Join WhatsApp

Join Now

ਪਰਵਿੰਦਰ ਝੋਟਾ ਕਤਲ ਕਾਂਡ: 28 ਅਕਤੂਬਰ ਨੂੰ ਗੁਰੂ ਘਰਾਂ ‘ਚ ਹੋਵੇਗੀ ਇਨਸਾਫ਼ ਲਈ ਅਰਦਾਸ, ਐਕਸ਼ਨ ਕਮੇਟੀ ਨੇ ਵਿੱਢੀ ਵੱਡੀ ਤਿਆਰੀ

On: October 26, 2026 9:08 PM

 

ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਜਥੇਦਾਰ ਦੀ ਅਪੀਲ; ਪੰਜਾਬ ਭਰ ਦੀਆਂ ਜਥੇਬੰਦੀਆਂ ਨੂੰ ਭੇਜੇ ਜਾਣਗੇ ਸੱਦਾ ਪੱਤਰ- ਮਾਨਸਾ ‘ਚ ਚੱਲ ਰਹੇ ਧਰਨੇ ਦਰਮਿਆਨ ਸ਼ਹਿਰੀਆਂ ਨੂੰ ਵੱਡੀ ਰਾਹਤ, ਆਵਾਜਾਈ ਲਈ ਲੰਘਣ ਦਾ ਰਸਤਾ ਦੇਣ ਲਈ ਕਮੇਟੀ ਗਠਿਤ

ਝੋਟਾ ਕਤਲ ਕੇਸ: ਅਗਲੇ ਸੰਘਰਸ਼ ਦੀ ਰੂਪ-ਰੇਖਾ ਲਈ ਕਿਸਾਨ-ਮਜ਼ਦੂਰ ਤੇ ਧਾਰਮਿਕ ਜਥੇਬੰਦੀਆਂ ਨਾਲ ਕੀਤਾ ਜਾਵੇਗਾ ਵਿਚਾਰ-ਵਟਾਂਦਰਾ

ਮਾਨਸਾ, 26 ਅਕਤੂਬਰ 2026- ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਵਿੱਢੇ ਗਏ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਐਕਸ਼ਨ ਕਮੇਟੀ ਵੱਲੋਂ ਵੱਡੇ ਫ਼ੈਸਲੇ ਲਏ ਗਏ ਹਨ। ਇੱਕ ਪਾਸੇ ਜਿੱਥੇ ਧਰਨੇ ਦੌਰਾਨ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਉੱਚ-ਪੱਧਰੀ ਕਮੇਟੀ ਬਣਾਈ ਗਈ ਹੈ, ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਪੀਲ ‘ਤੇ 28 ਅਕਤੂਬਰ ਨੂੰ ਸੂਬੇ ਭਰ ਦੇ ਗੁਰੂ ਘਰਾਂ ਵਿੱਚ ਇਨਸਾਫ਼ ਲਈ ਅਰਦਾਸ ਕਰਨ ਦਾ ਐਲਾਨ ਕੀਤਾ ਗਿਆ ਹੈ।

ਮਾਨਸਾ ਸ਼ਹਿਰ ਵਿੱਚ ਚੱਲ ਰਹੇ ਰੋਸ ਧਰਨੇ ਕਾਰਨ ਆਮ ਜਨ-ਜੀਵਨ ਉੱਤੇ ਪੈ ਰਹੇ ਪ੍ਰਭਾਵ ਨੂੰ ਵੇਖਦਿਆਂ ਐਕਸ਼ਨ ਕਮੇਟੀ ਨੇ ਵੱਡਾ ਕਦਮ ਚੁੱਕਿਆ ਹੈ। ਕਮੇਟੀ ਆਗੂਆਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਅਤੇ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਜ, ਰੋਜ਼ੀ-ਰੋਟੀ ਅਤੇ ਆਵਾਜਾਈ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਨਵੀਂ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਧਰਨੇ ਵਾਲੀ ਥਾਂ ਦੇ ਆਲੇ-ਦੁਆਲੇ ਲੋੜੀਂਦਾ ਰਸਤਾ ਦੇਣ ਦੀਆਂ ਵੱਖ-ਵੱਖ ਸੰਭਾਵਨਾਵਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ, ਤਾਂ ਜੋ ਆਮ ਨਾਗਰਿਕਾਂ ਨੂੰ ਆਉਣ-ਜਾਣ ਵਿੱਚ ਸੁਖਾਲਾ ਰਾਹ ਮਿਲ ਸਕੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਨਸਾ ਦੇ ਸ਼ਹਿਰੀਆਂ ਨੇ ਲਗਾਤਾਰ ਤਿੰਨ ਦਿਨ ਸ਼ਹਿਰ ਬੰਦ ਰੱਖ ਕੇ ਇਸ ਸੰਘਰਸ਼ ਦਾ ਪੂਰਨ ਸਮਰਥਨ ਕੀਤਾ ਸੀ ਅਤੇ ਹੁਣ ਵੀ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ ਅਪੀਲ ਅਨੁਸਾਰ 28 ਅਕਤੂਬਰ ਨੂੰ ਪੰਜਾਬ ਦੇ ਸਮੁੱਚੇ ਗੁਰੂ ਘਰਾਂ ਵਿੱਚ ਪਰਵਿੰਦਰ ਸਿੰਘ ਝੋਟਾ ਨਿਮਿਤ ਇਨਸਾਫ਼ ਲਈ ਅਰਦਾਸ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪੁੱਤ ਦੇ ਵਿਛੋੜੇ ਦਾ ਅਸਹਿ ਦਰਦ ਹੰਢਾ ਰਹੇ ਪਰਿਵਾਰ ਨਾਲ ਸੰਗਤ ਦੀ ਇਹ ਰੂਹਾਨੀ ਸਾਂਝ ਉਨ੍ਹਾਂ ਲਈ ਵੱਡਾ ਧਰਵਾਸ ਅਤੇ ਹੌਸਲਾ ਬਣੇਗੀ।

ਇਨਸਾਫ਼ ਦੀ ਇਸ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੀਆਂ ਸਮੁੱਚੀਆਂ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਅਤੇ ਧਾਰਮਿਕ ਜਥੇਬੰਦੀਆਂ ਨੂੰ ਲਿਖਤੀ ਸੱਦਾ ਪੱਤਰ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸਾਂਝੀ ਬੈਠਕ ਕਰਕੇ ਅਗਲੇ ਸੰਘਰਸ਼ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ, ਤਾਂ ਜੋ ਸਰਕਾਰ ਅਤੇ ਪ੍ਰਸ਼ਾਸਨ ‘ਤੇ ਦਬਾਅ ਬਣਾ ਕੇ ਇਨਸਾਫ਼ ਦੀ ਮੰਗ ਨੂੰ ਇੱਕਜੁੱਟਤਾ ਨਾਲ ਅੱਗੇ ਵਧਾਇਆ ਜਾ ਸਕੇ।

ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ, ਪਤਨੀ ਮਨਪ੍ਰੀਤ ਕੌਰ ਤੋਂ ਇਲਾਵਾ ਐਕਸ਼ਨ ਕਮੇਟੀ ਦੇ ਮੁੱਖ ਆਗੂ ਬੋਘ ਸਿੰਘ ਮਾਨਸਾ, ਕ੍ਰਿਸ਼ਨ ਚੌਹਾਨ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਔਲਖ, ਮੁਨੀਸ਼ ਬੱਬੀ ਦਾਨੇਵਾਲੀਆ, ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ, ਲੱਖਾ ਸਿਧਾਣਾ, ਭਾਨਾ ਸਿੱਧੂ, ਰੂਬੀ ਮਾਨਸਾ, ਜਸਵੀਰ ਕੌਰ ਨੱਤ, ਭਗਵੰਤ ਸਮਾਓ, ਅਰਵਿੰਦਰ ਕੌਰ, ਨਿਰਮਲ ਸਿੰਘ ਝੰਡੂਕੇ, ਦਿਲਬਾਗ ਸਿੰਘ ਕਲੀਪੁਰ, ਮਹਿੰਦਰ ਸਿੰਘ ਭੈਣੀ, ਮਾਨਿਕ ਗੋਇਲ, ਪ੍ਰੇਮ ਅਰੋੜਾ, ਸੁਰਜੀਤ ਸਿੰਘ ਫੂਲ, ਡਾ. ਜਨਕ ਰਾਜ, ਚਮਕੌਰ ਸਿੰਘ ਮੂਸਾ, ਹਰਵਿੰਦਰ ਭਾਰਦਵਾਜ, ਧੰਨਾ ਮੱਲ ਗੋਇਲ, ਲਖਵਿੰਦਰ ਸਿੰਘ ਮੂਸਾ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਰੇਸ਼ ਨੰਦਗੜ੍ਹੀਆਂ, ਮਨਦੀਪ ਸਿੰਘ ਗੋਰਾ, ਗੁਰਪ੍ਰੀਤ ਸਿੰਘ ਝੱਬਰ, ਹੰਸ ਰਾਜ ਮੋਫ਼ਰ, ਗੁਰਮੁੱਖ ਸਿੰਘ, ਹਰਮਨ ਸਿੰਘ, ਬਲਜੀਤ ਸ਼ਰਮਾ ਅਤੇ ਤਰਸੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਮਦਰਦ ਹਾਜ਼ਰ ਸਨ।

 

Leave a Comment