ਚਾਰ ਕਾਲੇ ਕਾਨੂੰਨਾਂ (ਕਿਰਤ ਕੋਡਾਂ) ਖਿਲਾਫ਼ ਰੋਸ ਪ੍ਰਦਰਸ਼ਨ! ਚਾਰੇ ਕਿਰਤ ਕੋਡ ਮਜ਼ਦੂਰ, ਮੁਲਾਜ਼ਮ ਅਤੇ ਹੋਰ ਵਰਗਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ
ਸ਼੍ਰੀ ਮੁਕਤਸਰ ਸਾਹਿਬ, 1 ਅਪ੍ਰੈਲ 2026-
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਪਹਿਲਕਦਮੀ ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸਥਿਤ ਸਥਾਨਕ ਡਾ ਭੀਮ ਰਾਓ ਅੰਬੇਦਕਰ ਪਾਰਕ ਵਿੱਚ ਚਾਰ ਕਿਰਤ ਕੋਡਾਂ ਖਿਲਾਫ ਮੁਲਾਜ਼ਮ ਜੱਥੇਬੰਦੀਆਂ ਨੇ ਇਕੱਤਰਤਾ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਪਵਨ ਕੁਮਾਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਝਬੇਲਵਾਲੀ, ਨੌਜਵਾਨ ਭਾਰਤ ਸਭਾ ਦੇ ਮੰਗਾ ਅਜ਼ਾਦ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜੋਗਿੰਦਰ ਸਿੰਘ ਮੱਲਣ, ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੇ ਰਮਨਜੀਤ ਕੌਰ, ਸੀਟੂ ਦੇ ਤਰਸੇਮ ਲਾਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਪ੍ਰੀਤ ਕੌਰ ਨੇ ਕਿਹਾ ਚਾਰ ਕਿਰਤ ਕੋਡ ਮਜ਼ਦੂਰ, ਮੁਲਾਜ਼ਮ ਅਤੇ ਹੋਰ ਵਰਗਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਲਿਆਂਦੇ ਗਏ ਹਨ।
ਇੰਨ੍ਹਾਂ ਕੋਡਾਂ ਰਾਹੀਂ ਮਜ਼ਦੂਰ ਵਰਗ ਤੋਂ ਯੂਨੀਅਨ ਬਣਾਉਣ ਦਾ ਅਧਿਕਾਰ ਖੋਹ ਲਿਆ ਗਿਆ ਹੈ, ਕੰਮ ਦੇ ਘੰਟੇ ਵਧਾਉਣ ਦਾ ਰਾਹ ਪੱਧਰਾ ਕੀਤਾ ਗਿਆ ਹੈ, ਮਜ਼ਦੂਰ ਵਰਗ ਨੂੰ ਮਿਲਣ ਵਾਲੀ ਸੁਰੱਖਿਆ ਸਮਾਪਤ ਕਰ ਦਿੱਤੀ ਗਈ ਹੈ, ਲੇਬਰ ਇੰਸਪੈਕਟਰ ਦੀ ਅਸਾਮੀ ਖਤਮ ਕਰ ਦਿੱਤੀ ਗਈ ਹੈ, ਜੱਥੇਬੰਦੀਆਂ ਨੂੰ ਦਬਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਵਧਾ ਦਿੱਤੀਆਂ ਹਨ। ਇਹਨਾਂ ਕੋਡਾਂ ਦਾ ਪ੍ਰਭਾਵ ਸਿਰਫ਼ ਮਜ਼ਦੂਰਾਂ ਤੇ ਨਹੀਂ ਸਗੋਂ ਸੰਘਰਸ਼ ਕਰ ਰਹੇ ਹਰੇਕ ਵਰਗ ‘ਤੇ ਪੈਣਾ ਹੈ।
ਆਗੂਆਂ ਨੇ ਕਿਹਾ ਕਿ, ਦੇਸ਼ ਵਿੱਚ ਰਾਜ ਕਰ ਰਹੀਆਂ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੇ ਮਜ਼ਦੂਰ, ਮੁਲਾਜ਼ਮ ਸਮੇਤ ਸਭ ਵਰਗਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ, ਦੇਸ਼ ਦੀ ਸਮੁੱਚੀ ਧਨ/ਦੌਲਤ, ਜਲ,ਜੰਗਲ ਅਤੇ ਕਾਰਪੋਰੇਟ ਨੂੰ ਲੁਟਾਉਣ ਦੇ ਰਾਹ ਪਈਆਂ ਹੋਈਆਂ ਹਨ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਣ ਦੀ ਥਾਂ ਨਿਘਾਰ ਆ ਰਿਹਾ ਹੈ।
ਸਰਕਾਰਾਂ ਕੋਲ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ, ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਹੈ, ਬੱਚਿਆਂ ਨੂੰ ਵਿਗਿਆਨਕ ਸਿੱਖਿਆ ਨਹੀਂ ਦਿੱਤੀ ਜਾ ਰਹੀ, ਛੋਟਾ ਵਪਾਰੀ ਵਰਗ ਕਾਰਪੋਰੇਟ ਅੱਗੇ ਮੁਕਾਬਲਾ ਨਾ ਕਰਨ ਕਾਰਣ ਕੰਮ ਬੰਦੀ/ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੇ ਸੰਘਰਸ਼ਾਂ ਦੇ ਰਾਹ ਪੈਣਾ ਹੈ, ਉਨ੍ਹਾਂ ਨੇ ਜੱਥੇਬੰਦੀਆਂ ਬਣਾ ਕੇ ਸਰਕਾਰਾਂ ਨੂੰ ਘੇਰਨਾ ਹੈ।
ਸਰਕਾਰ ਨੇ ਇੰਨ੍ਹਾਂ ਚਾਰ ਕਿਰਤ ਕੋਡਾਂ ਅਤੇ ਹੋਰਨਾਂ ਕਾਨੂੰਨਾਂ ਰਾਹੀਂ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਵੱਲ ਵਧਣਾ ਹੈ। ਆਗੂਆਂ ਨੇ ਸਰਕਾਰਾਂ ਦੇ ਜ਼ਬਰ ਦਾ ਸਾਹਮਣਾ ਲੋਕਾਂ ਨੂੰ ਇਕੱਠੇ ਹੋ ਕੇ ਕਰਨ ਦਾ ਸੱਦਾ ਦਿੰਦਿਆਂ ਲੋਕ ਮਾਰੂ ਕਿਰਤ ਕੋਡਾਂ ਖਿਲਾਫ ਲਾਮਬੰਦੀ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਜਗਸੀਰ ਸਿੰਘ, ਬਲਦੇਵ ਸਿੰਘ ਲੰਬੀ, ਹਰਜਸ ਸਿੰਘ, ਛਿੰਦਾ ਸਿੰਘ, ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੇ ਰਾਜਵਿੰਦਰ ਕੌਰ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਰਵੀ ਕੁਮਾਰ, ਬਲਵੰਤ ਸਿੰਘ, ਸੁਰਿੰਦਰ ਕੁਮਾਰ, ਕੰਵਲਜੀਤ ਪਾਲ, ਰਾਕੇਸ਼ ਕੁਮਾਰ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਭਜਨ ਸਿੰਘ, ਅਮਰਜੀਤ ਪਾਲ, ਨੌਜਵਾਨ ਭਾਰਤ ਸਭਾ ਦੇ ਹਰਜਿੰਦਰ ਸਿੰਘ, ਵਿਜੇ ਗੋਇਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।






