Join WhatsApp

Join Now

‘ਮੋਦੀ ਪੰਜਾਬ ‘ਚ ਸਿਰਫ਼ ਨਫ਼ਰਤ ਘੋਲਣ ਆਏ’! ਹਰਪਾਲ ਚੀਮਾ ਦਾ PM ‘ਤੇ ਵੱਡਾ ਹਮਲਾ

On: July 17, 2026 8:24 PM

 

‘ਮੋਦੀ ਪੰਜਾਬ ‘ਚ ਸਿਰਫ਼ ਨਫ਼ਰਤ ਘੋਲਣ ਆਏ’! ਹਰਪਾਲ ਚੀਮਾ ਦਾ PM ‘ਤੇ ਵੱਡਾ ਹਮਲਾ; ‘ਪੰਜਾਬ ਦੇ ਬਕਾਏ ਪੈਸਿਆਂ ‘ਤੇ ਮੋਦੀ ਨੇ ਧਾਰੀ ਚੁੱਪ, ਕਰੋੜਾਂ ਦੇ ਪ੍ਰੋਜੈਕਟਾਂ ਦੇ ਨਾਂ ‘ਤੇ ਪੰਜਾਬੀਆਂ ਨੂੰ ਬਣਾਇਆ ਮੂਰਖ’

ਰਾਮ ਮੰਦਿਰ ਦੇ ਚੰਦੇ ‘ਚੋਂ ਭਾਜਪਾ ਨੇ ਕੀਤੀ ਚੋਰੀ, ਪੰਜਾਬ ਆ ਕੇ ਕਰਪਸ਼ਨ ਦੀਆਂ ਗੱਲਾਂ ਕਰਨਾ ਮੰਦਭਾਗਾ: ਹਰਪਾਲ ਸਿੰਘ ਚੀਮਾ

‘ਅਕਾਲੀ-ਭਾਜਪਾ ਨੇ ਪੰਜਾਬ ਨੂੰ ਕੀਤਾ ਬਰਬਾਦ, ਮਾਨ ਸਰਕਾਰ ਨੇ ਲਾਇਆ ਪੰਜਾਬ ਦੇ ਵਿਕਾਸ ਨੂੰ ਚਾਰ ਚੰਦ’- ਪ੍ਰੈੱਸ ਕਾਨਫਰੰਸ ‘ਚ ਗਰਜੇ ਚੀਮਾ

ਚੰਡੀਗੜ੍ਹ, 17 ਜੁਲਾਈ 2026- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਹੰਗਾਮੀ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (BJP) ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਹਰਪਾਲ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਪੂਰੀ ਤਰ੍ਹਾਂ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਮੋਦੀ ਪੰਜਾਬ ਦੇ ਅੰਦਰ ਸਿਰਫ਼ ਨਫ਼ਰਤ ਘੋਲਣ ਅਤੇ ਸਿਆਸਤ ਕਰਨ ਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਨਾਂ ‘ਤੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ, ਪਰ ਪੰਜਾਬ ਦੇ ਲੋਕ ਭਾਜਪਾ ਦੀ ਅਸਲ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਕਰਮੀਆਂ ਦਾ ਧੰਨਵਾਦ ਕਰਦਿਆਂ ਚੀਮਾ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਸੂਬੇ ਦੇ ਬਣਦੇ ਹੱਕ ਅਤੇ ਰੁਕੇ ਹੋਏ ਬਕਾਏ ਦੇ ਕੇ ਜਾਣਗੇ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਮੋਦੀ ਸਾਹਿਬ ਨੇ ਪੰਜਾਬ ਦੇ ਪੈਂਡਿੰਗ ਪੈਸਿਆਂ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ। ਹਰਪਾਲ ਸਿੰਘ ਚੀਮਾ ਨੇ ਭਾਜਪਾ ਦੀ ‘ਡਬਲ ਇੰਜਨ’ ਸਰਕਾਰ ਦੇ ਨਾਅਰੇ ‘ਤੇ ਤਨਜ਼ ਕੱਸਦਿਆਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਬਣੇ ਰਾਮ ਮੰਦਿਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ।

ਉਨ੍ਹਾਂ ਕਿਹਾ ਕਿ ਜਿਸ ਰਾਮ ਮੰਦਿਰ ਦੇ ਨਾਂ ‘ਤੇ ਭਾਜਪਾ ਵੋਟਾਂ ਲੈ ਕੇ ਸੱਤਾ ਵਿੱਚ ਆਈ, ਅੱਜ ਉਸੇ ਮੰਦਿਰ ਦੇ ਅੰਦਰੋਂ ਚੋਰੀ ਕੀਤੀ ਗਈ ਹੈ। ਦੇਸ਼ ਦੇ ਲੋਕਾਂ ਨੇ ਜਿਹੜਾ ਕਰੋੜਾਂ ਰੁਪਏ ਦਾ ਚੰਦਾ ਅਤੇ ਕੀਮਤੀ ਵਸਤਾਂ ਆਸਥਾ ਵਜੋਂ ਭੇਟ ਕੀਤੀਆਂ ਸਨ, ਯੂਪੀ ਦੇ ਅੰਦਰ ਭਾਜਪਾ ਨੇ ਉਸ ਚੰਦੇ ਵਿੱਚ ਸੈਂਕੜੇ ਕਰੋੜਾਂ ਰੁਪਏ ਦੀ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਜਾਣਦਾ ਹੈ ਕਿ ਭਾਜਪਾ ਧਾਰਮਿਕ ਸਥਾਨਾਂ ਤੋਂ ਪੈਸਾ ਚੋਰੀ ਕਰ ਰਹੀ ਹੈ ਅਤੇ ਪੰਜਾਬ ਆ ਕੇ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਣ ਦਾ ਢੌਂਗ ਕਰ ਰਹੀ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਦਹਾਕਿਆਂ ਬਾਅਦ ਇੱਕ ਆਮ ਆਦਮੀ ਦਾ ਪੁੱਤ, ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਸਵਾ ਚਾਰ ਸਾਲ ਦੇ ਅੰਦਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਦਿੱਤੀਆਂ ਸਾਰੀਆਂ ਪੰਜ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਜਦੋਂ ਕਿ ਪ੍ਰਧਾਨ ਮੰਤਰੀ ਇੱਥੇ ਝੂਠੀਆਂ ਅਤੇ ਮਨਘੜਤ ਕਹਾਣੀਆਂ ਸੁਣਾ ਕੇ ਗਏ ਹਨ।

ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਚੀਮਾ ਨੇ ਕਿਹਾ ਕਿ, ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ। ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਂਦਿਆਂ ਅਧਿਆਪਕਾਂ ਨੂੰ ਸਿੰਗਾਪੁਰ ਅਤੇ ਆਈ.ਆਈ.ਟੀ. ਹੈਦਰਾਬਾਦ ਵਰਗੀਆਂ ਵੱਡੀਆਂ ਸੰਸਥਾਵਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ ਹੈ। ਸੂਬੇ ਵਿੱਚ 10 ਲੱਖ ਰੁਪਏ ਤੱਕ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਫ਼ਲਤਾਪੂਰਵਕ ਚੱਲ ਰਹੀ ਹੈ। ਦੇਸ਼ ਲਈ ਸ਼ਹੀਦ ਹੋਣ ਵਾਲੇ ਮਿਲਟਰੀ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ। ਮਾਵਾਂ-ਧੀਆਂ ਦੇ ਸਤਿਕਾਰ ਲਈ ਦਲਿਤ ਅਤੇ ਜਨਰਲ ਵਰਗ ਦੀਆਂ ਮਹਿਲਾਵਾਂ ਵਾਸਤੇ ਮਾਸਿਕ ਵਿੱਤੀ ਸਹਾਇਤਾ ਸਕੀਮ ਲਾਗੂ ਕੀਤੀ ਗਈ ਹੈ। 66 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ।

ਹਰਪਾਲ ਸਿੰਘ ਚੀਮਾ ਨੇ ਪੁਰਾਣੀ ਅਕਾਲੀ-ਭਾਜਪਾ ਗਠਜੋੜ ਸਰਕਾਰ (2007 ਤੋਂ 2017) ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ 10 ਸਾਲਾਂ ਦੇ ਰਾਜ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਪੰਜਾਬ ਦੇ ਅੰਦਰ ‘ਚਿੱਟਾ’ (ਨਸ਼ਾ) ਲੈ ਕੇ ਆਉਣ ਵਾਲੇ ਇਹੀ ਲੋਕ ਸਨ, ਜਿਨ੍ਹਾਂ ਦੇ ਮੰਤਰੀ ਜੇਲ੍ਹਾਂ ਵਿੱਚ ਗਏ। ਇਸ ਤੋਂ ਇਲਾਵਾ, ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਵੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੀ ਸ਼ੁਰੂ ਹੋਇਆ ਸੀ। ਦੂਜੇ ਪਾਸੇ, ਮਾਨ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਲੜ ਰਹੀ ਹੈ ਅਤੇ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਲੈ ਕੇ ਆਈ ਹੈ।

ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਪੰਜਾਬ ਨੇ 20 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਸੀ, ਪਰ ਪ੍ਰਧਾਨ ਮੰਤਰੀ ਸਿਰਫ਼ 1600 ਕਰੋੜ ਰੁਪਏ ਦਾ ਐਲਾਨ ਕਰਕੇ ਗਏ ਅਤੇ ਉਹ ਵੀ ਪੂਰਾ ਨਹੀਂ ਦਿੱਤਾ ਗਿਆ। ਭਾਜਪਾ ਨੇ ਪੰਜਾਬ ਦਾ ਆਰ.ਡੀ.ਐਫ. (Rural Development Fund) ਅਤੇ ਮੰਡੀ ਫ਼ੀਸ ਦਾ ਪੈਸਾ ਰੋਕਿਆ ਹੋਇਆ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਸੀ ਅਤੇ ਭਾਜਪਾ ਹੁਣ ਉਸੇ ਗੱਲ ਦਾ ਬਦਲਾ ਪੰਜਾਬ ਦੇ ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਤੋਂ ਲੈ ਰਹੀ ਹੈ।

ਵਿਕਾਸ ਦੇ ਅੰਕੜੇ ਪੇਸ਼ ਕਰਦਿਆਂ ਚੀਮਾ ਨੇ ਦੱਸਿਆ ਕਿ ਅਕਾਲੀ-ਭਾਜਪਾ ਦੇ 5 ਸਾਲਾਂ ਦੇ ਰਾਜ ਦੌਰਾਨ ਪੰਜਾਬ ਵਿੱਚ ਸਿਰਫ਼ 12 ਹਜ਼ਾਰ ਕਰੋੜ ਰੁਪਏ ਦਾ ਵਿਕਾਸ ਖਰਚਾ (Capital Investment) ਹੋਇਆ ਸੀ, ਜਦੋਂ ਕਿ ਕਾਂਗਰਸ ਦੇ ਰਾਜ (2017-22) ਵਿੱਚ ਇਹ 19 ਹਜ਼ਾਰ ਕਰੋੜ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ 55 ਹਜ਼ਾਰ ਕਰੋੜ ਰੁਪਏ ਦੀ ਕੈਪੀਟਲ ਇਨਵੈਸਟਮੈਂਟ ਕੀਤੀ ਹੈ, ਜਿਸ ਨਾਲ ਨਵੇਂ ਸਕੂਲ, ਹਸਪਤਾਲ, ਸੜਕਾਂ ਅਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ।

ਉਨ੍ਹਾਂ ਅੰਤ ਵਿੱਚ ਕਿਹਾ ਕਿ ਮਾਨ ਸਰਕਾਰ ਨੇ ਕਿਸਾਨਾਂ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ, ਪ੍ਰਾਈਵੇਟ ਜੀ.ਵੀ.ਕੇ. ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਨਾਂ ਕੀਤਾ ਹੈ ਅਤੇ ਹਾਈਕੋਰਟ ਵਿੱਚ ਸਰਕਾਰੀ ਵਕੀਲਾਂ ਲਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਹੈ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਅਤੇ ਪੰਜਾਬ ਆ ਕੇ ਵੀ ਇੱਥੋਂ ਦੇ ਹਰੇਕ ਵਰਗ ਨੂੰ ਨਿਰਾਸ਼ ਕਰਕੇ ਗਏ ਹਨ।

 

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment