Join WhatsApp

Join Now

‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ! MBBS ਫੀਸਾਂ ‘ਚ ਭਾਰੀ ਵਾਧਾ

On: ਅਗਸਤ 9, 2026 5:31 ਬਾਃ ਦੁਃ

 

‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ! MBBS ਫੀਸਾਂ ‘ਚ ਭਾਰੀ ਵਾਧਾ

ਗਰੀਬ ਤੇ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਤੋਂ ਮੈਡੀਕਲ ਸਿੱਖਿਆ ਦਾ ਹੱਕ ਖੋਹਣ ਦੀ ਤਿਆਰੀ ਕਰ ਰਹੀ ‘ਆਪ’ ਸਰਕਾਰ: ਭਾਜਪਾ ਸੂਬਾ ਪ੍ਰਧਾਨ

ਇੱਕ ਪਾਸੇ ਪ੍ਰਾਈਵੇਟ ਸਕੂਲਾਂ ਦੇ ਵਾਧੇ ਨੂੰ ਰੋਕਣ ਦੀਆਂ ਗੱਲਾਂ, ਦੂਜੇ ਪਾਸੇ ਮੈਡੀਕਲ ਸਿੱਖਿਆ ਨੂੰ ਮਹਿੰਗਾ ਕਰਕੇ ਸਰਕਾਰੀ ਨੀਤੀ ਦਾ ਦੋਗਲਾਪਣ ਬੇਨਕਾਬ

ਚੰਡੀਗੜ੍ਹ, 9 ਅਗਸਤ 2026- ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਅਖੌਤੀ ‘ਸਿੱਖਿਆ ਕ੍ਰਾਂਤੀ’ ’ਤੇ ਤਿੱਖਾ ਹਮਲਾ ਕਰਦਿਆਂ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਸਰਕਾਰ ਨੇ ਸਿੱਖਿਆ ਨੂੰ ਹਰ ਬੱਚੇ ਤੱਕ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਉਹੀ ਸਰਕਾਰ ਹੁਣ MBBS ਦੀਆਂ ਫੀਸਾਂ ਵਿੱਚ ਭਾਰੀ ਵਾਧਾ ਕਰਕੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਡਾਕਟਰੀ ਦੀ ਪੜ੍ਹਾਈ ਦੇ ਦਰਵਾਜ਼ੇ ਬੰਦ ਕਰਨ ਵੱਲ ਵੱਧ ਰਹੀ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੀ ਕਹੀ ਅਤੇ ਕੀਤੀ ਗੱਲ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਇੱਕ ਪਾਸੇ ‘ਸਿੱਖਿਆ ਕ੍ਰਾਂਤੀ’ ਦੇ ਇਸ਼ਤਿਹਾਰ ਚਲਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਉੱਚ ਸਿੱਖਿਆ, ਖ਼ਾਸ ਕਰਕੇ ਮੈਡੀਕਲ ਸਿੱਖਿਆ, ਲਗਾਤਾਰ ਮਹਿੰਗੀ ਕੀਤੀ ਜਾ ਰਹੀ ਹੈ। ਜਦੋਂ ਇੱਕ ਆਮ ਪਰਿਵਾਰ ਆਪਣੇ ਬੱਚੇ ਨੂੰ ਡਾਕਟਰ ਬਣਾਉਣ ਦਾ ਸੁਪਨਾ ਲੈ ਕੇ ਚੱਲਦਾ ਹੈ ਤਾਂ ਉਸਦੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਫੀਸ ਬਣ ਜਾਂਦੀ ਹੈ। ਅਜਿਹੇ ਸਮੇਂ ਫੀਸਾਂ ਵਿੱਚ ਹੋਰ ਵਾਧਾ ਕਰਨਾ ਸਰਕਾਰ ਦੀ ਲੋਕ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ MBBS ਦੀਆਂ ਫੀਸਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਸਰਕਾਰੀ ਕਾਲਜਾਂ ਦੀ ਫੀਸ ਵਿੱਚ ਵੀ ਵਾਧਾ ਹੋਇਆ ਹੈ, ਜਦਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਪੂਰੇ ਕੋਰਸ ਦੀ ਫੀਸ 21.48 ਲੱਖ ਰੁਪਏ ਤੋਂ ਵਧ ਕੇ ਲਗਭਗ 25.22 ਲੱਖ ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਸਿੱਖਿਆ ਨਾਲ ਜੁੜੀਆਂ ਹੋਰ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।

ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਸਿਰਫ਼ ਫੀਸ ਵਧਾਉਣ ਦਾ ਮਾਮਲਾ ਨਹੀਂ, ਸਗੋਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਸਵਾਲ ਹੈ। ਜੇਕਰ ਸਰਕਾਰ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਰੱਖਣ ਦੀ ਬਜਾਏ ਲਗਾਤਾਰ ਮਹਿੰਗਾ ਕਰੇਗੀ ਤਾਂ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਯੋਗ ਬੱਚੇ ਡਾਕਟਰੀ ਦੀ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ ਅਤੇ ਉਨ੍ਹਾਂ ਦੇ ਸੁਪਨੇ ਸਿਰਫ਼ ਪੈਸੇ ਦੀ ਕਮੀ ਕਾਰਨ ਟੁੱਟ ਜਾਣਗੇ।

ਉਨ੍ਹਾਂ ‘ਆਪ’ ਸਰਕਾਰ ਦੇ ਦੋਗਲੇਪਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਪ੍ਰਾਈਵੇਟ ਸਕੂਲਾਂ ਦੇ ਵਾਧੇ ਨੂੰ ਲੈ ਕੇ ਕਾਨੂੰਨ ਅਤੇ ਨੀਤੀਆਂ ਬਣਾਉਣ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਖੁਦ ਮੈਡੀਕਲ ਸਿੱਖਿਆ ਦੀਆਂ ਫੀਸਾਂ ਵਿੱਚ ਵਾਧਾ ਕਰ ਰਹੀ ਹੈ। ਜੇਕਰ ਸਰਕਾਰ ਸੱਚਮੁੱਚ ਸਿੱਖਿਆ ਨੂੰ ਆਮ ਲੋਕਾਂ ਦਾ ਅਧਿਕਾਰ ਮੰਨਦੀ ਹੈ ਤਾਂ ਫਿਰ ਡਾਕਟਰੀ ਵਰਗੀ ਮਹੱਤਵਪੂਰਨ ਪੇਸ਼ੇਵਰ ਸਿੱਖਿਆ ਨੂੰ ਮਹਿੰਗਾ ਕਰਨ ਦੀ ਲੋੜ ਕਿਉਂ ਪੈ ਰਹੀ ਹੈ?

ਕੇਵਲ ਸਿੰਘ ਢਿੱਲੋਂ ਨੇ ਕਿਹਾ, “ਇਸ਼ਤਿਹਾਰਾਂ ਵਿੱਚ ਸਿੱਖਿਆ ਕ੍ਰਾਂਤੀ ਦਿਖਾਉਣ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ। ਸਿੱਖਿਆ ਕ੍ਰਾਂਤੀ ਉਦੋਂ ਆਉਂਦੀ ਹੈ ਜਦੋਂ ਪੰਜਾਬ ਦੇ ਗਰੀਬ ਕਿਸਾਨ, ਮਜ਼ਦੂਰ ਅਤੇ ਮੱਧਵਰਗੀ ਪਰਿਵਾਰ ਦਾ ਬੱਚਾ ਵੀ ਬਿਨਾਂ ਆਰਥਿਕ ਬੋਝ ਦੇ ਉੱਚ ਪੱਧਰੀ ਸਿੱਖਿਆ ਹਾਸਲ ਕਰ ਸਕੇ। ਪਰ ‘ਆਪ’ ਸਰਕਾਰ ਦੀਆਂ ਨੀਤੀਆਂ ਇਸਦੇ ਉਲਟ ਦਿਸ਼ਾ ਵੱਲ ਜਾ ਰਹੀਆਂ ਹਨ।”

ਉਨ੍ਹਾਂ ਕਿਹਾ ਕਿ ਸਰਕਾਰ ਨੂੰ MBBS ਫੀਸਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੈਸੇ ਦੀ ਕਮੀ ਕਿਸੇ ਵੀ ਹੋਣਹਾਰ ਪੰਜਾਬੀ ਵਿਦਿਆਰਥੀ ਦੇ ਡਾਕਟਰ ਬਣਨ ਦੇ ਰਾਹ ਵਿੱਚ ਰੁਕਾਵਟ ਨਾ ਬਣੇ। “‘ਆਪ’ ਦੀ ਅਖੌਤੀ ਸਿੱਖਿਆ ਕ੍ਰਾਂਤੀ ਹੁਣ ਇਸ਼ਤਿਹਾਰਾਂ ਤੋਂ ਨਿਕਲ ਕੇ ਫੀਸਾਂ ਦੇ ਅੰਕੜਿਆਂ ਵਿੱਚ ਨਜ਼ਰ ਆ ਰਹੀ ਹੈ ਅਤੇ ਇਹ ਅੰਕੜੇ ਸਰਕਾਰ ਦੀ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਰੱਖ ਰਹੇ ਹਨ।”

 

Leave a Comment