂ ਸਟੈਪਸ ਰਾਹੀਂ ਕਰੋ ਆਨਲਾਈਨ ਅਪਲਾਈ (How to Apply):

ਉਮੀਦਵਾਰ ਹੇਠਾਂ ਦਿੱਤੇ ਆਸਾਨ ਸਟੈਪਸ ਨੂੰ ਫਾਲੋ ਕਰਕੇ ਆਪਣੀ ਅਪਲਾਈ ਪ੍ਰਕਿਰਿਆ ਪੂਰੀ ਕਰ ਸਕਦੇ ਹਨ:

  • ਸਭ ਤੋਂ ਪਹਿਲਾਂ ਬੈਂਕ ਆਫ਼ ਬੜੌਦਾ ਦੀ ਅਧਿਕਾਰਤ ਵੈੱਬਸਾਈਟ bankofbaroda.bank.in ‘ਤੇ ਜਾਓ।
  • ਵੈੱਬਸਾਈਟ ਦੇ ਹੋਮਪੇਜ ‘ਤੇ ਦਿੱਤੇ ਗਏ ‘Online Registration’ ਲਿੰਕ ‘ਤੇ ਕਲਿੱਕ ਕਰੋ।
  • ਲਿੰਕ ਖੁੱਲ੍ਹਣ ਤੋਂ ਬਾਅਦ ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨਪੂਰਵਕ ਦਰਜ ਕਰੋ।
  • ਇਸ ਤੋਂ ਬਾਅਦ ਆਪਣੇ ਲੋੜੀਂਦੇ ਜ਼ਰੂਰੀ ਦਸਤਾਵੇਜ਼ਾਂ (Documents) ਦੀ ਸਕੈਨ ਕਾਪੀ ਅਪਲੋਡ ਕਰੋ।
  • ਫਾਰਮ ਨੂੰ ਸਬਮਿਟ ਕਰਨ ਤੋਂ ਬਾਅਦ, ਭਵਿੱਖ ਦੇ ਹਵਾਲੇ ਲਈ ਇਸ ਦਾ ਇੱਕ ਪ੍ਰਿੰਟ ਆਊਟ ਜ਼ਰੂਰ ਕੱਢ ਕੇ ਆਪਣੇ ਕੋਲ ਰੱਖੋ।

 

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ 18% DA ਦੀਆਂ ਕਿਸ਼ਤਾਂ/ ਬਕਾਏ ਖੋਲ੍ਹੀ ਸਰਕਾਰ ਦੇ ਝੂਠ ਦੀ ਪੋਲ

 

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ 18% DA ਦੀਆਂ ਕਿਸ਼ਤਾਂ/ ਬਕਾਏ ਖੋਲ੍ਹੀ ਸਰਕਾਰ ਦੇ ਝੂਠ ਦੀ ਪੋਲ

18% DA ਦੀਆਂ ਕਿਸ਼ਤਾਂ ਅਤੇ ਬਕਾਇਆ ਖੋਲ ਰਿਹੈ ਸਰਕਾਰ ਦੇ ਝੂਠ ਦੀਆਂ ਪਰਤਾਂ- ਮੁਲਾਜ਼ਮ ਵਰਗ ਅਤੇ ਪੈਨਸ਼ਨਰਜ ਮਾਨਯੋਗ ਅਦਾਲਤ ਦੇ ਫੈਸਲਿਆ ਨਾਲ ਖੁਸ਼

Punjab News, 21 ਮਈ 2026-

ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ ਨਾਲ ਪੰਜਾਬ ਸਰਕਾਰ ਹਮੇਸ਼ਾ ਧੋਖਾ ਕਰਦੀ ਰਹਿੰਦੀ ਹੈ। ਪਹਿਲਾ ਕਾਂਗਰਸ ਸਰਕਾਰ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਲਾਜ਼ਮ ਅਤੇ ਪੈਨਸ਼ਨਰਜ ਦੇ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਰੋਲ ਦਿੱਤੇ, ਪੇਂਡੂ ਭੱਤਾ, ਏ ਸੀ ਪੀ ਦੇ ਲਾਭ ਤੇ ਕਾਟ ਕੀਤੀ, ਹੁਣ ਮੌਜੂਦਾ ਸਰਕਾਰ ਨੇ ਮੁਲਾਜ਼ਮ ਅਤੇ ਪੈਨਸ਼ਨਰਜ ਦੇ 18% DA ਦੀਆਂ ਕਿਸ਼ਤਾ ਅਤੇ ਬਕਾਏ ਰੋਕਣ ਲਈ ਮਾਨਯੋਗ ਅਦਾਲਤ ਦੇ ਫੈਸਲਿਆਂ ਨੂੰ ਲਾਗੂ ਕਰਨ ਦੀ ਥਾਂ ਪੀ ਐਲ ਏ ਦਾਇਰ ਕਰਕੇ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ।

ਸੇਵਾਮੁਕਤ ਸਿੱਖਿਆ ਕਰਮਚਾਰੀ ਜਸਵੀਰ ਸਿੰਘ ਗੋਸਲ ਨੇ ਦੱਸਿਆ ਕਿ ਹਰੇਕ ਪੈਨਸ਼ਨਰਜ ਨੂੰ 4 ਹਜਾਰ ਤੋਂ ਲੈ ਕੇ ਦਸ ਹਜ਼ਾਰ ਤੱਕ ਹਰ ਮਹੀਨੇ ਘਟ ਪੈਨਸ਼ਨਰ ਅਤੇ ਮੌਜੂਦਾ ਮੁਲਾਜ਼ਮ ਨੂੰ 10 ਹਜ਼ਾਰ ਤੋਂ ਲੈ ਕੇ 15 ਹਜ਼ਾਰ ਤੱਕ ਘੱਟ ਤਨਖ਼ਾਹ ਮਿਲਦੀ ਹੈ।

ਸਕੱਤਰੇਤ ਦੇ ਸੇਵਾਮੁਕਤ ਅਫਸਰਜ਼ ਦੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਦੱਸਿਆ ਕਿ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਜ ਦਾ ਪੈਸਾ ਰੋਕ ਕੇ ਦੁਬਾਰਾ ਸੱਤਾ ਹਾਸਿਲ ਕਰਨ ਲਈ ਬੀਬੀਆਂ ਨੂੰ 1000 ਅਤੇ 1500 ਰੁਪਏ ਦੇਣ ਦਾ ਐਲਾਨ ਕਰਕੇ ਫੋਕੀ ਵਾਹ ਵਾਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਸੇਵਾਮੁਕਤ ਕਰਮਚਾਰੀ ਭਾਗ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਅਤੇ ਪੈਨਸ਼ਨਰਜ ਦੇ ਪੇ ਕਮਿਸ਼ਨ ਦੀ ਅਦਾਇਗੀ ਜੋ ਵੀ ਪਹਿਲਾ ਲਾਗੂ ਕੀਤੇ ਉਹ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਸਮੇਂ ਕੀਤੀ ਗਈ ਸੀ, ਪੇਂਡੂ ਭੱਤਾ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਲਾਗੂ ਕੀਤਾ ਗਿਆ ਸੀ।

ਸੇਵਾਮੁਕਤ ਸਿੱਖਿਆ ਅਧਿਆਪਕ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਮੋਜੂਦਾ ਸਰਕਾਰ ਨੇ ਜਨਰਲ ਕੈਟਾਗਰੀ ਵੈਲਫੇਅਰ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਨਾ ਕਰਕੇ ਜਨਰਲ ਵਰਗ ਵਿਰੋਧੀ ਚੇਹਰਾ ਅਤੇ ਮੁਲਾਜ਼ਮ ਅਤੇ ਪੈਨਸ਼ਨਰਜ ਦੇ ਬਕਾਏ ਤੋੜ ਕੇ ਅਤੇ ਡੀ.ਏ ਦੀਆਂ ਕਿਸ਼ਤਾ ਦੇ ਬਕਾਏ ਜਾਰੀ ਨਾ ਕਰਕੇ ਆਉਣ ਵਾਲੀ ਹਰੇਕ ਚੋਣ ਵਿੱਚ ਮੁਲਾਜ਼ਮ ਵਰਗ ਅਤੇ ਪੈਨਸ਼ਨਰਜ ਦੇ ਗੁੱਸੇ ਅਤੇ ਰੋਸ ਦਾ ਅਸਰ ਦੇਖਣ ਨੂੰ ਮਿਲੇਗਾ।

ਇਸ ਮੌਕੇ ਸੁਖਦੇਵ ਸਿੰਘ, ਨਰਿੰਦਰ ਸਿੰਘ ਗਿੱਲ, ਗੁਰਮੀਤ ਸਿੰਘ, ਅਮਰੀਕ ਸਿੰਘ ਸੇਵਾਮੁਕਤ, ਕਿਸ਼ਨ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ ਸੇਵਾਮੁਕਤ ਹੈਡਮਾਸਟਰ, ਡਾ ਦਵਿੰਦਰ ਸਿੰਘ ਬੋਹਾ ਸਾਬਕਾ ਅਧਿਕਾਰੀ, ਹਾਕਮ ਸਿੰਘ ਜਸਵੀਰ ਸਿੰਘ ਗੋਸਲ, ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ, ਮਹਿੰਦਰ ਸਿੰਘ ਚਾਹਿਲ, ਜਸਵੀਰ ਸਿੰਘ ਅਤੇ ਅਮਰਜੀਤ ਸਿੰਘ, ਬਲਦੇਵ ਸਿੰਘ, ਕੁਲਜਿੰਦਰ ਸਿੰਘ ਸੇਵਾਮੁਕਤ ਲੈਕਚਰਾਰ ਹਾਜ਼ਰ ਸਨ।

 

ਵੱਡੀ ਖ਼ਬਰ: ਪੰਜਾਬ Vigilance ਵੱਲੋਂ ਜ਼ਿਲ੍ਹਾ ਮਾਲ ਅਫ਼ਸਰ (DRO) ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

 

ਵੱਡੀ ਖ਼ਬਰ: ਪੰਜਾਬ Vigilance ਵੱਲੋਂ ਜ਼ਿਲ੍ਹਾ ਮਾਲ ਅਫ਼ਸਰ (DRO) ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

13 ਏਕੜ ਜ਼ਮੀਨ ਦੀ ਵੰਡ ਦਾ ਕੇਸ ਜਲਦੀ ਨਿਪਟਾਉਣ ਬਦਲੇ ਮੰਗੀ ਸੀ 1 ਲੱਖ ਰੁਪਏ ਰਿਸ਼ਵਤ

ਪੀੜਤ ਨੇ ਰਿਸ਼ਵਤ ਮੰਗਣ ਦੀ ਸਾਰੀ ਗੱਲਬਾਤ ਕਰ ਲਈ ਸੀ ਰਿਕਾਰਡ; ਵਿਜੀਲੈਂਸ ਨੇ ਵਿਛਾਇਆ ਜਾਲ

ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਥਾਣਾ ਵਿਜੀਲੈਂਸ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ

ਚੰਡੀਗੜ੍ਹ/ਮੋਗਾ, 21 ਮਈ 2026: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਮੋਗਾ ਦੇ ਜ਼ਿਲ੍ਹਾ ਮਾਲ ਅਫ਼ਸਰ (DRO) ਦੇ ਰੀਡਰ ਦਵਿੰਦਰ ਪਾਲ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਰੀਡਰ ਨੂੰ ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਦੇ ਪਿੰਡ ਚਾਕ ਕਾਨੀਆਂ ਖ਼ੁਰਦ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦੀ 13 ਏਕੜ ਜ਼ਮੀਨ ਦੀ ਵੰਡ (ਤਕਸੀਮ) ਸਬੰਧੀ ਇੱਕ ਕੇਸ ਡੀ.ਆਰ.ਓ. (DRO) ਮੋਗਾ ਦੀ ਅਦਾਲਤ ਵਿੱਚ ਲੰਬਿਤ ਪਿਆ ਸੀ। ਮੁਲਜ਼ਮ ਰੀਡਰ ਦਵਿੰਦਰ ਪਾਲ ਸਿੰਘ ਨੇ ਇਸ ਕੇਸ ਦਾ 5 ਤੋਂ 6 ਮਹੀਨਿਆਂ ਦੇ ਅੰਦਰ ਜਲਦੀ ਨਿਪਟਾਰਾ ਕਰਵਾਉਣ ਬਦਲੇ 1,00,000 (ਇੱਕ ਲੱਖ) ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਕਿਹਾ ਸੀ ਕਿ ਉਹ 50,000 ਰੁਪਏ ਐਡਵਾਂਸ ਵਜੋਂ ਦੇਵੇ ਅਤੇ ਬਾਕੀ ਰਹਿੰਦੇ 50,000 ਰੁਪਏ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਅਦਾ ਕਰੇ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸਬੰਧੀ ਹੋਈ ਇਸ ਸਾਰੀ ਗੱਲਬਾਤ ਨੂੰ ਆਪਣੇ ਫ਼ੋਨ ਵਿੱਚ ਰਿਕਾਰਡ ਕਰ ਲਿਆ ਸੀ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਕੋਲ ਪਹੁੰਚ ਕੀਤੀ। ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਾਲ ਵਿਛਾਇਆ।

ਜਿਵੇਂ ਹੀ ਮੁਲਜ਼ਮ ਰੀਡਰ ਨੇ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਲਏ, ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਰੰਗੇ ਹੱਥੀਂ ਦਬੋਚ ਲਿਆ।

ਵਿਜੀਲੈਂਸ ਬੁਲਾਰੇ ਮੁਤਾਬਕ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

 

Punjab Blast News: ਪੰਜਾਬ ‘ਚ ਵੱਡਾ ਧਮਾਕਾ; ਦੋ ਔਰਤਾਂ ਗੰਭੀਰ ਜ਼ਖ਼ਮੀ

 

Punjab Blast News: ਪੰਜਾਬ ‘ਚ ਵੱਡਾ ਧਮਾਕਾ: ਦੋ ਔਰਤਾਂ ਗੰਭੀਰ ਜ਼ਖ਼ਮੀ, ਕੰਧਾਂ ਅਤੇ ਛੱਤਾਂ ਟੁੱਟੀਆਂ

ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਦੀ ਘਟਨਾ; ਜ਼ੋਰਦਾਰ ਧਮਾਕੇ ਨਾਲ ਹਿੱਲਿਆ ਆਲਾ-ਦੁਆਲਾ

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੇ ਸ਼ੀਸ਼ੇ, ਦਰਵਾਜ਼ੇ, ਕੰਧਾਂ ਅਤੇ ਛੱਤਾਂ ਤੱਕ ਹੋਈਆਂ ਬੁਰੀ ਤਰ੍ਹਾਂ ਨੁਕਸਾਨੀਆਂ

ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ; ਫੋਰੈਂਸਿਕ ਅਤੇ ਐਕਸਪਲੋਸਿਵ ਮਾਹਿਰਾਂ ਵੱਲੋਂ ਜਾਂਚ ਸ਼ੁਰੂ

ਅੰਮ੍ਰਿਤਸਰ, 21 ਮਈ 2026-

ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਤੋਂ ਇੱਕ ਬੇਹੱਦ ਖ਼ੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਰਿਹਾਇਸ਼ੀ ਘਰ ਦੇ ਅੰਦਰ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਇੱਕ ਜ਼ਬਰਦਸਤ ਅਤੇ ਭਿਆਨਕ ਬਲਾਸਟ (ਧਮਾਕਾ) ਹੋ ਗਿਆ।

ਇਹ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਕਾਰਨ ਘਰ ਦੀਆਂ ਕੰਧਾਂ, ਦਰਵਾਜ਼ੇ, ਸ਼ੀਸ਼ੇ ਅਤੇ ਛੱਤਾਂ ਤੱਕ ਟੁੱਟ ਕੇ ਨੁਕਸਾਨੀਆਂ ਗਈਆਂ। ਹਾਦਸੇ ਦੌਰਾਨ ਘਰ ਦੇ ਅੰਦਰ ਮੌਜੂਦ ਦੋ ਮਹਿਲਾਵਾਂ ਗੰਭੀਰ ਰੂਪ ਵਿੱਚ ਝੁਲਸ ਗਈਆਂ ਅਤੇ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਵਿੱਚ ਹਫੜਾ-ਦਫ਼ੜੀ ਮਚ ਗਈ ਅਤੇ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ।

ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਲਬੇ ਹੇਠੋਂ ਦੋਵਾਂ ਜ਼ਖ਼ਮੀ ਮਹਿਲਾਵਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਸਥਾਨਕ ਲੋਕਾਂ ਤੋਂ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਫ਼ੋਰਸ ਤੁਰੰਤ ਮੌਕੇ ‘ਤੇ ਪਹੁੰਚੀ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।

ਘਰ ਦੇ ਅੰਦਰੋਂ ਦੋ ਮਹਿਲਾਵਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਦੀ ਹਾਲਤ ਬੇਹੱਦ ਗੰਭੀਰ ਹੋਣ ਕਾਰਨ, ਖ਼ਦਸ਼ਾ ਹੈ ਕਿ ਉਸਦੀ ਮੌਤ ਹੋ ਚੁੱਕੀ ਹੋਵੇ, ਪਰ ਇਸਦੀ ਅਧਿਕਾਰਤ ਪੁਸ਼ਟੀ ਹਸਪਤਾਲ ਤੋਂ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।”

ਉਨ੍ਹਾਂ ਅੱਗੇ ਦੱਸਿਆ, “ਅਜੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸਾਡੀ ਫੋਰੈਂਸਿਕ (Forensic) ਅਤੇ ਐਕਸਪਲੋਸਿਵ (Explosive) ਮਾਹਿਰਾਂ ਦੀਆਂ ਟੀਮਾਂ ਨੂੰ ਮੌਕੇ ‘ਤੇ ਸੱਦਿਆ ਗਿਆ ਹੈ, ਜੋ ਹਾਲਾਤਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।

ਘਰ ਦੇ ਬਾਹਰ ਡਿੱਗੇ ਮਲਬੇ ਅਤੇ ਪਟਾਕਿਆਂ ਦੇ ਸਾਮਾਨ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।”