ਹੋਟਲ ‘ਚ ‘ਕਿੱਟੀ ਪਾਰਟੀ’ ਦੇ ਨਾਮ ‘ਤੇ ਚੱਲ ਰਿਹਾ ਸੀ ਦੇਹ ਵਪਾਰ; 3 ਲੜਕੀਆਂ ਸਮੇਤ ਪੰਜ ਕਾਬੂ

 

ਹੋਟਲ ‘ਚ ‘ਕਿੱਟੀ ਪਾਰਟੀ’ ਦੇ ਨਾਮ ‘ਤੇ ਚੱਲ ਰਿਹਾ ਸੀ ਦੇਹ ਵਪਾਰ; 3 ਲੜਕੀਆਂ ਸਮੇਤ ਪੰਜ ਕਾਬੂ

ਬਠਿੰਡਾ, 18 ਅਪ੍ਰੈਲ 2026: ਬਠਿੰਡਾ ਸ਼ਹਿਰ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਕੋਤਵਾਲੀ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਪੁਲਿਸ ਨੇ ਸ਼ਹਿਰ ਦੇ ਮਸ਼ਹੂਰ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਮੌਕੇ ਤੋਂ ਤਿੰਨ ਲੜਕੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ (ਰੈਸਕਿਊ ਕੀਤਾ) ਹੈ ਅਤੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਕਿੱਟੀ ਪਾਰਟੀ ਦੇ ਨਾਂ ‘ਤੇ ਚੱਲ ਰਿਹਾ ਸੀ ਗੋਰਖਧੰਦਾ

ਜਾਣਕਾਰੀ ਅਨੁਸਾਰ, ਥਾਣਾ ਕੋਤਵਾਲੀ ਦੇ ਐਸ.ਐਚ.ਓ. ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮਾਲ ਰੋਡ ਦੇ ਡਿੱਗੀ ਇਲਾਕੇ ਵਿੱਚ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ।

ਇਸੇ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ “ਫਲਾਨੇ” ਹੋਟਲ ਦੀ ਦੂਜੀ ਮੰਜ਼ਿਲ ‘ਤੇ ਕਿੱਟੀ ਪਾਰਟੀ ਦੇ ਬਹਾਨੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਟਲ ਵਿੱਚ ਛਾਪੇਮਾਰੀ ਕੀਤੀ।

ਪੁਲਿਸ ਨੇ ਮੌਕੇ ਤੋਂ ਪੰਜ ਵਿਅਕਤੀਆਂ ਨੂੰ ਦਬੋਚ ਲਿਆ ਹੈ। ਮਾਮਲੇ ਦਾ ਮੁੱਖ ਦੋਸ਼ੀ ਅਤੇ ਉਸ ਦੇ ਦੋ ਹੋਰ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਤਿੰਨ ਲੜਕੀਆਂ ਨੂੰ ਪੁਲਿਸ ਨੇ ਆਪਣੀ ਸੁਰੱਖਿਆ ਹੇਠ ਲੈ ਲਿਆ ਹੈ।

ਪੁਲਿਸ ਨੇ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਐਸ.ਐਚ.ਓ. ਪਰਵਿੰਦਰ ਸਿੰਘ ਨੇ ਦੱਸਿਆ ਕਿ ਫਰਾਰ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਹੋਟਲ ਪ੍ਰਬੰਧਕਾਂ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।