ਮੋਦੀ ਮਜ਼ਦੂਰ ਵਿਰੋਧੀ! ਕਿਰਤੀਆਂ ਖਿਲਾਫ਼ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਦਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਖ਼ਤ ਵਿਰੋਧ

On: ਅਪ੍ਰੈਲ 1, 2026 7:48 ਬਾਃ ਦੁਃ

 

ਮੋਦੀ ਮਜ਼ਦੂਰ ਵਿਰੋਧੀ! ਕਿਰਤੀਆਂ ਖਿਲਾਫ਼ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਦਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਖ਼ਤ ਵਿਰੋਧ

ਅੰਮ੍ਰਿਤਸਰ, 1 ਅਪ੍ਰੈਲ 2026:

ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਇਫਟੂ ਸਮੇਤ ਪੰਜਾਬ ਦੀਆਂ ਹੋਰ ਮਜ਼ਦੂਰ ਅਤੇ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਪੰਜਾਬ ਦੀਆਂ ਵੱਖ ਵੱਖ ਥਾਵਾਂ ‘ਤੇ ਕਾਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਚਾਰ ਲੇਬਰ ਕੋਡ, ਜੀ ਰਾਮ ਜੀ ਕਾਨੂੰਨ, ਬਿਜਲੀ ਬਿੱਲ 2025 ਅਤੇ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਤੋਂ ਬਾਹਰ ਰੱਖਣ ਵਿਰੁੱਧ ਰੈਲੀਆਂ ਅਤੇ ਮੁਜਾਹਰੇ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਸਬੰਧੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਜ਼ਿਲ੍ਹਾ ਕਮੇਟੀ ਵੱਲੋਂ ਵੱਲੋਂ ਅੰਮ੍ਰਿਤਸਰ ਦੇ ਇਸਲਾਮਾਬਾਦ ਵਿਖੇ ਕਾਲਾ ਦਿਵਸ ਮਨਾਇਆ ਗਿਆ ਜਿਸ ਨੂੰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀ.ਟੀ.ਐਫ. ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਡੈਮੋਕ੍ਰੇਟਿਕ ਆਸ਼ਾ ਵਰਕਰ ਯੂਨੀਅਨ ਦੇ ਸੂਬਾ ਆਗੂ ਪਰਮਜੀਤ ਕੌਰ ਮਾਨ ਅਤੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਅਤੇ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਦੇ ਇਸ਼ਾਰੇ ‘ਤੇ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜ਼ਮਹੂਰੀ ਹੱਕ ਖੋਹਣ ਲਈ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ 1 ਅਪ੍ਰੈਲ ਤੋਂ 4 ਲੇਬਰ ਕੋਡਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ।

ਜਿਸ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ‘ਤੇ ਕੰਮ ਦਿਹਾੜੀ ਘੰਟੇ 8 ਤੋਂ ਵਧਾ ਕੇ 12 ਘੰਟੇ ਦੀ ਹੋਵੇਗੀ।

ਉਹਨਾਂ ਕਿਹਾ ਕਿ ਮੋਦੀ ਸਰਕਾਰ ਮਗਨਰੇਗਾ ਦੀ ਥਾਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂਨ ਲੈਕੇ ਆਈ ਹੈ ਜਿਸ ਨਾਲ ਮਜਦੂਰਾਂ ਨੂੰ ਪਹਿਲਾਂ ਮਿਲਦਾ ਕੰਮ ਵੀ ਕਾਫੀ ਹੱਦ ਤੱਕ ਉਹਨਾਂ ਕੋਲੋਂ ਖੋਹਣ ਦੀਆਂ ਤਿਆਰੀਆਂ ਹਨ। ਬਿਜਲੀ ਬਿੱਲ 2025 ਰਾਹੀਂ ਬਿਜਲੀ ਦੀ ਵੰਡ ਦਾ ਕੰਮ ਪ੍ਰਾਈਵੇਟ ਅਦਾਰਿਆਂ ਨੂੰ ਸੌਂਪ ਦਿੱਤਾ ਜਾਵੇਗਾ, ਜਿਸ ਨਾਲ ਖਪਤਕਾਰਾਂ ਦੀ ਲੁੱਟ ਬਹੁਤ ਵਧ ਜਾਵੇਗੀ ਅਤੇ ਪ੍ਰਾਈਵੇਟ ਅਦਾਰੇ ਮਨਮਰਜੀ ਕਰਨਗੇ।

ਇਸੇ ਤਰ੍ਹਾਂ ਆਜ਼ਾਦੀ ਦੇ 77 ਸਾਲਾ ਬਾਅਦ ਵੀ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਤੋਂ ਬਾਹਰ ਰੱਖ ਕੇ ਉਹਨਾ ਦੇ ਜੀਵਨ ਨੂੰ ਪੱਕੇ ਤੌਰ ‘ਤੇ ਗ਼ਰੀਬੀ ਵੱਲ ਧੱਕਿਆ ਹੋਇਆ ਹੈ ਅਤੇ ਲੱਖਾਂ ਵਰਕਰਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਬਜਾਏ ਕੱਚੇ ਰੁਜ਼ਗਾਰ ‘ਤੇ ਸ਼ੋਸ਼ਣ ਕਰਵਾਉਣ ਲਈ ਮਜ਼ਬੂਰ ਕੀਤਾ ਹੋਇਆ ਹੈ।

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਕਿਹਾ ਕਿ ਮਿਹਨਤਕਸ਼ ਲੋਕ ਮੋਦੀ ਸਰਕਾਰ ਦੇ ਅਜਿਹੇ ਲੋਕ ਵਿਰੋਧੀ ਕਾਨੂੰਨਾਂ ਨੂੰ ਸਹਿਣ ਨਹੀਂ ਕਰਨਗੇ। ਇਸ ਮੌਕੇ ਗੁਰਵੰਤ ਕੌਰ ਲੋਪੋਕੇ, ਹਰਿੰਦਰ ਐਮਾਂ, ਰਾਜੇਸ਼ ਪ੍ਰਾਸ਼ਰ, ਸੁਖਜਿੰਦਰ ਕੌਰ ਛੱਜਲਵੱਡੀ, ਬਲਜਿੰਦਰ ਸਿੰਘ ਮਿੰਟੂ, ਬਲਜੀਤ ਕੌਰ ਦਨਿਆਲ ਅਤੇ ਪ੍ਰਤਾਪ ਸਿੰਘ ਗੱਗੜਭਾਣਾ ਆਦਿ ਆਗੂ ਵੀ ਹਾਜ਼ਰ ਸਨ।

 

Join WhatsApp

Join Now

Leave a Comment