Join WhatsApp

Join Now

ਮੌਸਮ ਵਿਭਾਗ ਦਾ ਅਲਰਟ! ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪੈ ਸਕਦੈ ਭਾਰੀ ਮੀਂਹ

On: August 28, 2026 10:31 AM

 

ਮੌਸਮ ਵਿਭਾਗ ਦਾ ਅਲਰਟ! ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪੈ ਸਕਦੈ ਭਾਰੀ ਮੀਂਹ

ਚੰਡੀਗੜ੍ਹ, 28 ਅਗਸਤ 2026:

ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮਾਨਸੂਨ ਦੀ ਸੁਸਤ ਪਈ ਚਾਲ ਕਾਰਨ ਆਮ ਜਨਜੀਵਨ ਭਾਰੀ ਗਰਮੀ ਅਤੇ ਹੁੰਮਸ ਦੀ ਲਪੇਟ ਵਿੱਚ ਹੈ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਮਾਨਸੂਨੀ ਗਤੀਵਿਧੀਆਂ ਵਿੱਚ ਕਮੀ ਆਈ ਹੈ, ਪਰ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਅੱਜ ਸੂਬੇ ਦੇ ਕੁਝ ਹਿੱਸਿਆਂ ਵਿੱਚ ਮੌਸਮ ਬਦਲਣ ਦੀ ਆਸ ਜਤਾਈ ਹੈ। ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ ਪੰਜਾਬ ਦੇ 5 ਮੁੱਖ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।

ਚੰਡੀਗੜ੍ਹ ਵਿੱਚ ਆਸਮਾਨ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਦਿਨ ਦੌਰਾਨ ਇੱਕ-ਦੋ ਵਾਰ ਗਰਜ ਨਾਲ ਛਿੱਟੇ ਜਾਂ ਹਲਕੀ ਵਰਖਾ ਹੋਣ ਦੇ ਆਸਾਰ ਹਨ, ਜਿਸ ਨਾਲ ਲੋਕਾਂ ਨੂੰ ਚਿਪਚਿਪੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਰਾ 33.3 ਡਿਗਰੀ ਤੋਂ 39.9 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।

ਬੀਤੇ ਦਿਨ ਗੁਰਦਾਸਪੁਰ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਦੋ ਵਾਰ ਮੀਂਹ ਵਰਗਾ ਮੌਸਮ ਬਣਿਆ ਅਤੇ ਕਈ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਵੀ ਹੋਈ, ਪਰ ਅਧਿਕਾਰਤ ਮੌਸਮ ਕੇਂਦਰ ‘ਚ ਮੀਂਹ ਦਰਜ ਨਹੀਂ ਹੋ ਸਕਿਆ। ਦੂਜੇ ਪਾਸੇ ਰੂਪਨਗਰ ਵਿੱਚ 3.5 ਮਿਲੀਮੀਟਰ ਮੀਂਹ ਪਿਆ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਮੁੱਖ ਤੌਰ ‘ਤੇ ਖੁਸ਼ਕ ਹੀ ਰਿਹਾ।

ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਨੀਮ-ਪਹਾੜੀ ਖੇਤਰਾਂ ਵਿੱਚ ਹੋਣ ਵਾਲੀ ਇਹ ਵਰਖਾ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਨੂੰ ਹੇਠਾਂ ਲਿਆਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਕਿਸਾਨਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਦੇ ਰੁੱਖ ਨੂੰ ਦੇਖਦੇ ਹੋਏ ਹੀ ਆਪਣੀ ਫ਼ਸਲ ਦੀ ਸਿੰਚਾਈ ਦਾ ਪ੍ਰਬੰਧ ਕਰਨ।

Leave a Comment