ਵੱਡੀ ਖ਼ਬਰ: ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ; ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਵੱਲੋਂ ਵੀਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ ਐਕਸ਼ਨ ‘ਚ ਆਈ ਜ਼ਿਲ੍ਹਾ ਪੁਲਿਸ
ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਵੱਲੋਂ ਵੀਡੀਓ ‘ਚ ਲਾਏ ਸਨ ਵੱਡੇ ਇਲਜ਼ਾਮ- “ਡਿਪਟੀ ਸੁਪਰਡੈਂਟ ਜੇਲ੍ਹ ਅੰਦਰ ਵਿਕਾਉਂਦਾ ਹੈ ਨਸ਼ਾ ਅਤੇ ਕਰਵਾਉਂਦਾ ਹੈ ਗ਼ਲਤ ਕੰਮ”

ਹੁਸ਼ਿਆਰਪੁਰ, 05 ਜੁਲਾਈ 2026-
ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ (Central Jail Hoshiarpur) ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਦੇ ਮਹਿਕਮੇ ਵਿੱਚੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਤੀ ਦੇਰ ਰਾਤ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਕਾਰਵਾਈ ਜੇਲ੍ਹ ਵਿੱਚ ਬੰਦ ਇੱਕ ਨਾਮੀ ਗੈਂਗਸਟਰ ਵੱਲੋਂ ਲਗਾਏ ਗਏ ਸੰਗੀਨ ਦੋਸ਼ਾਂ ਅਤੇ ਉਸ ਤੋਂ ਬਾਅਦ ਚੱਲੀ ਲੰਮੀ ਪੜਤਾਲ ਦੇ ਆਧਾਰ ‘ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਜੇਲ੍ਹ ਦੇ ਅੰਦਰ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੇ ਜੇਲ੍ਹ ਦੇ ਅੰਦਰੋਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਸੀ, ਜਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਅਤੇ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਸਨ।
ਇਸ ਵੀਡੀਓ ਵਿੱਚ ਗੈਂਗਸਟਰ ਮੰਨਾ ਨੇ ਸਿੱਧੇ ਤੌਰ ‘ਤੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ‘ਤੇ ਬੇਹੱਦ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਜੇਲ੍ਹ ਅਧਿਕਾਰੀ ਉਸ (ਗੈਂਗਸਟਰ) ਦੇ ਜ਼ਰੀਏ ਜੇਲ੍ਹ ਦੇ ਅੰਦਰ ਨਸ਼ਾ ਵਿਕਵਾਉਂਦਾ ਹੈ ਅਤੇ ਹੋਰ ਕਈ ਤਰ੍ਹਾਂ ਦੇ ਗ਼ਲਤ ਕੰਮ ਕਰਵਾਉਂਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ, ਜਿਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਬਾਰੀਕੀ ਅਤੇ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਸੀ।
ਪੁਲਿਸ ਜਾਂਚ ਵਿੱਚ ਪੁਖ਼ਤਾ ਸਬੂਤ ਮਿਲਣ ਤੋਂ ਬਾਅਦ ਬੀਤੀ ਦੇਰ ਰਾਤ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਨੂੰ ਸਲਾਖ਼ਾਂ ਪਿੱਛੇ ਧੱਕ ਦਿੱਤਾ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਜੇਲ੍ਹ ਅੰਦਰ ਮੋਬਾਈਲ ਫ਼ੋਨ ਕਿਸ ਤਰ੍ਹਾਂ ਪਹੁੰਚਿਆ ਅਤੇ ਇਸ ਕਾਲੇ ਕਾਰੋਬਾਰ ਵਿੱਚ ਹੋਰ ਕਿਹੜੇ-ਕਿਹੜੇ ਮੁਲਾਜ਼ਮ ਜਾਂ ਬਾਹਰੀ ਲੋਕ ਸ਼ਾਮਲ ਹਨ?















