Join WhatsApp

Join Now

ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘਟੀ; ਪਰ ਦਾਖ਼ਲੇ ਵਧੇ! 5 ਸਾਲਾਂ ‘ਚ 430 ਸਕੂਲ ਹੋਏ ਬੰਦ

On: ਅਗਸਤ 10, 2026 2:08 ਬਾਃ ਦੁਃ

 

ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘਟੀ; ਪਰ ਦਾਖ਼ਲੇ ਵਧੇ! 5 ਸਾਲਾਂ ‘ਚ 430 ਸਕੂਲ ਹੋਏ ਬੰਦ

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ‘ਤੇ ਲੱਗੇਗੀ ਠੱਲ੍ਹ: ਹੁਣ ਸਾਲਾਨਾ 5% ਤੋਂ ਵੱਧ ਨਹੀਂ ਵਧੇਗੀ ਫ਼ੀਸ, ਵਿਧਾਨ ਸਭਾ ‘ਚ ਪੇਸ਼ ਹੋਵੇਗਾ ਬਿੱਲ

ਚੰਡੀਗੜ੍ਹ, 10 ਅਗਸਤ 2026- ਪੰਜਾਬ ਦੇ ਸਿੱਖਿਆ ਖੇਤਰ ਵਿੱਚ ਇੱਕ ਬਹੁਤ ਹੀ ਦਿਲਚਸਪ ਅਤੇ ਹੈਰਾਨੀਜਨਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਆਪਣੇ ਨਵੇਂ ਸਿੱਖਿਆ ਮਾਡਲ ਤਹਿਤ ਸਰਕਾਰੀ ਸਕੂਲਾਂ ਦਾ ਕਾਇਆਕਲਪ ਕਰਨ ਅਤੇ ਉਨ੍ਹਾਂ ਨੂੰ ਨਵੀਂ ਦਿੱਖ ਦੇਣ ਵਿੱਚ ਜੁਟੀ ਹੋਈ ਹੈ, ਅਤੇ ਨੀਤੀ ਆਯੋਗ ਦੀ ਰਿਪੋਰਟ ਨੇ ਵੀ ਸਰਕਾਰੀ ਸਕੂਲਾਂ ਦੇ ਬਿਹਤਰ ਹੋਣ ਦੀ ਪੁਸ਼ਟੀ ਕੀਤੀ ਹੈ, ਪਰ ਕੇਂਦਰੀ ਸਿੱਖਿਆ ਮੰਤਰਾਲੇ ਦੇ ਤਾਜ਼ਾ ਅੰਕੜੇ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ।

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ, ਸਾਲ 2021-22 ਵਿੱਚ ਪੰਜਾਬ ਅੰਦਰ ਕੁੱਲ 7,978 ਪ੍ਰਾਈਵੇਟ ਸਕੂਲ ਚੱਲ ਰਹੇ ਸਨ। ਪਰ ਸਾਲ 2025-26 ਤੱਕ ਆਉਂਦਿਆਂ ਇਨ੍ਹਾਂ ਦੀ ਗਿਣਤੀ ਘਟ ਕੇ 7,548 ਹੀ ਰਹਿ ਗਈ ਹੈ। ਇਸ ਦਾ ਮਤਲਬ ਹੈ ਕਿ ਬੀਤੇ ਪੰਜ ਸਾਲਾਂ ਦੇ ਸਮੇਂ ਦੌਰਾਨ ਸੂਬੇ ਦੇ 430 ਪ੍ਰਾਈਵੇਟ ਸਕੂਲਾਂ ਨੂੰ ਤਾਲੇ ਲੱਗ ਚੁੱਕੇ ਹਨ। ਜੇਕਰ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਤਰ੍ਹਾਂ ਦੇ ਸਕੂਲਾਂ ਦੀ ਕੁੱਲ ਗਿਣਤੀ ‘ਤੇ ਨਜ਼ਰ ਮਾਰੀਏ, ਤਾਂ ਸਾਲ 2021-22 ਵਿੱਚ ਸੂਬੇ ਵਿੱਚ 27,701 ਸਕੂਲ ਸਨ, ਜੋ ਸਾਲ 2025-26 ਵਿੱਚ ਘਟ ਕੇ 27,233 ਰਹਿ ਗਏ ਹਨ। ਇਸ ਤਰ੍ਹਾਂ ਕੁੱਲ 468 ਸਕੂਲ ਬੰਦ ਹੋਏ ਹਨ, ਜਿਨ੍ਹਾਂ ਵਿੱਚੋਂ ਸਰਕਾਰੀ ਸਕੂਲਾਂ ਦੀ ਗਿਣਤੀ ਮਹਿਜ਼ ਡੇਢ ਦਰਜਨ (ਲਗਭਗ 18) ਦੇ ਕਰੀਬ ਹੀ ਹੈ।

ਸਕੂਲਾਂ ਦੀ ਗਿਣਤੀ ਘਟਣ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੰਖਿਆ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਸਾਲ 2021-22 ਵਿੱਚ ਦਾਖ਼ਲੇ 28,64,397, ਸਾਲ 2025-26 ਵਿੱਚ ਦਾਖ਼ਲੇ 31,49,615…… ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਪੰਜਾਂ ਸਾਲਾਂ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ 2,85,218 ਨਵੇਂ ਦਾਖ਼ਲੇ ਵਧੇ ਹਨ। ਇਹ ਅੰਕੜਾ ਪੰਜਾਬ ਸਰਕਾਰ ਦੇ ਉਨ੍ਹਾਂ ਦਾਅਵਿਆਂ ਤੋਂ ਉਲਟ ਹੈ, ਜਿਨ੍ਹਾਂ ਵਿੱਚ ਕਿਹਾ ਜਾਂਦਾ ਰਿਹਾ ਹੈ ਕਿ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋ ਰਹੇ ਹਨ।

ਸੂਬੇ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੀ ਹਾਲਤ ਵੀ ਬਹੁਤ ਵਧੀਆ ਨਹੀਂ ਹੈ। ਸਾਲ 2021-22 ਵਿੱਚ ਏਡਿਡ ਸਕੂਲਾਂ ਦੀ ਗਿਣਤੀ 450 ਸੀ, ਜੋ 2025-26 ਵਿੱਚ ਘਟ ਕੇ 432 ਰਹਿ ਗਈ ਹੈ। यानी ਡੇਢ ਦਰਜਨ ਏਡਿਡ ਸਕੂਲ ਵੀ ਬੰਦ ਹੋ ਗਏ ਹਨ। ਇੰਨਾ ਹੀ ਨਹੀਂ, ਇਨ੍ਹਾਂ ਸਕੂਲਾਂ ਵਿੱਚ ਪੰਜ ਸਾਲਾਂ ਦੌਰਾਨ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ 15,743 ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਪੂਰੇ ਮਾਮਲੇ ‘ਤੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਘਟਣ ਦਾ ਰੁਝਾਨ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਅਤੇ ਦਿੱਖ ਬਦਲਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ, ਜਿਸ ਦੀ ਤਾਰੀਫ਼ ਨੀਤੀ ਆਯੋਗ ਦੀ ਰਿਪੋਰਟ ਵਿੱਚ ਵੀ ਕੀਤੀ ਗਈ ਹੈ।

ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਮਨਮਰਜ਼ੀ ਅਤੇ ਫ਼ੀਸਾਂ ਦੀ ਲੁੱਟ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਸੋਮਵਾਰ ਨੂੰ ਵਿਧਾਨ ਸਭਾ ਵਿੱਚ ‘ਪੰਜਾਬ ਰੈਗੂਲੇਸ਼ਨ ਆਫ਼ ਫ਼ੀਸ ਆਫ਼ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਸੋਧ) ਬਿੱਲ-2026’ ਪੇਸ਼ ਕੀਤਾ ਜਾ ਰਿਹਾ ਹੈ। ਕੈਬਨਿਟ ਵਿੱਚ ਲਏ ਗਏ ਫ਼ੈਸਲੇ ਅਨੁਸਾਰ, ਹੁਣ ਕੋਈ ਵੀ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਨਾਲ ਫ਼ੀਸਾਂ ਨਹੀਂ ਵਧਾ ਸਕੇਗਾ। ਨਵੇਂ ਨਿਯਮਾਂ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਹਰ ਸਾਲ 5 ਫ਼ੀਸਦੀ ਤੋਂ ਵੱਧ ਫ਼ੀਸ ਵਾਧਾ ਨਹੀਂ ਕਰ ਸਕੇਗਾ, ਜਿਸ ਨਾਲ ਮਾਪਿਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

 

Leave a Comment