ਪੰਜਾਬ ਪੇ-ਸਕੇਲ ਦੀ ਮੰਗ ਨੂੰ ਲੈ ਕੇ ਸਪੈਸ਼ਲ ਕਾਡਰ ਅਧਿਆਪਕਾਂ ਦਾ ਵੱਡਾ ਐਲਾਨ; CM ਦੇ ਸ਼ਹਿਰ ‘ਚ ਕਰਨਗੇ ਸੂਬਾਈ ਰੈਲੀ
3 ਸਾਲਾਂ ਤੋਂ ਵਾਅਦੇ ਅਧੂਰੇ, ਫਾਈਲਾਂ ਅਤੇ ਫਲੈਕਸਾਂ ਤੱਕ ਸੀਮਤ ਰਹੀਆਂ ਗਾਰੰਟੀਆਂ: ਅਧਿਆਪਕ ਆਗੂਆਂ ਦਾ ਵੱਡਾ ਦੋਸ਼
ਪੰਜਾਬ ਨੈੱਟਵਰਕ
ਸੰਗਰੂਰ/ਚੰਡੀਗੜ੍ਹ, 30 ਸਤੰਬਰ 2026- ਪੰਜਾਬ ਦੇ ਸਪੈਸ਼ਲ ਕਾਡਰ ਅਧਿਆਪਕਾਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ, ਖਾਸ ਕਰਕੇ ਪੇ-ਸਕੇਲ ਅਤੇ ਸੀ.ਐੱਸ.ਆਰ. (CSR) ਰੂਲਜ਼ ਲਾਗੂ ਕਰਵਾਉਣ ਲਈ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ‘ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ’ ਵੱਲੋਂ ਆਗਾਮੀ 2 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਇੱਕ ਬਹੁਤ ਵੱਡੀ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਦੌਰਾਨ ਪੂਰੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨਗੇ।
ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਪ੍ਰਮੁੱਖ ਆਗੂਆਂ ਵੀਰਪਾਲ ਸਿਧਾਨਾ, ਮਨਪ੍ਰੀਤ ਮੋਗਾ, ਦੇਵਿੰਦਰ ਸੰਧੂ, ਗੁਰਲਾਲ ਤੂਰ ਅਤੇ ਅਨੁਭਵ ਗੁਪਤਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ AAP ਸਰਕਾਰ ‘ਤੇ ਵਾਅਦਾਖ਼ਲਾਫ਼ੀ ਦੇ ਗੰਭੀਰ ਦੋਸ਼ ਲਾਏ ਹਨ। ਆਗੂਆਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਪੇ-ਸਕੇਲ ਲਾਗੂ ਕਰਵਾਉਣ ਲਈ ਵਿੱਤ ਮੰਤਰੀ ਪੰਜਾਬ, ਸਿੱਖਿਆ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਤਿੰਨ ਸਾਲ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਪੇ-ਸਕੇਲ ਅਤੇ ਸੀ.ਐੱਸ.ਆਰ. ਰੂਲਜ਼ ਦਾ ਹੱਕ ਨਹੀਂ ਦਿੱਤਾ ਗਿਆ।
‘ਫ਼ਾਈਲਾਂ ਅਤੇ ਹੋਰਡਿੰਗਾਂ ਤੱਕ ਸੀਮਤ ਰਹਿ ਗਏ ਵਾਅਦੇ’/ਬਿਨਾਂ ਹੱਕਾਂ ਤੋਂ ਰਿਟਾਇਰ ਹੋ ਰਹੇ ਹਨ ਅਧਿਆਪਕ
ਅਧਿਆਪਕ ਆਗੂਆਂ ਨੇ ਯਾਦ ਕਰਵਾਇਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਹਾਲੀ ਵਿਖੇ ਧਰਨੇ ‘ਤੇ ਬੈਠੇ ਅਧਿਆਪਕਾਂ ਕੋਲ ਮੁੱਖ ਮੰਤਰੀ ਭਗਵੰਤ ਮਾਨ, ਮੌਜੂਦਾ ਸਿੱਖਿਆ ਮੰਤਰੀ, ਕੈਬਨਿਟ ਮੰਤਰੀ, ਵਿਧਾਇਕ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ੁਦ ਆਏ ਸਨ। ਉਸ ਸਮੇਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਸਾਰੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਪੂਰੇ ਹੱਕ ਦਿੱਤੇ ਜਾਣਗੇ। ਪਰ ਅੱਜ ਸਰਕਾਰ ਬਣਨ ਤੋਂ ਬਾਅਦ ਇਹ ਸਾਰੇ ਵਾਅਦੇ ਸਿਰਫ਼ ਫ਼ਾਈਲਾਂ, ਹੋਰਡਿੰਗ ਬੋਰਡਾਂ ਅਤੇ ਹਵਾ ਵਿੱਚ ਹੀ ਸੀਮਤ ਹੋ ਕੇ ਰਹਿ ਗਏ ਹਨ।
ਆਗੂਆਂ ਨੇ ਭਰੇ ਮਨ ਨਾਲ ਦੱਸਿਆ ਕਿ ਸਰਕਾਰ ਦੀ ਅਣਦੇਖੀ ਕਾਰਨ ਕਈ ਸਾਥੀ ਅਧਿਆਪਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਬਹੁਤ ਸਾਰੇ ਸਾਥੀ ਲੰਮੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਬਿਨਾਂ ਕਿਸੇ ਵਿੱਤੀ ਜਾਂ ਸਮਾਜਿਕ ਸੁਰੱਖਿਆ ਸਹੂਲਤ ਦੇ ਖਾਲੀ ਹੱਥ ਰਿਟਾਇਰ ਹੋ ਰਹੇ ਹਨ। ਅੱਜ ਦੀ ਲੱਕ-ਤੋੜ ਮਹਿੰਗਾਈ ਦੇ ਦੌਰ ਵਿੱਚ ਅਧਿਆਪਕਾਂ ਲਈ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬੇਹੱਦ ਔਖਾ ਹੋ ਗਿਆ ਹੈ।
ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ। ਕਈ ਅਧਿਆਪਕ ਖ਼ੁਦ ਭਿਆਨਕ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ ਹਨ, ਜਦਕਿ ਕਈਆਂ ਦੇ ਪਰਿਵਾਰਕ ਮੈਂਬਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਬਾਕੀ ਰੈਗੂਲਰ ਮੁਲਾਜ਼ਮਾਂ ਵਾਂਗ ਸਹੂਲਤਾਂ ਦੇਣ ਦੀ ਬਜਾਏ ਅਣਗੌਲਿਆ ਕੀਤਾ ਗਿਆ ਹੈ।
ਯੂਨੀਅਨ ਆਗੂਆਂ ਨੇ ਸਾਫ਼ ਕੀਤਾ ਕਿ ਜੇਕਰ 2 ਅਕਤੂਬਰ ਦੇ ਪ੍ਰਦਰਸ਼ਨ ਦੌਰਾਨ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਅਧਿਆਪਕਾਂ ‘ਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਵਾਧੂਕੀ ਕੀਤੀ ਗਈ, ਤਾਂ ਮੌਕੇ ‘ਤੇ ਹੀ ਗੁਪਤ ਐਕਸ਼ਨ ਉਲੀਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਪੇ-ਸਕੇਲ ਲਾਗੂ ਕਰਕੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰੇ ਤਾਂ ਜੋ ਅਧਿਆਪਕ ਬਿਨਾਂ ਕਿਸੇ ਮਾਨਸਿਕ ਅਤੇ ਆਰਥਿਕ ਦਬਾਅ ਦੇ ਬੱਚਿਆਂ ਨੂੰ ਹੋਰ ਤਨਦੇਹੀ ਨਾਲ ਪੜ੍ਹਾ ਸਕਣ। ਜੇਕਰ ਸਰਕਾਰ ਨੇ ਆਨਾਕਾਨੀ ਜਾਰੀ ਰੱਖੀ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।















