ਸ਼ੁੱਕਰਵਾਰ, ਮਾਰਚ 13, 2026
Home Blog Page 25

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ: 7 ਮਾਰਚ ਨੂੰ ਹੋਣ ਵਾਲੀ ਸਪੈਸ਼ਲ PSTET-2 ਪ੍ਰੀਖਿਆ ਦੀ ਤਰੀਕ ਬਦਲੀ

 

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ: 7 ਮਾਰਚ ਨੂੰ ਹੋਣ ਵਾਲੇ ਸਪੈਸ਼ਲ PSTET-2 ਪ੍ਰੀਖਿਆ ਦੀ ਤਰੀਕ ਬਦਲੀ

ਮੋਹਾਲੀ, 28 ਫਰਵਰੀ 2026:

ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ), ਪੰਜਾਬ ਨੇ ਸਪੈਸ਼ਲ ਪੀਐਸਟੀਈਟੀ-2 ਪ੍ਰੀਖਿਆ, ਜੋ ਕਿ 7 ਮਾਰਚ, 2026 ਨੂੰ ਸ਼ਨੀਵਾਰ ਨੂੰ ਹੋਣੀ ਸੀ, ਐਤਵਾਰ, 8 ਮਾਰਚ, 2026 ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਰਵਿਸ ਵਿੱਚ ਮੌਜੂਦ ਅਧਿਆਪਕਾਂ ਤੋਂ ਲਈ ਜਾ ਰਹੀ ਸੀ।

ਐਸਸੀਈਆਰਟੀ ਨੇ ਕਿਹਾ ਕਿ ਪ੍ਰੀਖਿਆ ਦੀ ਮਿਤੀ ਵਿੱਚ ਤਬਦੀਲੀ ਸਕੂਲਾਂ ਵਿੱਚ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਅਤੇ ਅਧਿਆਪਕਾਂ ਦੇ ਰੁਝੇਵੇਂ ਵਾਲੇ ਸ਼ਡਿਊਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਉਮੀਦਵਾਰਾਂ ਨੂੰ ਅਪਡੇਟ ਕੀਤੀ ਜਾਣਕਾਰੀ ਅਤੇ ਪ੍ਰੀਖਿਆ ਨਾਲ ਸਬੰਧਤ ਵੇਰਵਿਆਂ ਲਈ ਵਿਭਾਗ ਦੀ ਵੈੱਬਸਾਈਟ https://www.ssapunjab.org ‘ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਐਸਸੀਈਆਰਟੀ ਪੰਜਾਬ ਦੇ ਡਾਇਰੈਕਟਰ ਨੇ ਸਾਰੇ ਉਮੀਦਵਾਰਾਂ ਨੂੰ ਨਵੇਂ ਪ੍ਰੀਖਿਆ ਸ਼ਡਿਊਲ ਅਨੁਸਾਰ ਤਿਆਰੀ ਕਰਨ ਦੀ ਅਪੀਲ ਕੀਤੀ ਹੈ।

 

Weather Update – IMD ਵੱਲੋਂ ਅਲਰਟ ਜਾਰੀ; ਪੰਜਾਬ ਵਿੱਚ ਵੀ ਬਦਲੇਗਾ ਮੌਸਮ, ਪਹਾੜੀ ਰਾਜਾਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ!

 

Weather Update – IMD ਵੱਲੋਂ ਅਲਰਟ ਜਾਰੀ; ਪੰਜਾਬ ਵਿੱਚ ਵੀ ਬਦਲੇਗਾ ਮੌਸਮ, ਪਹਾੜੀ ਰਾਜਾਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ! 

ਚੰਡੀਗੜ੍ਹ, ਨਵੀਂ ਦਿੱਲੀ 28 ਫਰਵਰੀ 2026

ਭਾਰਤੀ ਮੌਸਮ ਵਿਭਾਗ (IMD) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਮਾਰਚ ਦੀ ਸ਼ੁਰੂਆਤ ਤੋਂ ਹੀ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਵੱਧ ਰਹਿ ਸਕਦਾ ਹੈ। ਇਸ ਦੌਰਾਨ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਕੇਰਲ, ਪੱਛਮੀ ਬੰਗਾਲ, ਸਿੱਕਮ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

IMD ਵੱਲੋਂ ਜਾਰੀ ਅਲਰਟ ਮੁਤਾਬਕ, ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਉਮੀਦ ਹੈ। ਹਾਲਾਂਕਿ ਮੈਦਾਨੀ ਇਲਾਕਿਆਂ ਵਿੱਚ ਧੁੱਪ ਵਧ ਰਹੀ ਹੈ, ਪਰ ਪਹਾੜ ਠੰਢੇ ਰਹਿਣਗੇ। ਮੀਂਹ ਕਾਰਨ ਤਾਪਮਾਨ ਘਟਣ ਅਤੇ ਠੰਢਾ ਹੋਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਅਤੇ ਮੀਂਹ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਪੰਜਾਬ ਦੇ ਜਿਹੜੇ ਇਲਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਨੇ ਉਹਨਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

ਉੱਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਰਹੇਗਾ। ਹਾਲਾਂਕਿ, ਸ਼ਾਮ ਤੱਕ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਦਾ ਤਾਪਮਾਨ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ, ਪਰ ਹੇਠਲੇ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਵੱਧ ਸਕਦਾ ਹੈ।

ਜਾਣਕਾਰੀ ਅਨੁਸਾਰ 28 ਫਰਵਰੀ ਤੋਂ 2 ਮਾਰਚ ਤੱਕ ਦਿੱਲੀ-ਐਨਸੀਆਰ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਵੱਧ ਤੋਂ ਵੱਧ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਦਿਨ ਵੇਲੇ ਉੱਤਰ-ਪੱਛਮੀ ਹਵਾਵਾਂ 15 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ। ਹੋਲੀ ਦੌਰਾਨ ਲੋਕਾਂ ਨੂੰ ਕੋਈ ਠੰਢ ਨਹੀਂ ਲੱਗੇਗੀ।

ਉੱਤਰ ਪ੍ਰਦੇਸ਼ ਵਿੱਚ ਦਿਨ ਅਤੇ ਰਾਤ ਦੋਵੇਂ ਸਮੇਂ ਗਰਮੀ ਰਹੇਗੀ। ਮੌਸਮ ਵਿਭਾਗ ਦੇ ਅਨੁਸਾਰ, ਰਾਜ ਵਿੱਚ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਵੱਧ ਰਹਿ ਸਕਦਾ ਹੈ। ਅਗਲੇ 24 ਘੰਟਿਆਂ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ, ਪਰ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ।

ਬਿਹਾਰ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਉਮੀਦ ਹੈ। ਕਿਸੇ ਵੀ ਤੂਫ਼ਾਨ ਜਾਂ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ। ਘੱਟੋ-ਘੱਟ ਤਾਪਮਾਨ 14°C ਅਤੇ ਵੱਧ ਤੋਂ ਵੱਧ ਤਾਪਮਾਨ 31°C ਰਹਿਣ ਦੀ ਉਮੀਦ ਹੈ।

ਮੱਧ ਪ੍ਰਦੇਸ਼ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ। ਤੇਜ਼ ਧੁੱਪ ਕਾਰਨ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਵਧ ਸਕਦਾ ਹੈ। ਭੋਪਾਲ ਅਤੇ ਇੰਦੌਰ ਵਿੱਚ ਵੱਧ ਤੋਂ ਵੱਧ ਤਾਪਮਾਨ 30°C ਅਤੇ 32°C ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਰਾਜਸਥਾਨ ਵਿੱਚ ਵੀ ਮੌਸਮ ਖੁਸ਼ਕ ਰਹੇਗਾ। ਪੱਛਮੀ ਜ਼ਿਲ੍ਹਿਆਂ ਜਿਵੇਂ ਕਿ ਬਾੜਮੇਰ, ਬੀਕਾਨੇਰ ਅਤੇ ਜੈਸਲਮੇਰ ਵਿੱਚ ਵਧੇਰੇ ਗਰਮੀ ਪਵੇਗੀ। ਇੱਥੇ ਵੱਧ ਤੋਂ ਵੱਧ ਤਾਪਮਾਨ 33°C ਤੋਂ 36°C ਤੱਕ ਪਹੁੰਚ ਸਕਦਾ ਹੈ।

ਕੁੱਲ ਮਿਲਾ ਕੇ ਇਹੋ ਕਿਹਾ ਜਾ ਸਕਦਾ ਹੈ ਕਿ ਪਹਾੜੀ ਰਾਜਾਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਵੇਗੀ, ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਣ ਨੂੰ ਮਿਲੇਗਾ। ਬਹੁਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਇੱਥੇ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ। ਮੌਸਮ ਬਦਲਣ ਦੇ ਅਗਲੇ ਹਫਤੇ ਤੋਂ ਅਸਾਰ ਨੇ, ਜਦੋਂ ਕਿ ਇੱਕ ਸੂਚਨਾ ਇਹ ਵੀ ਹੈ ਕਿ ਮੈਦਾਨੀ ਇਲਾਕਿਆਂ ਵਿੱਚ ਗਰਮੀ ਵੀ ਵੱਧ ਸਕਦੀ ਹੈ।

 

ਵੱਡੀ ਖ਼ਬਰ: ਨੋਟਾਂ (ਕਰੰਸੀ) ਨਾਲ ਭਰਿਆ ਜਹਾਜ਼ ਕ੍ਰੈਸ਼, 15 ਲੋਕਾਂ ਦੀ ਮੌਤ- ਪੈਸੇ ਲੁੱਟਣ ਦੀ ਲੱਗੀ ਭੀੜ

 

ਵੱਡੀ ਖ਼ਬਰ: ਨੋਟਾਂ (ਕਰੰਸੀ) ਨਾਲ ਭਰਿਆ ਜਹਾਜ਼ ਕ੍ਰੈਸ਼, 15 ਲੋਕਾਂ ਦੀ ਮੌਤ- ਪੈਸੇ ਲੁੱਟਣ ਦੀ ਲੱਗੀ ਭੀੜ

Punjab Network 

World News, 28 ਫ਼ਰਵਰੀ 2026

ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਫਾਇਰ ਵਿਭਾਗ ਦੇ ਮੁਖੀ ਪਾਵੇਲ ਟੋਵਰ ਦੇ ਅਨੁਸਾਰ, ਇੱਕ ਕਾਰਗੋ ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ (ਕ੍ਰੈਸ਼) ਹੋ ਗਿਆ, ਜਿਸ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ।

ਜਹਾਜ਼ ਰਨਵੇਅ ਤੋਂ ਫਿਸਲ ਕੇ ਹਾਈਵੇਅ ‘ਤੇ ਉਤਰਿਆ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਰਨਵੇਅ ਤੋਂ ਫਿਸਲ ਕੇ ਨੇੜਲੇ ਸ਼ਹਿਰ ਐਲ ਆਲਟੋ ਵਿੱਚ ਇੱਕ ਹਾਈਵੇਅ ‘ਤੇ ਉਤਰਿਆ, ਜਿਸ ਨਾਲ ਕਈ ਵਾਹਨ ਟਕਰਾ ਗਏ। ਅਧਿਕਾਰੀਆਂ ਦੇ ਅਨੁਸਾਰ, ਹਾਦਸੇ ਵਿੱਚ ਘੱਟੋ-ਘੱਟ 15 ਵਾਹਨ ਨੁਕਸਾਨੇ ਗਏ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਮ੍ਰਿਤਕ ਜਹਾਜ਼ ਵਿੱਚ ਸਵਾਰ ਸਨ ਜਾਂ ਸੜਕ ‘ਤੇ ਚੱਲ ਰਹੇ ਵਾਹਨਾਂ ਵਿੱਚ।

ਬੋਲੀਵੀਅਨ ਏਅਰ ਫੋਰਸ ਹਰਕੂਲਸ ਜਹਾਜ਼ ਹਾਦਸਾਗ੍ਰਸਤ

ਇਹ ਦੱਸਿਆ ਗਿਆ ਹੈ ਕਿ ਜਹਾਜ਼, ਬੋਲੀਵੀਅਨ ਏਅਰ ਫੋਰਸ ਹਰਕੂਲਸ ਜਹਾਜ਼, ਦੇਸ਼ ਦੇ ਕੇਂਦਰੀ ਬੈਂਕ ਤੋਂ ਨਵੇਂ ਬਣਾਏ ਗਏ ਕਰੰਸੀ ਨੋਟ ਦੂਜੇ ਸ਼ਹਿਰਾਂ ਵਿੱਚ ਲੈ ਜਾ ਰਿਹਾ ਸੀ। ਹਾਦਸੇ ਤੋਂ ਬਾਅਦ, ਜਹਾਜ਼ ਵਿੱਚ ਅੱਗ ਲੱਗ ਗਈ, ਪਰ ਫਾਇਰਫਾਈਟਰਾਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਨੋਟ ਅਤੇ ਜਹਾਜ਼ ਦਾ ਮਲਬਾ ਹਾਈਵੇਅ ‘ਤੇ ਖਿੰਡੇ

ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਿੱਚ ਜਹਾਜ਼ ਦਾ ਮਲਬਾ, ਪੂਰੀ ਤਰ੍ਹਾਂ ਤਬਾਹ ਹੋਏ ਵਾਹਨ ਅਤੇ ਸੜਕ ‘ਤੇ ਖਿੰਡੇ ਹੋਏ ਨੋਟ ਦਿਖਾਈ ਦੇ ਰਹੇ ਹਨ। ਹਵਾਈ ਅੱਡੇ ਦੇ ਬਾਹਰ ਵੱਡੀ ਮਾਤਰਾ ਵਿੱਚ ਨਕਦੀ ਖਿੰਡੀ ਹੋਈ ਸੀ, ਜਿਸ ਕਾਰਨ ਸੈਂਕੜੇ ਲੋਕ ਇਸਨੂੰ ਇਕੱਠਾ ਕਰ ਰਹੇ ਸਨ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਦੰਗਾ ਵਿਰੋਧੀ ਉਪਕਰਣਾਂ ਦੀ ਵਰਤੋਂ ਕਰਨੀ ਪਈ।

ਦੂਜੇ ਪਾਸੇ ਇਸ ਗੰਭੀਰ ਹਾਦਸੇ ਤੋਂ ਬਾਅਦ, ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸਤ੍ਰਿਤ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਕਾਰਨ ਦਾ ਪਤਾ ਲਗਾਇਆ ਜਾਵੇਗਾ।

 

ਸਿੱਖਿਆ ਮੰਤਰੀ ਵੱਲੋਂ ਮੀਟਿੰਗ ਟਾਲਣ ‘ਤੇ ਭੜਕੇ ਅਧਿਆਪਕ! ਪੰਜਾਬ ਭਰ ‘ਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ

 

ਅਧਿਆਪਕ ਜਥੇਬੰਦੀਆਂ ਦਾ ਵੱਡਾ ਫੈਸਲਾ; 2 ਮਾਰਚ ਨੂੰ ਪੰਜਾਬ ਭਰ ‘ਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ

ਸਿੱਖਿਆ ਮੰਤਰੀ ਵੱਲੋਂ ਮੀਟਿੰਗ ਟਾਲਣ ‘ਤੇ ਭੜਕੇ ਅਧਿਆਪਕ; ‘ਜਬਰੀ ਟੈੱਟ’ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ

Punjab News, 27 ਫਰਵਰੀ 2026

ਸਮੂਹ ਅਧਿਆਪਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਪੰਜਾਬ ਵੱਲੋਂ ਅਧਿਆਪਕਾਂ ‘ਤੇ ਜਬਰੀ ਥੋਪੇ ਜਾ ਰਹੇ ਟੈੱਟ (TET) ਦੇ ਮਸਲੇ ਸਬੰਧੀ ਜਥੇਬੰਦੀਆਂ ਨਾਲ ਤੈਅ ਕੀਤੀ ਮੀਟਿੰਗ ਨੂੰ ਅੱਗੇ ਪਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ।

ਅਧਿਆਪਕ ਆਗੂਆਂ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਵਿਖੇ ਹੋਈ ਵਿਸ਼ਾਲ ਸੂਬਾਈ ਰੈਲੀ ਅਤੇ ਮਾਰਚ ਦੌਰਾਨ ਸਰਕਾਰ ਨੇ ਮੀਟਿੰਗ ਦਾ ਭਰੋਸਾ ਦਿੱਤਾ ਸੀ, ਪਰ ਹੁਣ ਸਰਕਾਰ ਇਸ ਤੋਂ ਭੱਜ ਰਹੀ ਹੈ।

ਇਸ ਦੇ ਰੋਸ ਵਜੋਂ ਫੈਸਲਾ ਲਿਆ ਗਿਆ ਹੈ ਕਿ 2 ਮਾਰਚ 2026 ਨੂੰ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਸੱਤਾਧਾਰੀ ਪਾਰਟੀ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ‘ਜਬਰੀ ਟੈੱਟ’ ਦਾ ਫੈਸਲਾ ਵਾਪਸ ਨਹੀਂ ਲਿਆ ਜਾਂਦਾ, ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਗੁਰਜੰਟ ਸਿੰਘ ਵਾਲੀਆ, ਕ੍ਰਿਸ਼ਨ ਸਿੰਘ ਦੁੱਗਾਂ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੁਖਜਿੰਦਰ ਸਿੰਘ ਹਰੀਕਾ, ਹਰਭਜਨ ਸਿੰਘ, ਗੁਰਿੰਦਰ ਸਿੰਘ ਸਿੱਧੂ, ਪਤਵੰਤ ਸਿੰਘ, ਗੁਰਬਿੰਦਰ ਸਿੰਘ ਸਸਕੌਰ, ਰੇਸ਼ਮ ਸਿੰਘ, ਹਰਜੰਟ ਸਿੰਘ ਬੋਡੇ, ਲਛਮਣ ਸਿੰਘ ਨਬੀਪੁਰ, ਨਵਪ੍ਰੀਤ ਸਿੰਘ ਬੱਲੀ, ਮਹਿੰਦਰ ਸਿੰਘ ਕੌੜਿਆਂਵਾਲੀ, ਕੁਲਵਿੰਦਰ ਸਿੰਘ ਸਮੇਤ ਕਈ ਅਧਿਆਪਕ ਆਗੂ ਹਾਜ਼ਰ ਸਨ।

ਪੰਜਾਬ ਦੇ ਸਮੂਹ ਜੁਝਾਰੂ ਅਧਿਆਪਕਾਂ ਨੂੰ 2 ਮਾਰਚ ਦੇ ਇਹਨਾਂ ਐਕਸ਼ਨਾਂ ਨੂੰ ਆਪਣੇ-ਆਪਣੇ ਜ਼ਿਲ੍ਹੇ ਵਿੱਚ ਵਹੀਰਾਂ ਘੱਤ ਕੇ ਸ਼ਾਮਿਲ ਹੁੰਦੇ ਹੋਏ ਸਫ਼ਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

 

ਅਧਿਆਪਕਾਂ ਲਈ TET ਦੀ ਸ਼ਰਤ ਦਾ ਤਿੱਖਾ ਵਿਰੋਧ: DTF ਨੇ ਸਰਕਾਰ ਨੂੰ ਦਿੱਤੀ ਚੇਤਾਵਨੀ- ਐਮਰਜੰਸੀ ਮੀਟਿੰਗ ‘ਚ ਲਏ ਵੱਡੇ ਫੈਸਲੇ

 

ਅਧਿਆਪਕਾਂ ਲਈ TET ਦੀ ਸ਼ਰਤ ਦਾ ਤਿੱਖਾ ਵਿਰੋਧ: DTF ਨੇ ਸਰਕਾਰ ਨੂੰ ਦਿੱਤੀ ਚੇਤਾਵਨੀ- ਐਮਰਜੰਸੀ ਮੀਟਿੰਗ ‘ਚ ਲਏ ਵੱਡੇ ਫੈਸਲੇ

7 ਮਾਰਚ ਦਾ ਟੈਸਟ ਰੱਦ ਕਰਨ ਅਤੇ ਵਿਧਾਨ ਸਭਾ ‘ਚ ਮਤਾ ਲਿਆਉਣ ਦੀ ਮੰਗ

Punjab News, 27 ਫਰਵਰੀ 2026

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ਼.) ਪੰਜਾਬ ਦੀ ਸੂਬਾ ਕਮੇਟੀ ਦੀ ਇੱਕ ਐਮਰਜੰਸੀ ਜ਼ੂਮ ਮੀਟਿੰਗ ਹੋਈ, ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਅਧਿਆਪਕਾਂ ਦੀ ਸਰਵਿਸ ਅਤੇ ਪ੍ਰੋਮੋਸ਼ਨ ਲਈ TET (ਅਧਿਆਪਕ ਯੋਗਤਾ ਟੈਸਟ) ਦੀ ਸ਼ਰਤ ਲਗਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਗਈ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਲਈ ਤੁਰੰਤ ਕਦਮ ਚੁੱਕੇ।

ਜਥੇਬੰਦੀ ਦੀਆਂ ਮੁੱਖ ਮੰਗਾਂ ਅਤੇ ਫੈਸਲੇ

DTF ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਵਿਰੁੱਧ ਤੁਰੰਤ ਰਿਵਿਊ ਪਟੀਸ਼ਨ ਦਾਇਰ ਕਰੇ ਅਤੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਵਿੱਚ ਇਸ ਵਿਰੁੱਧ ਮਤਾ ਪਾਸ ਕਰੇ। ਜਥੇਬੰਦੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ 7 ਮਾਰਚ ਨੂੰ ਪ੍ਰੋਮੋਟਡ ਅਧਿਆਪਕਾਂ ਲਈ ਰੱਖੇ ਗਏ ਟੈਸਟ ਨੂੰ ਤੁਰੰਤ ਰੱਦ ਕੀਤਾ ਜਾਵੇ।

ਮੰਗ ਕੀਤੀ ਗਈ ਹੈ ਕਿ 15 ਮਾਰਚ ਨੂੰ ਹੋਣ ਵਾਲੇ PSTET ਵਿੱਚ ‘ਇਨ-ਸਰਵਿਸ’ ਅਧਿਆਪਕਾਂ ਨੂੰ ਬੈਠਣ ਦੀ ਲੋੜ ਨਹੀਂ ਹੈ, ਇਸ ਸਬੰਧੀ ਸਰਕਾਰ ਤੁਰੰਤ ਸਪੱਸ਼ਟੀਕਰਨ ਪੱਤਰ ਜਾਰੀ ਕਰੇ। ਰਿਵਿਊ ਪਟੀਸ਼ਨ ਦਾ ਵੇਰਵਾ ਦੇ ਕੇ ਅਧਿਆਪਕਾਂ ਦੀਆਂ ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ।

ਅਧਿਆਪਕਾਂ ਦੀ ਯੋਗਤਾ ‘ਤੇ ਸਵਾਲ ਕਿਉਂ?

ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਅਧਿਆਪਕ ਪਹਿਲਾਂ ਹੀ ਈ.ਟੀ.ਟੀ. ਜਾਂ ਬੀ.ਐੱਡ. ਦੌਰਾਨ ਕਠਿਨ ਪ੍ਰੀਖਿਆਵਾਂ ਪਾਸ ਕਰਕੇ ਨੌਕਰੀ ਵਿੱਚ ਆਏ ਹਨ। ਅਜਿਹੇ ਵਿੱਚ ਸੇਵਾ ਦੌਰਾਨ ਜਾਂ ਤਰੱਕੀ ਲਈ ਮੁੜ ਟੈਸਟ ਦੀ ਸ਼ਰਤ ਲਗਾਉਣਾ ਅਧਿਆਪਕਾਂ ਦੀ ਯੋਗਤਾ ‘ਤੇ ਸਵਾਲ ਖੜ੍ਹੇ ਕਰਨ ਦੇ ਬਰਾਬਰ ਹੈ, ਜਿਸ ਨੂੰ ਜਥੇਬੰਦੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

 

ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਮੌਕੇ ਵਿਚਾਰ-ਚਰਚਾ! 

 

ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਮੌਕੇ ਵਿਚਾਰ-ਚਰਚਾ! 

ਸਾਡਾ ਅਨਮੋਲ ਵਿਰਸਾ ਬੱਬਰ ਅਕਾਲੀ ਲਹਿਰ: ਸੁਵਰਨ ਵਿਰਕ

ਫਾਸ਼ੀ ਹੱਲੇ ਖ਼ਿਲਾਫ਼ ਜੂਝਣਾ ਸਮੇਂ ਦੀ ਲੋੜ: ਡਾ. ਪਰਮਿੰਦਰ

ਜਲੰਧਰ (27 ਫਰਵਰੀ):

ਸਾਡੇ ਮੁਲਕ ਦੀ ਆਜ਼ਾਦੀ ਲਈ ਉੱਠੀਆਂ ਵੰਨ-ਸੁਵੰਨੀਆਂ ਲਹਿਰਾਂ ਵਿੱਚ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ (1926-2026) ਮੌਕੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਸ ਲਹਿਰ ਦੇ ਇਤਿਹਾਸਕ ਪੱਖਾਂ ਅਤੇ ਉਸਦੀ ਮੁੱਲਵਾਨ ਪ੍ਰਸੰਗਕਤਾ ਉਪਰ ਵਿਸ਼ੇਸ਼ ਵਿਚਾਰ-ਚਰਚਾ ਸਮਾਗਮ ਕੀਤਾ ਗਿਆ।

ਇਸ ਸਮਾਗਮ ਸਬੰਧੀ ਮੁੱਢਲੇ ਸ਼ਬਦ ਸਾਂਝੇ ਕਰਦਿਆਂ ਆਪਣੇ ਸੰਬੋਧਨ ‘ਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਨੇ ਕਿਹਾ ਕਿ 2026 ਦਾ ਪੂਰਾ ਵਰ੍ਹਾ ਚੱਲਣ ਵਾਲੇ ਬੱਬਰ ਅਕਾਲੀ ਲਹਿਰ ਸ਼ਤਾਬਦੀ ਨੂੰ ਸਮਰਪਤ ਸਮਾਗਮਾਂ ਦੀ ਸਿਖ਼ਰ ਹੋਏਗਾ, ਪਹਿਲੀ ਨਵੰਬਰ ਨੂੰ ਹੋਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ। ਉਹਨਾਂ ਕਿਹਾ ਕਿ ਅੱਜ 27 ਫਰਵਰੀ ਨੂੰ ਇਸ ਮੁਹਿੰਮ ਦਾ ਆਗਾਜ਼ ਸਮਾਰੋਹ ਉਸ ਇਤਿਹਾਸਕ ਦਿਹਾੜੇ ‘ਤੇ ਰੱਖਿਆ ਗਿਆ ਹੈ, ਜਿਸ ਦਿਨ 27 ਫਰਵਰੀ 1926 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਛੇ ਬੱਬਰ ਦੇਸ਼ ਭਗਤਾਂ ਨੂੰ ਫਾਂਸੀ ਲਗਾਇਆ ਗਿਆ ਸੀ।

ਸਮਾਗਮ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਦੋਵੇਂ ਵਕਤਾ ਕਮੇਟੀ ਮੈਂਬਰ ਸਵਰਨ ਸਿੰਘ ਵਿਰਕ, ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੰਚ ‘ਤੇ ਸਸ਼ੋਭਤ ਸਨ।

ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ ਨੇ ‘ਬੱਬਰ ਅਕਾਲੀ ਲਹਿਰ ਦੀ ਪ੍ਰਸੰਗਕਤਾ’ ਵਿਸ਼ੇ ‘ਤੇ ਬੋਲਦਿਆਂ ਬੱਬਰ ਅਕਾਲੀ ਲਹਿਰ ਦੇ ਅਣਗੌਲੇ ਇਤਿਹਾਸ ਦੇ ਕਈ ਪੱਖਾਂ ਉਪਰ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਦੇ ਗਠਨ ਪਿੱਛੇ ਉਸ ਵੇਲੇ ਦੇ ਪੰਜਾਬ ਅੰਦਰ ਕਿੰਨੀਆਂ ਹੀ ਥਾਵਾਂ ‘ਤੇ ਵਾਪਰੇ ਇੰਤਹਾ ਜ਼ਬਰ ਦੀਆਂ ਘਟਨਾਵਾਂ ਕਾਰਨ ਲੋਕ ਮਨਾਂ ਅੰਦਰ ਉੱਸਲਵੱਟੇ ਲੈਂਦਾ ਰੋਸ ਸ਼ਾਮਲ ਹੈ। ਜਿਸ ਕਾਰਨ ਸਿੱਧੇ ਨਿਸ਼ਾਨੇ ਦੀ ਮਾਰ ਹੇਠ ਬਰਤਾਨਵੀ ਹਕੂਮਤ ਦੇ ਤਖ਼ਤ ਦੇ ਪੌਡੇ ਬਣਨ ਵਾਲੇ ਜ਼ੈਲਦਾਰਾਂ, ਟੋਡੀਆਂ, ਮੁਖ਼ਬਰਾਂ ਨੂੰ ਲਿਆਂਦਾ ਗਿਆ।

ਸੁਵਰਨ ਵਿਰਕ ਨੇ ਕਿਹਾ ਕਿ ਬੱਬਰ ਅਕਾਲੀ ਲਹਿਰ ਨੂੰ ਇੱਕ ਵਿਸ਼ੇਸ਼ ਧਰਮ ਤੱਕ ਸੀਮਤ ਕਰਨ ਅਤੇ ਉਸੇ ਵਿਸ਼ੇਸ਼ ਧਰਮ ਨਾਲੋਂ ਨਿਖੇੜਨ ਲਈ ਵੀ ਯਤਨ ਕੀਤੇ ਗਏ ਪਰ ਸਚਾਈ ਕਦੇ ਛੁਪ ਜਾਂ ਹਾਰ ਨਹੀਂ ਸਕਦੀ।

ਉਹਨਾਂ ਕਿਹਾ ਕਿ ਰੂਸੀ ਕਰਾਂਤੀ ਦਾ ਮਾਸਟਰ ਮੋਤਾ ਸਿੰਘ ਵਰਗਿਆਂ ਰਾਹੀਂ ਬਾਲਸਿਜ਼ਮ ਦਾ ਪ੍ਰਭਾਵ ਵੀ ਇਸ ਲਹਿਰ ਨੂੰ ਰੰਗ ਚਾੜ੍ਹਨ ਦਾ ਕੰਮ ਕਰਨ ਲੱਗਾ। ਉਸ ਵੇਲੇ ਬਸਤੀਵਾਦ ਵਿਰੋਧੀ ਲਹਿਰਾਂ ਇੱਕ-ਦੂਜੀ ਲਹਿਰ ਦੀਆਂ ਪੂਰਕ ਸਨ। ਬੱਬਰ ਅਕਾਲੀਆਂ ਦੀ ਦੇਣ ਮਾਨਵਵਾਦੀ, ਸਮਤਾਪੂਰਕ ਸਮਾਜ ਦੀ ਸਿਰਜਣਾ ਦਾ ਜਮਹੂਰੀਕਰਨ ਕਰਨਾ ਸੀ।

ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ,”ਫ਼ਿਰਕੂ ਫਾਸ਼ੀ ਹੱਲੇ ਦੀਆਂ ਚੁਣੌਤੀਆਂ ਅਤੇ ਸਾਡੀ ਭੂਮਿਕਾ” ਵਿਸ਼ੇ ‘ਤੇ ਬੋਲਦੇ ਹੋਏ ਕਿਹਾ ਕਿ ਸਾਮਰਾਜੀ ਦੇ ਦੇਸੀ, ਬਹੁ-ਕੌਮੀ ਕੰਪਨੀਆਂ ਦੇ ਆਰਥਕ ਅਜੰਡੇ ਪੂਰੀ ਬੇਸ਼ਰਮੀ ਨਾਲ ਗੋਡਣੀਆਂ ਪਰਨੇ ਹੋ ਕੇ ਭਾਰਤੀ ਲੋਕਾਂ ਉਪਰ ਮੜ੍ਹਨ ਲਈ ਰਾਹ ਪੱਧਰਾ ਕਰਨ ਵਾਸਤੇ ਸਮਾਜ ਅੰਦਰ ਫ਼ਿਰਕੂ ਫਾਸ਼ੀਵਾਦ ਦੀ ਹਨੇਰੀ ਤੇਜ਼ੀ ਨਾਲ ਵਗਾ ਰਹੇ ਹਨ।

ਮੌਜੂਦਾ ਭਾਜਪਾ ਹਕੂਮਤ ਦਾ ਮੁੱਖ ਨਿਸ਼ਾਨਾ ਮੁਸਲਮਾਨ, ਇਸਾਈ ਅਤੇ ਕਮਿਊਨਿਸਟ ਨੇ। ਆਦਿਵਾਸੀ ਅਤੇ ਸੰਘਰਸ਼ ਕਰਦੇ ਮੁਲਕ ਦੇ ਕਾਮੇ, ਪੰਜਾਬ ਅੰਦਰ ਜਿਉਂਦ ਪਿੰਡ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਜਾਣਾ ਭਵਿੱਖ਼ ਵਿੱਚ ਫੈਲਦੇ ਫਾਸ਼ੀਵਾਦ ਦੇ ਪੰਜਿਆਂ ਦੀ ਖੁੰਖ਼ਾਰ ਤਸਵੀਰ ਪੇਸ਼ ਕਰਦਾ ਹੈ। ਇਟਲੀ, ਜਰਮਨੀ ਅਤੇ ਫ਼ਲਸਤੀਨ ਵਰਗੇ ਹਾਲਾਤ ਲਗਾਤਾਰ ਮੁਲਕ ਨੂੰ ਧੱਕਿਆਂ ਜਾ ਰਿਹਾ ਹੈ। ਸਾਮਰਾਜੀ ਹੱਲੇ ਦੇ ਸਿਰਜੇ ਅਖੌਤੀ ਰਾਸ਼ਟਰਵਾਦ ਦੇ ਬਦਲ ‘ਚ ਮਜ਼ਦੂਰ ਜਮਾਤ ਨੇ ਖਰੇ ਕੌਮੀ ਅਤੇ ਕੌਮਾਂਤਰੀ ਵਰਤਾਰੇ ਦਾ ਸੰਕਲਪ ਉਭਾਰਕੇ ਸਾਹਮਣੇ ਲਿਆਂਦਾ ਅਤੇ ਖ਼ਰੇ ਕੌਮਾਂਤਰੀਵਾਦ ਨੂੰ ਉਭਾਰਿਆ।

ਜਿਵੇਂ ਯਹੂਦੀਆਂ ਨੂੰ ਦੁਸ਼ਮਣ ਦੇ ਤੌਰ ‘ਤੇ ਉਭਾਰਿਆ ਗਿਆ, ਉਸੇ ਤਰ੍ਹਾਂ ਸਾਡੇ ਮੁਲਕ ਅੰਦਰ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਰੁਝਾਨ ਸਿਰਫ਼ ਭਾਜਪਾ, ਆਰ.ਐਸ.ਐਸ. ਦਾ ਹੀ ਨਹੀਂ ਆਨੰਦ ਮੱਠ ਵਰਗੇ ਨਾਵਲਾਂ ਰਾਹੀਂ ਇਸ ਪ੍ਰਬੰਧ ਦੇ ਰਖੇਲਾਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਦੀ ਪੁੱਠ ਚਾੜ੍ਹੀ। ਸਾਮਰਾਜੀ ਸਰਮਾਏ ਦੇ ਹੁਕਮਾਂ ਦੀ ਪਾਲਣਾ ਕਰਦਾ ਇਥੋਂ ਦਾ ਫਾਸ਼ੀ ਹੱਲਾ ਲੋਕਾਂ ਖ਼ਿਲਾਫ਼ ਹੈ।

ਜੇ ਅੱਜ ਭਾਜਪਾ ਆਰ.ਐਸ.ਐਸ. ਜਿੰਮੇਵਾਰ ਹੈ ਤਾਂ ਇਸਦੀ ਨੀਂਹ ਵਿੱਚ 1947 ਸਮੇਂ ਦੇ ਹੁਕਮਰਾਨਾ ਦੀ ਮਾਨਸਿਕਤਾ ਅਤੇ ਮੰਤਵ ਸਮੋਏ ਹੋਏ ਨੇ। ਉਹਨਾਂ ਕਿਹਾ ਕਿ ਪੰਜਾਬ ਅੰਦਰ ਖ਼ਾਲਿਸਤਾਨੀ ਦਹਿਸ਼ਤਗਰਦੀ ਨੂੰ ਇੱਕਜੁੱਟ ਸੰਘਰਸ਼ ਪੰਜਾਬ ਅੰਦਰ ਸਫ਼ਲ ਹੋਇਆ।

ਉਹਨਾਂ ਕਿਹਾ ਕਿ ਕੁਦਰਤੀ ਵਸੀਲਿਆਂ ਉਪਰ ਸਾਮਰਾਜੀ ਬਹੁਕੌਮੀ ਕੰਪਨੀਆਂ ਦਾ ਜੱਫਾ ਮਜ਼ਬੂਤ ਕੀਤਾ ਜਾ ਰਿਹਾ ਹੈ। ਜੇਕਰ ਇਹ ਕੁਦਰਤੀ ਵਸੀਲੇ ਲੋਕਾਂ ਲਈ ਵਰਤੇ ਜਾਣ ਤਾਂ ਨਾ ਭੁੱਖ ਮਰੀ, ਨਾ ਫ਼ਿਰਕੂ ਫਾਸ਼ੀ ਹੱਲੇ ਹੋਣਗੇ ਮੁਨਾਫ਼ਿਆਂ ਦੀ ਅੰਨ੍ਹੀ ਦੌੜ ਵਿੱਚ ਮਦਹੋਸ਼ ਭਾਜਪਾ ਹਕੂਮਤ ਸਾਮਰਾਜ ਨੂੰ ਮਜ਼ਬੂਤ ਕਰਨ, ਉਹਦੀ ਅਧੀਨਗੀ ਵਾਲਾ ਫਾਸ਼ੀਵਾਦ ਲਿਆ ਰਹੇ ਨੇ। ਅੱਜ ਦੇ ਸਮਾਗਮ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੱਬਰ ਅਕਾਲੀ ਲਹਿਰ ਦੇ ਪਿੰਡਾਂ, ਯਾਦਗਾਰੀ ਕਮੇਟੀਆਂ ਦੇ ਨੁੰਮਾਇੰਦਾ ਨੂੰ ‘ਸਨਮਾਨ ਚਿੰਨ੍ਹ’ ਭੇਂਟ ਕਰਕੇ ਅਤੇ ਉਹਨਾਂ ਦੀ ਦੇਣ ਨੂੰ ਸਲਾਮ ਕਰਦੇ ਹੋਏ ਸਨਮਾਨਤ ਕੀਤਾ ਗਿਆ।

ਮੰਚ ਤੋਂ ਸਨਮਾਨਤ ਹੋਣ ਵਾਲਿਆਂ ‘ਚ ਸ਼ਹੀਦ ਵਰਿਆਮ ਸਿੰਘ ਧੁੱਗਾ ਦੇ ਪਿੰਡੋਂ ਆਏ ਮੱਖਣ ਸਿੰਘ, ਸ਼ਹੀਦ ਕਰਤਾਰ ਸਿੰਘ ਚੱਕ ਕਲਾਂ ਤੋਂ ਪ੍ਰਮਿੰਦਰ ਸਿੰਘ, ਸ਼ਹੀਦ ਸੰਤਾ ਸਿੰਘ ਹਰਿਓਂ ਖੁਰਦ (ਲੁਧਿਆਣਾ) ਦੇ ਜਗਰੂਪ ਸਿੰਘ, ਮਾਸਟਰ ਕੁਲਵੰਤ ‘ਤਰਕ’, ਬੱਬਰ ਮੋਤਾ ਸਿੰਘ ਦੇ ਪਿੰਡ ਪਤਾਰਾ ਤੋਂ ਅਸ਼ੋਕ ਪਤਾਰਾ, ਕਰਮ ਸਿੰਘ ਦੌਲਤਪੁਰ ਦੀ ਸਮਾਰਕ ਵੱਲੋਂ ਜਸਪਾਲ ਜਾਂਡਲੀ, ਰਣਜੀਤ ਸਿੰਘ ਗੜ੍ਹੀ, ਸੁਖਵੀਰ ਸਿੰਘ, ਬੱਬਰ ਕਰਮ ਸਿੰਘ ਦੇ ਨਾਨਕਾ ਪਿੰਡ ਕੌਲਗੜ੍ਹ ਤੋਂ ਦੀਦਾਰ ਸ਼ੇਤਰਾ, ਬੱਬਰ ਅਕਾਲੀ ਹੈਰੀਟੇਜ਼ ਐਬਸਫੋਰਡ (ਕਨੇਡਾ) ਤੋਂ ਬਲਜਿੰਦਰ ਬੈਂਸ, ਰਾਜਿੰਦਰ ਢਿੱਲੋਂ, ਗੁਰਤੇਜ ਸਿੰਘ, ਗੁਰਦੇਵ ਸਿੰਘ ਬਰਾੜ, ਬੱਬਰ ਕਰਮ ਸਿੰਘ ਝਿੰਗੜ ਦੇ ਪਿੰਡੋਂ ਮਲਕੀਤ ਸਿੰਘ ਝਿੰਗੜ, ਬੱਬਰ ਅਕਾਲੀ ਹੈਰੀਟੇਜ ਐਬਸਫੋਰਡ (ਕਨੇਡਾ) ਤੋਂ ਅਮਰਜੀਤ ਸਿੰਘ ਨਰੰਗ, ਮੱਖਣ ਸਿੰਘ ਅੱਚਰਵਾਲ, ਮਲਕੀਤ ਸਿੰਘ ਤੂਰ, ਗੁਰਮੇਲ ਸਿੰਘ ਸੰਧੂ, ਬੱਬਰ ਸੁਰੈਣ ਸਿੰਘ ਦੌਲਪੁਰ ਅਲਾਵਲਪੁਰ ਤੋਂ ਜਸਵਿੰਦਰ ਸਿੰਘ ਦੌਲਤਪੁਰ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ‘ਚ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।

 

ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਮੁਲਾਜ਼ਮਾਂ ਦੀ ਭਰਤੀ; 6110 ਅਸਾਮੀਆਂ ਲਈ 11 ਮਾਰਚ ਤੱਕ ਕਰੋ ਅਪਲਾਈ

 

ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੀਆਂ ਕੁੱਲ 6110 ਅਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ

ਯੋਗ ਸਟਾਫ ਨਾਲ ਮਿਆਰੀ ਸਿੱਖਿਆ, ਪੋਸ਼ਣ ਤੇ ਦੇਖਭਾਲ ਯਕੀਨੀ: ਡਾ. ਬਲਜੀਤ ਕੌਰ

ਚੰਡੀਗੜ੍ਹ, 27 ਫਰਵਰੀ 2026:

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ 0 ਤੋਂ 6 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਢੁਕਵੇਂ ਅਤੇ ਦੂਰਗਾਮੀ ਕਦਮ ਚੁੱਕ ਰਹੀ ਹੈ।

ਇਸੇ ਉਦੇਸ਼ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੀਆਂ ਕੁੱਲ 6110 ਅਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ  ਮੰਤਰੀ ਨੇ ਦੱਸਿਆ ਕਿ ਕੁੱਲ 6110 ਅਸਾਮੀਆਂ ਵਿੱਚੋਂ 1316 ਅਸਾਮੀਆਂ ਆਂਗਨਵਾੜੀ ਵਰਕਰਾਂ ਅਤੇ 4794 ਅਸਾਮੀਆਂ ਆਂਗਨਵਾੜੀ ਹੈਲਪਰਾਂ ਦੀਆਂ ਹਨ।

ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰ 11 ਮਾਰਚ 2026 ਰਾਤ 11.59 ਵਜੇ ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 10 ਦਸੰਬਰ 2025 ਨਿਰਧਾਰਤ ਕੀਤੀ ਗਈ ਸੀ, ਜਿਸ ਵਿੱਚ ਹੁਣ ਵਾਧਾ ਕੀਤਾ ਗਿਆ ਹੈ। ਇਸ ਅਨੁਸਾਰ ਹੁਣ ਪੰਜਾਬ ਰਾਜ ਦੀਆਂ ਯੋਗ (ਕੇਵਲ ਇਸਤਰੀਆਂ) ਉਮੀਦਵਾਰਾਂ 25 ਫਰਵਰੀ ਤੋਂ 11 ਮਾਰਚ 2026 ਰਾਤ 11.59 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੀਆਂ ਹਨ।

ਉਨ੍ਹਾਂ ਸਪਸ਼ਟ ਕੀਤਾ ਕਿ ਅਰਜ਼ੀਆਂ sswcd.punjab.gov.in ਲਿੰਕ ਰਾਹੀਂ, ਨਿਰਧਾਰਿਤ ਫਾਰਮੈਟ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਕੇਵਲ ਆਨਲਾਈਨ ਮੋਡ ਰਾਹੀਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਹੋਰ ਕਿਸੇ ਵੀ ਮੋਡ ਰਾਹੀਂ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਵੱਲੋਂ ਇਨ੍ਹਾਂ ਅਸਾਮੀਆਂ ਲਈ ਪਹਿਲਾਂ ਹੀ ਅਪਲਾਈ ਕੀਤਾ ਗਿਆ ਹੈ, ਉਨ੍ਹਾਂ ਨੂੰ ਮੁੜ ਤੋਂ ਅਰਜ਼ੀ ਦੇਣ ਦੀ ਲੋੜ ਨਹੀਂ। ਹਾਲਾਂਕਿ ਜਿਨ੍ਹਾਂ ਉਮੀਦਵਾਰਾਂ ਦੀਆਂ ਅਰਜ਼ੀਆਂ ਪਹਿਲਾਂ ਦਸਤਾਵੇਜ਼ਾਂ ਦੀ ਘਾਟ ਕਾਰਨ ਰੱਦ ਹੋਈਆਂ ਸਨ, ਉਹ ਉਮੀਦਵਾਰ ਮੁੜ ਤੋਂ ਅਪਲਾਈ ਕਰ ਸਕਦੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ 0 ਤੋਂ 6 ਸਾਲ ਦੀ ਉਮਰ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਨਾਜ਼ੁਕ ਅਤੇ ਮਹੱਤਵਪੂਰਨ ਦੌਰ ਹੁੰਦਾ ਹੈ, ਜਿਸ ਦੌਰਾਨ ਮਿਲਣ ਵਾਲੀ ਸਿੱਖਿਆ, ਦੇਖਭਾਲ ਅਤੇ ਪੋਸ਼ਣ ਬੱਚੇ ਦੇ ਪੂਰੇ ਜੀਵਨ ਦੀ ਮਜ਼ਬੂਤ ਨੀਂਹ ਬਣਦੇ ਹਨ।

ਉਨ੍ਹਾਂ ਕਿਹਾ ਕਿ ਹਰ ਬੱਚਾ, ਚਾਹੇ ਉਹ ਸ਼ਹਿਰ ਵਿੱਚ ਰਹਿੰਦਾ ਹੋਵੇ ਜਾਂ ਪਿੰਡ ਵਿੱਚ, ਇੱਕ ਸੁਰੱਖਿਅਤ ਅਤੇ ਉਤਸ਼ਾਹ ਭਰਪੂਰ ਮਾਹੌਲ ਦਾ ਹੱਕਦਾਰ ਹੈ ਅਤੇ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਬੱਚਾ ਸਿਰਫ਼ ਸਾਧਨਾਂ ਦੀ ਘਾਟ ਕਾਰਨ ਆਪਣੇ ਸੁਪਨਿਆਂ ਤੋਂ ਵੰਚਿਤ ਨਾ ਰਹੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਆਂਗਨਵਾੜੀ ਸੈਂਟਰ ਵਿੱਚ ਯੋਗ ਅਤੇ ਕਾਬਿਲ ਸਟਾਫ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ, ਤਾਂ ਜੋ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ, ਸੰਤੁਲਿਤ ਪੋਸ਼ਣ ਅਤੇ ਸੰਵੇਦਨਸ਼ੀਲ ਦੇਖਭਾਲ ਦੀਆਂ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਸਕਣ।

ਇਸ ਭਰਤੀ ਪ੍ਰਕਿਰਿਆ ਨਾਲ ਇੱਕ ਪਾਸੇ ਰੋਜ਼ਗਾਰ ਦੇ ਨਵੇਂ ਮੌਕੇ ਉਪਲਬਧ ਹੋਣਗੇ, ਦੂਜੇ ਪਾਸੇ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਟੀਚੇ ਨੂੰ ਹੋਰ ਮਜ਼ਬੂਤੀ ਮਿਲੇਗੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਸ਼ਹਿਰਾਂ, ਬਲਾਕਾਂ ਅਤੇ ਪਿੰਡ ਪੱਧਰ ‘ਤੇ ਚੱਲ ਰਹੇ ਆਂਗਨਵਾੜੀ ਸੈਂਟਰਾਂ ਰਾਹੀਂ ਬੱਚਿਆਂ ਨੂੰ ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਦੇ ਸਮਾਨ ਗੁਣਵੱਤਾ ਵਾਲੀ ਸਿੱਖਿਆ, ਉਚਿਤ ਫਰਨੀਚਰ ਅਤੇ ਆਧੁਨਿਕ ਕਰੀਕੁਲਮ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

 

ਵੱਡੀ ਖ਼ਬਰ: ਟੈੱਟ ਦੀ ਸ਼ਰਤ ਖ਼ਤਮ ਕਰਵਾਉਣ ਲਈ ਪੰਜਾਬ ਦੇ ਅਧਿਆਪਕਾਂ ਨਾਲ ਜਲਦ ਮੀਟਿੰਗ ਕਰਨਗੇ ਕੇਂਦਰੀ ਸਿੱਖਿਆ ਮੰਤਰੀ

 

ਵੱਡੀ ਖ਼ਬਰ: ਟੈੱਟ (TET) ਦੀ ਸ਼ਰਤ ਖ਼ਤਮ ਕਰਵਾਉਣ ਲਈ ਪੰਜਾਬ ਦੇ ਅਧਿਆਪਕਾਂ ਨਾਲ ਜਲਦ ਮੀਟਿੰਗ ਕਰਨਗੇ ਕੇਂਦਰੀ ਸਿੱਖਿਆ ਮੰਤਰੀ

ਜਾਖੜ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਕੋਲ ਮੁੱਦਾ ਉਠਾਉਣ ਅਤੇ ਆਰਡੀਨੈਂਸ ਜਾਰੀ ਕਰਵਾਉਣ ਦਾ ਭਰੋਸਾ; ਪੁਰਾਣੀ ਪੈਨਸ਼ਨ ਬਹਾਲੀ ‘ਤੇ ਵੀ ਹੋਈ ਚਰਚਾ

ਟੈੱਟ ਦੇ ਗੰਭੀਰ ਮਸਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗ – ਪੰਨੂ, ਲਹੌਰੀਆ

Punjab News, 27 Feb 2026- 

ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਟੈੱਟ ਦੀ ਸ਼ਰਤ ਖਤਮ ਕਰਾਉਣ ਲਈ ਅਧਿਆਪਕਾਂ/ਮੁਲਾਜ਼ਮਾਂ ਦੇ ਅਹਿਮ ਮੁੱਦੇ ਨੂੰ ਕੇਂਦਰੀ ਸਿੱਖਿਆ ਮੰਤਰੀ ਕੋਲ ਉਠਾ ਕੇ ਹੱਲ ਦਾ ਭਰੋਸਾ ਦਿੱਤਾ। ਕੇਂਦਰੀ ਸਿੱਖਿਆ ਮੰਤਰੀ ਨਾਲ ਪੰਜਾਬ ਦੇ ਅਧਿਆਪਕਾਂ/ਮੁਲਾਜ਼ਮਾਂ ਦੇ ਵਫਦ ਦੀ ਜਲਦ ਮੀਟਿੰਗ ਵੀ ਤੈਅ ਕਰਾਈ ਜਾਵੇਗੀ।

ਅਧਿਆਪਕਾਂ/ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਅਤੇ ਤਰੱਕੀਆਂ ਲਈ ਟੈਟ ਦੀ ਸ਼ਰਤ ਖਤਮ ਕਰਾਉਣ ਲਈ, ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਕੇਂਦਰੀ ਸਿੱਖਿਆ ਮੰਤਰੀ ਕੋਲ ਮੁੱਦਾ ਉਠਾਉਣ ਲਈ ਚੱਲ ਰਹੇ ਪ੍ਰੋਗਰਾਮਾਂ ਤਹਿਤ ਟੈੱਟ ਵਰਗੇ ਗੰਭੀਰ ਮਸਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਮੀਟਿੰਗ।

ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ (ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ) , ਬਲਜਿੰਦਰ ਸਿੰਘ ਧਾਲੀਵਾਲ (ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ) ਦੀ ਅਗਵਾਈ ਹੇਠ ਅਧਿਆਪਕਾਂ/ਮੁਲਾਜ਼ਮਾਂ ਦੇ ਵਫਦ ਨਾਲ ਗੱਲਬਾਤ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਿਹਾ ਕਿ ਲੰਮਾ ਤਜਰਬਾ ਹਾਸਿਲ ਪੰਜਾਬ ਦੇ ਅਧਿਆਪਕਾਂ/ਮੁਲਾਜ਼ਮਾਂ ਦੀ ਟੈਟ ਦੀ ਸ਼ਰਤ ਖਤਮ ਕਰਨ ਦੀ ਜਾਇਜ਼ ਮੰਗ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਕੋਲ ਉਠਾ ਕੇ ਜਲਦ ਹੱਲ ਕਰਾਉਣ ਲਈ ਆਰਡੀਨੈਂਸ ਜਾਰੀ ਕਰਾਉਣ ਦਾ ਭਰੋਸਾ ਦਿੱਤਾ।

ਇਸ ਦੇ ਨਾਲ ਹੀ ਪੰਜਾਬ ਦੇ ਵਫਦ ਦੀ ਮੀਟਿੰਗ ਕੇਂਦਰੀ ਸਿੱਖਿਆ ਮੰਤਰੀ ਨਾਲ ਵੀ ਤੈਅ ਕਰਵਾਈ ਜਾਵੇਗੀ। ਇਸ ਮੌਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਪੱਤਰ ਪੇਸ਼ ਕਰਨ ‘ਤੇ ਉਨ੍ਹਾਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਵੀ ਕੇਂਦਰ ਕੋਲ ਮੰਗ ਉਠਾਉਣਗੇ। ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਇਸ ਭੱਖਦੇ ਮਸਲੇ ਦੇ ਹੱਲ ਲਈ ਕੇਂਦਰ ਤੱਕ ਪਹੁੰਚ ਕਰਨ ਲਈ ਸਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਰਾਹੀਂ ਪਹਿਲਾਂ ਹੀ ਮੰਗ ਪੱਤਰ ਪੇਸ਼ ਕੀਤੇ ਗਏ ਹਨ।

ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਕਿਹਾ ਕਿ ਪੰਜਾਬ ਭਰ ਦੇ ਅਧਿਆਪਕ/ਮੁਲਾਜ਼ਮ ਟੈੱਟ ਦਾ ਪੂਰਨ ਬਾਈਕਾਟ ਰੱਖਣ। ਅੱਜ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਵਫਦ ‘ਚ ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਮੀਤ ਸਿੰਘ ਭੁੱਲਰ, ਦਲਜੀਤ ਸਿੰਘ ਲਹੌਰੀਆ, ਗੁਰਿੰਦਰ ਸਿੰਘ ਘੁੱਕੇਵਾਲੀ, ਦਲਜੀਤ ਸਿੰਘ ਸੱਭਰਵਾਲ, ਅਸ਼ੋਕ ਸਰਾਰੀ, ਜਗਨੰਦਨ ਸਿੰਘ ਫਾਜ਼ਿਲਕਾ, ਪ੍ਰਸੋਤਮ ਸਿੰਘ ਕੱਦਗਿੱਲ, ਹਰਜਿੰਦਰ ਸਿੰਘ ਕਰਨਾਵਲ, ਨੀਰਜ ਕੁਮਾਰ ਫਾਜ਼ਿਲਕਾ, ਸਮਸੇਰ ਸਿੰਘ ਮੋਗਾ, ਧਰਮਿੰਦਰ ਸਿੰਘ ਫਰੀਦਕੋਟ, ਗਗਨਦੀਪ ਸਿੰਘ, ਰਜਵੰਤ ਸਿੰਘ ਮੋਹਾਲੀ ਅਤੇ ਹੋਰ ਆਗੂ ਮੌਜੂਦ ਸਨ।

 

Big News: ਪੰਜਾਬ ਪੁਲਿਸ ਵੱਲੋਂ 515 ਥਾਈਂ ਛਾਪੇਮਾਰੀ, 184 ਕਾਬੂ

 

ਪੰਜਾਬ ਪੁਲਿਸ ਵੱਲੋਂ 515 ਥਾਈਂ ਛਾਪੇਮਾਰੀ ; 184 ਕਾਬੂ

— ਪੁਲਿਸ ਟੀਮਾਂ ਨੇ 91 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ, 113 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ

— ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ’ਚ ਦੇ ਸਕਦੇ ਹਨ ਗੈਂਗਸਟਰਾਂ ਬਾਰੇ ਜਾਣਕਾਰੀ

— ਯੁੱਧ ਨਸ਼ਿਆਂ ਵਿਰੁੱਧ ਦੇ 363ਵੇਂ ਦਿਨ 103 ਨਸ਼ਾ ਤਸਕਰ 4 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ, 27 ਫਰਵਰੀ 2026-

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੇ 38ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 515 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।

ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜਿਸਦੀ ਸੁਰੂਆਤ 20 ਜਨਵਰੀ, 2026 ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕੀਤੀ ਸੀ। ਇਸ ਮੁਹਿੰਮ ਤਹਿਤ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਪੂਰੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ।

ਮੁਹਿੰਮ ਦੇ 38ਵੇਂ ਦਿਨ, ਪੁਲਿਸ ਟੀਮਾਂ ਨੇ 184 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਚਾਰ ਹਥਿਆਰ ਬਰਾਮਦ ਕੀਤੇ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 11,800 ਹੋ ਗਈ ਹੈ।

ਇਸ ਤੋਂ ਇਲਾਵਾ 91 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 113 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਪਿੱਛੋਂ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 12 ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਲੋਕ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਜਾਣਕਾਰੀ ਦੇ ਸਕਦੇ ਹਨ ਅਤੇ ਇਸ ‘ਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ/ਜਾਣਕਾਰੀ ਵੀ ਸਾਂਝੀ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ 363ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 103 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿਲੋ ਹੈਰੋਇਨ, 2715 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 3700 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਬਰਾਮਦ ਕੀਤੀ। ਇਸ ਦੇ ਨਾਲ ਸਿਰਫ਼ 363 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 51,497 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ 31 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ।

 

ਪ੍ਰਿੰ . ਬਹਾਦਰ ਸਿੰਘ ਗੋਸਲ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਦੀ ਸੰਪਾਦਿਤ ਪੁਸਤਕ ‘ਬਾਲ ਕਾਵਿ ਕਿਆਰੀ’ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 1 ਮਾਰਚ ਨੂੰ

 

ਪ੍ਰਿੰ . ਬਹਾਦਰ ਸਿੰਘ ਗੋਸਲ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਦੀ ਸੰਪਾਦਿਤ ਪੁਸਤਕ ‘ਬਾਲ ਕਾਵਿ ਕਿਆਰੀ’ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 1 ਮਾਰਚ ਨੂੰ

ਚੰਡੀਗੜ੍ਹ, 27 ਫ਼ਰਵਰੀ 2026:

ਨਵਾਂ ਪੰਧ ਨਵੀਂ ਸੋਚ ਸੰਸਥਾ ਮੋਹਾਲੀ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਪੁਸਤਕ ‘ਬਾਲ ਕਾਵਿ ਕਿਆਰੀ’ ਦਾ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਮਿਊਨਿਟੀ ਸੈਂਟਰ ਸੈਕਟਰ-43 ਚੰਡੀਗੜ੍ਹ, ਮਿਤੀ-01-03-2026 ਦਿਨ ਐਤਵਾਰ ਸਮਾਂ 10.30 ਵਜੇ ਸਵੇਰੇ ਕੀਤਾ ਜਾ ਰਿਹਾ ਹੈ। ਇਹ ਪੁਸਤਕ ਮੁੱਖ ਸੰਪਾਦਕ ਪ੍ਰਿੰ. ਬਹਾਦਰ ਸਿੰਘ ਗੋਸਲ, ਸਹਿ-ਸੰਪਾਦਕ ਬਲਜਿੰਦਰ ਕੌਰ ਸ਼ੇਰਗਿੱਲ ਵਲੋਂ ਸੰਪਾਦਿਤ ਕੀਤੀ ਗਈ ਹੈ।

ਇਸ ਪੁਸਤਕ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸਕੂਲ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਗਾਈਡ ਕਰਕੇ ਕਵਿਤਾਵਾਂ ਅਤੇ ਸਹਿਤ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਸਾਡੀ ਮਾਤ ਭਾਸ਼ਾ ਬਾਰੇ ਬਾਲ ਮਨਾਂ ਵਿਚ ਚੇਟਕ ਪੈਦਾ ਹੋ ਸਕੇ। ਇਸ ਮੌਕੇ ਪੁਸਤਕ ਵਿਚਲੇ ਬਾਲ ਲੇਖਕਾਂ ਨੂੰ ਸਰੀਟੀਫਿਕੇਟ, ਪੈਨ, ਮੈਡਲ ਅਤੇ ਪੁਸਤਕ ‘ਬਾਲ ਕਾਵਿ ਕਿਆਰੀ’ ਅਤੇ ਗਾਈਡ ਅਧਿਆਪਕਾਂ ਨੂੰ ਇੱਕ ਪੁਸਤਕ ਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਪੁਸਤਕ ਉਤੇ ਪਰਚਾ ਪੇਸ਼ਕਾਰੀ ਭੁਪਿੰਦਰ ਸਿੰਘ ਭਾਗੋਮਾਜਰੀਆ (ਲੈਕਚਰਾਰ) ਵਲੋਂ ਕੀਤੀ ਜਾਵੇਗੀ।

ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਹਨਵੰਤ ਸਿੰਘ (ਪ੍ਰਡਿਊਸਰ ਅਤੇ ਐਕਰ ਪੀ.ਟੀ.ਸੀ. ਚੈਨਲ), ਪ੍ਰਧਾਨਗੀ ਕੇ -ਕੇ ਸ਼ਾਰਦਾ (ਸਮਾਜ ਸੇਵੀ), ਵਿਸ਼ੇਸ਼ ਮਹਿਮਾਨ 1) ਪ੍ਰੇਮ ਲਤਾ ਕੌਂਸਲਰ, 2) ਪ੍ਰੇਮ ਵਿਜ (ਸੀਨੀਅਰ ਲੇਖਕ ), 3) ਮਲਕੀਤ ਸਿੰਘ ਸੈਣੀ (ਡਾਇਰੈਕਟਰ ਚੰਡੀਗੜ੍ਹ ਐਨਰਜੀ ਪ੍ਰਾਈਵੇਟ ਲਿਮਟਿਡ) 4) ਸੁਰਜੀਤ ਸਿੰਘ ਧੀਰ (ਸਾਬਕਾ ਚੀਫ ਇੰਜੀਨੀਅਰ), ਸਟੇਜ ਸੰਚਾਲਨ ਹਰਦੀਪ ਕੌਰ ਵਿਰਕ (ਚੜ੍ਹਦੀ ਕਲਾ ਟਾਈਮਜ਼ ਬਿਊਰੋ ਚੀਫ਼) ਬਾਖੂਬੀ ਨਿਭਾਉਣਗੇ।

ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ (ਪ੍ਰਧਾਨ) ਬਲਜਿੰਦਰ ਕੌਰ ਸ਼ੇਰਗਿੱਲ (ਸੰਸਥਾਪਕ ), ਸ਼ਾਇਰ ਵਿੰਦਰ ਮਾਝੀ (ਜਨਰਲ ਸਕੱਤਰ), ਅਵਤਾਰ ਸਿੰਘ ਮਹਿਤਪੁਰੀ (ਜਨਰਲ ਸਕੱਤਰ), ਜਗਤਾਰ ਸਿੰਘ ਜੋਗ ( ਸੀਨੀ. ਮੀਤ ਪ੍ਰਧਾਨ) , ਰਾਜਵਿੰਦਰ ਸਿੰਘ ਗੱਡੂ (ਅੰਤਰਰਾਸ਼ਟਰੀ ਸਾਹਿਤਕ ਸੱਥ ਪ੍ਰਧਾਨ), ਰਾਜਿੰਦਰ ਸਿੰਘ ਧੀਮਾਨ (ਮੁੱਖ ਸਹਿਯੋਗੀ), ਡਾ. ਪੰਨਾ ਲਾਲ ਮੁਸਤਫਾਵਾਦੀ (ਪ੍ਰਬੰਧਕੀ ਸਕੱਤਰ), ਰਵਿੰਦਰ ਸਿੰਘ ਲੁਬਾਣਾ (ਲੈਕਚਰਾਰ), ਬਲਵਿੰਦਰ ਸਿੰਘ (ਸਲਾਹਕਾਰ), ਭੁਪਿੰਦਰ ਸਿੰਘ ਭਾਗੋਮਾਜਰੀਆ (ਪ੍ਰੈਸ ਸਕੱਤਰ), ਦਲਬੀਰ ਸਿੰਘ ਸਰੋਆ (ਪ੍ਰਬੰਧਕੀ ਸਕੱਤਰ) ਰਾਜ ਕੁਮਾਰ ਸਾਹੋਵਾਲੀਆ (ਮੁੱਖ ਸਹਿਯੋਗੀ), ਅਮਰਜੀਤ ਸਿੰਘ ਬਠਲਾਣਾ (ਪ੍ਰੈਸ ਸਕੱਤਰ)।

ਤੇਜਾ ਸਿੰਘ ਥੂਹਾ (ਮੁੱਖ ਸਹਿਯੋਗੀ), ਕ੍ਰਿਸ਼ਨ ਰਾਹੀ (ਮੁੱਖ ਸਹਿਯੋਗੀ) ਹਰਪ੍ਰੀਤ ਕੌਰ (ਮੁੱਖ ਸਹਿਯੋਗੀ), ਪਿਆਰਾ ਸਿੰਘ ਰਾਹੀਂ (ਮੁੱਖ ਸਹਿਯੋਗੀ), ਡਾ. ਵਿਨੋਦ ਸ਼ਰਮਾ (ਮੁੱਖ ਸਹਿਯੋਗੀ), ਨੀਲਮ ਨਾਰੰਗ (ਮੁੱਖ ਸਹਿਯੋਗੀ), ਡਾ. ਸੰਗੀਤਾ ਸ਼ਰਮਾ ਕੁੰਦਰਾ (ਮੁੱਖ ਸਹਿਯੋਗੀ), ਪ੍ਰੇਮ ਲਤਾ (ਕੌਂਸਲਰ), ਪ੍ਰੋ. ਕੇਵਲਜੀਤ ਕੰਵਲ (ਮੁੱਖ ਸਹਿਯੋਗੀ), ਪਾਲ ਅਜਨਬੀ (ਮੁੱਖ ਸਹਿਯੋਗੀ), ਬਾਬੂ ਰਾਮ ਦੀਵਾਨਾ (ਮੁੱਖ ਸਹਿਯੋਗੀ), ਹਰਿੰਦਰ ਸਿਨਹਾ, ਮੰਜੂ ਸ਼ਾਰਦਾ, ਚਰਨਜੀਤ ਕੌਰ ਬਾਠ (ਮੁੱਖ ਸਹਿਯੋਗੀ), ਭਗਤ ਰਾਮ ਰੰਗਾੜਾ (ਮੁੱਖ ਸਹਿਯੋਗੀ), ਜਸਵਿੰਦਰ ਕਾਈਨੌਰ (ਮੁੱਖ ਸਹਿਯੋਗੀ) ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਜਾਵੇਗਾ।