ਮਜ਼ਦੂਰ ਦਿਵਸ ਮੌਕੇ ਗਰਜੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ, ਜੇਲ੍ਹ ‘ਚੋਂ ਮੁਲਾਜ਼ਮ ਰਿਹਾਅ ਕਰਨ ਦੀ ਕੀਤੀ ਮੰਗ
10 ਮਈ ਨੂੰ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ‘ਤੇ ਧਰਨਾ, 18 ਮਈ ਨੂੰ ਇੱਕ ਰੋਜ਼ਾ ਹੜਤਾਲ, 25-26-27 ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ‘ਤੇ ਧਰਨਾ-ਰੇਸ਼ਮ ਸਿੰਘ ਗਿੱਲ
ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਅਤੇ ਮੁਲਾਜ਼ਮਾਂ ਦੇ ਹੱਕ ਖੋਹਣ ‘ਤੇ ਲੱਗੀ ਪੰਜਾਬ ਸਰਕਾਰ-ਜਤਿੰਦਰ ਸਿੰਘ
ਫਿਰੋਜ਼ਪੁਰ, 1 ਮਈ 2026- ਅੱਜ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਸਾਰੇ ਡਿਪੂਆਂ ਦੇ ਗੇਟਾਂ ‘ਤੇ ਝੰਡਾ ਲਹਿਰਾਇਆ ਗਿਆ ਅਤੇ ਗੇਟ ਰੈਲੀਆਂ ਕੀਤੀਆਂ ਗਈਆਂ। ਫਿਰੋਜ਼ਪੁਰ ਡਿਪੂ ਦੇ ਗੇਟ ‘ਤੇ ਰੈਲੀ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਅੱਜ ਦੇ ਦਿਨ 1886 ਨੂੰ ਸ਼ਿਕਾਗੋ ਦੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ 1889 ਵਿੱਚ 8 ਘੰਟੇ ਦਾ ਹੱਕ ਲੋਕਾਂ ਨੂੰ ਦੁਵਾਇਆ ਗਿਆ ਸੀ।
ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਫੇਰ ਤੋਂ ਮੌਜੂਦਾ ਹਾਲਾਤਾਂ ਵਿੱਚ ਭਾਰਤ ਸਰਕਾਰ ਲੇਬਰ ਕੋਡ ਵਿੱਚ ਸੋਧ ਦੇ ਨਾਮ ‘ਤੇ ਸਾਰੇ ਹੱਕ ਖੋਹਣ ‘ਤੇ ਲੱਗੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹੀ ਕਿਉਂਕਿ ਕਿਸਾਨ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਦੀ ਹਮਾਇਤ ਦੇ ਵਾਅਦੇ ਕਰਕੇ ਅਤੇ ਆਪਣੇ ਆਪ ਨੂੰ ਆਮ ਆਦਮੀ ਦੇ ਨਾਮ ਨਾਲ ਜੋੜ ਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਈ ਆਪ ਸਰਕਾਰ ਹੁਣ ਕਾਰਪੋਰੇਟ ਘਰਾਣਿਆਂ ਦੀ ਅਤੇ ਖਾਸ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ।
ਜਿਸ ਦਾ ਨਮੂਨਾ ਟਰਾਂਸਪੋਰਟ ਵਿਭਾਗ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਖ਼ਜ਼ਾਨੇ ਦੀ ਕਰੋੜਾਂ ਰੁਪਏ ਦੀ ਲੁੱਟ ਨੂੰ ਖੁੱਲ੍ਹ ਦੇਣ ਲਈ ਮੁਲਾਜ਼ਮਾਂ ਉੱਪਰ 307 ਦੇ ਪਰਚੇ ਦਰਜ ਕਰਕੇ 5 ਮਹੀਨਿਆਂ ਤੋਂ ਸੰਗਰੂਰ ਜੇਲ੍ਹ ਵਿੱਚ ਬੰਦ ਕਰਨਾ ਇਹ ਸਾਬਿਤ ਕਰਦਾ ਹੈ ਕਿ ਆਪਣੇ ਚਹੇਤਿਆਂ ਦੇ ਘਰ ਭਰਨ ਲਈ ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਦੀ ਪੁਲੀਸ ਤੰਤਰ ਨਾਲ ਡੰਡੇ ਦੇ ਜ਼ੋਰ ਨਾਲ ਪਰਚੇ ਦਰਜ ਕਰਕੇ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ, ਜਿਸ ਦਾ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ 1 ਮਈ ਤੋਂ ਕੀਤੀ ਗਈ ਹੈ। ਅੱਜ ਵੱਖ-ਵੱਖ ਸ਼ਹਿਰਾਂ ਵਿੱਚ ਬੱਸ ਸਟੈਂਡਾਂ ਵਿੱਚ ਸਰਕਾਰ ਦੇ ਇਸ ਚਿਹਰੇ ਨੂੰ ਨੰਗਾ ਕਰਨ ਲਈ ਭੰਡੀ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ।
ਡਿਪੂ ਪ੍ਰਧਾਨ ਜਤਿੰਦਰ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ, ਬਲਦੇਵ ਸਿੰਘ, ਸੋਰਵ ਮੈਣੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ। ਪੁਰਾਣੀਆਂ ਮੌਜੂਦਾ ਬੱਸਾਂ ਵਿੱਚੋਂ ਲੱਗਭੱਗ 200 ਬੱਸਾਂ ਨੂੰ ਟਾਇਰਾਂ, ਸਪੇਅਰਪਾਰਟ ਦੀ ਘਾਟ ਤੋਂ ਡਿਪੂਆਂ ਦਾ ਸ਼ਿੰਗਾਰ ਬਣਾ ਕੇ ਖੜ੍ਹੀਆਂ ਕੀਤੀਆਂ ਗਈਆਂ ਹਨ।
ਦੂਸਰੇ ਪਾਸੇ ਆਪਣੇ ਚਹੇਤਿਆਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਪ੍ਰਤੀ ਸਧਾਰਨ ਇੱਕ ਬੱਸ ਰਾਹੀਂ 1 ਕਰੋੜ 50 ਲੱਖ ਰੁਪਏ ਦੀ ਲੁੱਟ ਭਾਵ 4-5 ਬੱਸਾਂ ਦੇ ਪੈਸੇ 5 ਸਾਲਾਂ ਵਿੱਚ ਸਰਕਾਰੀ ਖਜ਼ਾਨੇ ਦੀ ਲੁੱਟ ਕਰਨਾ ਚਾਹੁੰਦੀ ਹੈ। ਏਸੇ ਤਰ੍ਹਾਂ ਹੀ HVAC ਅਤੇ ਵਾਲਵੋ ਬੱਸ ਵੀ ਕਿਲੋਮੀਟਰ ਸਕੀਮ ਤਹਿਤ ਨਾ ਕੇ ਕਰੋੜਾਂ ਰੁਪਏ ਦੀ ਲੁੱਟ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਪੰਜਾਬ ਸਰਕਾਰ ਫ੍ਰੀ ਸਫ਼ਰ ਸਹੂਲਤਾਂ ਦੇ ਲੱਗਭੱਗ 12-1300 ਕਰੋੜ ਰੁਪਏ ਬਕਾਇਆ ਰਾਸ਼ੀ ਦੇਣਾ ਨਹੀਂ ਚਾਹੁੰਦੀ ਜਿਸ ਕਾਰਨ ਨਵੀਆਂ ਬੱਸਾਂ ਪਾਉਣਾ ਤਾਂ ਦੂਰ ਦੀ ਗੱਲ ਹੈ ਟਾਇਰ, ਸਪੇਅਰਪਾਰਟ, ਟਿਕਟ ਮਸ਼ੀਨਾਂ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਦੂਸਰੇ ਪਾਸੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਅਤੇ ਵੱਖ ਕੋਰਟਾਂ ਵੱਲੋਂ ਆਏ ਫੈਸਲੇ ਵੀ ਇਹ ਕਲੀਅਰ ਕਰਦੇ ਹਨ ਕੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਕੋਈ ਵੀ ਕਾਨੂੰਨੀ ਅੜਚਨ ਨਹੀਂ ਹੈ।
ਦੂਸਰੇ ਪਾਸੇ ਯੂਨੀਅਨ ਸਪੱਸ਼ਟ ਕਰ ਚੁੱਕੀ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਕੋਈ ਵਿੱਤੀ ਖਰਚਾ ਨਹੀਂ ਆਉਂਦਾ ਬਲਕਿ ਵਿਭਾਗਾਂ ਦਾ ਮੁਨਾਫ਼ਾ ਹੁੰਦਾ ਹੈ, ਪਰ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਟਰਾਂਸਪੋਰਟ ਮਾਫੀਆ ਦੇ ਹੱਥਾਂ ਵਿੱਚ ਖੇਡ ਰਹੀ ਹੈ ਅਤੇ ਟਰਾਂਸਪੋਰਟ ਵਿਭਾਗਾਂ ਨੂੰ ਖਤਮ ਕਰਨ ਵੱਲ ਜਾ ਰਹੀ ਹੈ ਜਿਸ ਕਾਰਨ ਕੱਚੇ ਮੁਲਾਜ਼ਮਾਂ ਨੂੰ ਮਜ਼ਬੂਰੀ ਵਿੱਚ ਆਪਣੇ ਅਦਾਰੇ ਨੂੰ ਬਚਾਉਣ ਲਈ ਸੰਘਰਸ਼ ਦੇ ਰਾਹ ‘ਤੇ ਚੱਲਣਾ ਪੈ ਰਿਹਾ ਹੈ।
ਜਰਨਲ ਸਕੱਤਰ ਮੁੱਖਪਾਲ ਸਿੰਘ, ਕੈਸ਼ੀਅਰ ਅਜੈ ਕੁਮਾਰ, ਮੀਤ ਪ੍ਰਧਾਨ ਗੌਰਵ, ਸਹਾਇਕ ਸੈਕਟਰੀ ਕੰਵਲਜੀਤ ਸਿੰਘ ਮਾਨੋਚਾਹਲ, ਸੁਖਦੇਵ ਸਿੰਘ ਨੇ ਦੱਸਿਆ ਕਿ ਠੇਕੇਦਾਰ ਵਿਚੋਲੀਏ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਲੁੱਟ ਕਰ ਰਹੇ ਹਨ। ਦਾਤਾਰ ਸਕਿਊਰਟੀ ਠੇਕੇਦਾਰ ਸਕਿਊਰਟੀਆ, EPF, ESI ਅਤੇ ਗਰੁੱਪ ਬੀਮੇ ਦੇ 11-12 ਕਰੋੜ ਰੁਪਏ ਦੀ ਲੁੱਟ ਕਰਕੇ ਅਤੇ ਆਊਟ ਸੋਰਸ ‘ਤੇ ਰਿਸ਼ਵਤਖੋਰੀ ਰਾਹੀਂ ਭਰਤੀ ਕਰਕੇ ਭੱਜ ਗਿਆ।
ਫੇਰ ਸਾਈਂ ਰਾਮ, ਐਸ ਐਸ ਪ੍ਰੋਵਾਇਡਰ ਅਤੇ ਹੁਣ ਐਸ ਰਾਮ ਠੇਕੇਦਾਰ ਵਿਚੋਲੀਏ ਰਾਹੀਂ ਲੁੱਟ ਕਰਵਾਈ ਜਾ ਰਹੀ ਹੈ। ਜਿੱਥੇ ਮੁੱਖ ਮੰਤਰੀ ਪੰਜਾਬ ਪੱਕੀ ਭਰਤੀ ਕਰਨ ਦੇ ਦਾਅਵੇ ਕਰਦੇ ਹਨ ਉੱਥੇ ਟਰਾਂਸਪੋਰਟ ਵਿਭਾਗ ਵਿੱਚ ਵੱਡੇ ਪੱਧਰ ‘ਤੇ ਆਊਟ ਸੋਰਸ ‘ਤੇ ਰਿਸ਼ਵਤਖੋਰੀ ਰਾਹੀਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਕਿਸੇ ਨੂੰ ਮੈਡੀਕਲ ਸਹੂਲਤਾਂ ਨਹੀਂ ਮਿਲ ਰਹੀਆਂ ਏਥੋਂ ਤੱਕ ਕੀ ਮੌਤ ਹੋਣ ‘ਤੇ ਵੀ ਕਿਸੇ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ।
ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਲਟਾ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੂੰ ਵਾਕੀਟਾਂਕੀ ਸੈਟ(ਵੈਂਰਲੈਂਸ) ਨਾਲ ਜਾਣਿਆ ਜਾਂਦਾ ਹੈ। ਇਹ ਮੁਲਾਜ਼ਮ ਰੋਜ਼ਾਨਾ 6 ਲੱਖ ਲੋਕਾਂ ਨੂੰ ਸਿੱਧੇ ਤੌਰ ‘ਤੇ ਮਿਲਦੇ ਹਨ ਅਤੇ ਹੁਣ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਭੰਡੀ ਪ੍ਰਚਾਰ ਦੇ ਰੂਪ ਵਿੱਚ ਬੱਸ ਵਿੱਚ ਅਤੇ ਬੱਸ ਸਟੈਂਡਾਂ ‘ਤੇ ਪ੍ਰਚਾਰ ਕੀਤਾ ਜਾਵੇ।
ਇਸ ਤੋਂ ਪਹਿਲਾਂ ਯੂਨੀਅਨ ਵੱਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ 10 ਮਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਹਲਕੇ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇ, 18 ਮਈ ਨੂੰ ਇੱਕ ਰੋਜ਼ਾ ਹੜਤਾਲ ਕਰਕੇ ਸਮੂਹ ਐਮ ਐਲ ਏ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ ਜਾਣਗੇ ਅਤੇ ਫੇਰ 25-26-27 ਮਈ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਜੇਕਰ ਫੇਰ ਵੀ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਭੰਡੀ ਪ੍ਰਚਾਰ ਸਮੇਤ ਅਣਮਿੱਥੇ ਸਮੇਂ ਦੀ ਹੜਤਾਲ ਅਤੇ ਤਿੱਖੇ ਸੰਘਰਸ਼ ਕੀਤੇ ਜਾਣਗੇ।






