ਫਿਰੋਜ਼ਪੁਰ ‘ਚ ਵੱਡਾ ਸੜਕ ਹਾਦਸਾ; ਨੌਜਵਾਨ ਦੀ ਮੌਤ
ਮਮਦੋਟ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ, ਇੱਕ ਦੀ ਮੌਤ; ਦੂਜਾ ਗੰਭੀਰ ਜ਼ਖ਼ਮੀ
ਮਮਦੋਟ/ਫ਼ਿਰੋਜ਼ਪੁਰ, 6 ਸਤੰਬਰ 2026: ਸ਼ਨੀਵਾਰ ਦੇਰ ਸ਼ਾਮ ਮਮਦੋਟ-ਲੱਖੋ ਕੇ ਬਹਿਰਾਮ ਸੜਕ ’ਤੇ ਮਹਾਰਾਜਾ ਪੈਲਸ ਮਮਦੋਟ ਨੇੜੇ ਦੋ ਮੋਟਰਸਾਈਕਲਾਂ ਵਿਚਕਾਰ ਹੋਏ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਨਿੰਮਾ (45) ਵਾਸੀ ਪਿੰਡ ਚੱਕ ਜਮੀਤ ਸਿੰਘ ਉਰਫ਼ ਮਿਸ਼ਰੀ ਵਾਲਾ, ਬਲਾਕ ਗੁਰੂਹਰਸਹਾਏ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਨਿਰਮਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਮਿਹਨਤ-ਮਜ਼ਦੂਰੀ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਪਰਤ ਰਿਹਾ ਸੀ।
ਜਦੋਂ ਉਹ ਮਮਦੋਟ ਕਸਬੇ ਤੋਂ ਥੋੜ੍ਹਾ ਅੱਗੇ ਮਹਾਰਾਜਾ ਪੈਲਸ ਨੇੜੇ ਪਹੁੰਚਿਆ ਤਾਂ ਉਸ ਦਾ ਮੋਟਰਸਾਈਕਲ ਦੂਜੇ ਮੋਟਰਸਾਈਕਲ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨਿਰਮਲ ਸਿੰਘ ਨਿੰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਦੂਜਾ ਮੋਟਰਸਾਈਕਲ ਸਵਾਰ ਵੀ ਗੰਭੀਰ ਜ਼ਖ਼ਮੀ ਹੋ ਗਿਆ।
ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਣ ’ਤੇ ਸਬੰਧਤ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
















