Punjab Breaking- ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਮਜ਼ਦੂਰ ‘ਰਾਮ ਈਸ਼ਵਰ’!
ਰਸੂਲੜਾ ਇਲਾਕੇ ਵਿੱਚ 10 ਤੋਂ 15 ਕੁੱਤਿਆਂ ਦੇ ਝੁੰਡ ਨੇ ਕੀਤਾ ਘਾਤਕ ਹਮਲਾ- ਸਵੇਰੇ ਪਿਤਾ ਨੇ ਦੇਖਿਆ ਖ਼ੌਫ਼ਨਾਕ ਮੰਜ਼ਰ- ਕੁੱਤੇ ਨੋਚ ਰਹੇ ਸਨ ਪੁੱਤ ਦੀ ਲਾਸ਼
ਖੰਨਾ/ਰਸੂਲੜਾ, 14 ਮਈ 2026: ਪੰਜਾਬ ਦੇ ਖੰਨਾ ਇਲਾਕੇ ਦੇ ਪਿੰਡ ਰਸੂਲੜਾ ਵਿੱਚ ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਗ਼ਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਮੰਗਲਵਾਰ ਦੀ ਦੇਰ ਰਾਤ ਆਵਾਰਾ ਕੁੱਤਿਆਂ ਦੇ ਇੱਕ ਹਿੰਸਕ ਝੁੰਡ ਨੇ 35 ਸਾਲਾ ਮਜ਼ਦੂਰ ਰਾਮ ਈਸ਼ਵਰ ਨੂੰ ਆਪਣਾ ਸ਼ਿਕਾਰ ਬਣਾ ਲਿਆ। ਕੁੱਤਿਆਂ ਨੇ ਨਾ ਸਿਰਫ਼ ਉਸ ਨੂੰ ਮੌਤ ਦੇ ਘਾਟ ਉਤਾਰਿਆ, ਸਗੋਂ ਸਾਰੀ ਰਾਤ ਉਸ ਦੀ ਲਾਸ਼ ਨੂੰ ਨੋਚਦੇ ਰਹੇ।
ਮ੍ਰਿਤਕ ਰਾਮ ਈਸ਼ਵਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ। ਮੰਗਲਵਾਰ ਰਾਤ ਜਦੋਂ ਉਹ ਖੇਤਾਂ ਵੱਲ ਜਾ ਰਿਹਾ ਸੀ, ਤਾਂ ਅਚਾਨਕ 10 ਤੋਂ 15 ਆਵਾਰਾ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਕੱਲਾ ਹੋਣ ਕਾਰਨ ਰਾਮ ਈਸ਼ਵਰ ਕੁੱਤਿਆਂ ਦੇ ਉਸ ਹਿੰਸਕ ਝੁੰਡ ਦਾ ਮੁਕਾਬਲਾ ਨਹੀਂ ਕਰ ਸਕਿਆ। ਕੁੱਤਿਆਂ ਨੇ ਉਸ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਦਰਦਨਾਕ ਘਟਨਾ ਦਾ ਪਤਾ ਬੁੱਧਵਾਰ ਸਵੇਰੇ ਲੱਗਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਖੇਤਾਂ ਵੱਲ ਗਏ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਦੇਖਿਆ ਕਿ ਕੁੱਤਿਆਂ ਦਾ ਝੁੰਡ ਰਾਮ ਈਸ਼ਵਰ ਦੀ ਲਾਸ਼ ਨੂੰ ਖਾ ਰਿਹਾ ਸੀ।
ਪਿਤਾ ਦੇ ਰੌਲਾ ਪਾਉਣ ‘ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਕੁੱਤਿਆਂ ਨੂੰ ਉੱਥੋਂ ਭਜਾਇਆ, ਪਰ ਉਦੋਂ ਤੱਕ ਰਾਮ ਈਸ਼ਵਰ ਦਾ ਸਰੀਰ ਕੁੱਤਿਆਂ ਨੇ ਬੁਰੀ ਤਰ੍ਹਾਂ ਖ਼ਤਮ ਕਰ ਦਿੱਤਾ ਸੀ।
ਪਿੰਡ ਵਾਸੀਆਂ ਨੇ ਨਗਰ ਕੌਂਸਲ ਖੰਨਾ ਅਤੇ ਸਥਾਨਕ ਪ੍ਰਸ਼ਾਸਨ ਵਿਰੁੱਧ ਤਿੱਖਾ ਰੋਸ ਜ਼ਾਹਿਰ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਨੇੜੇ ਬਣਿਆ ਕੂੜਾ ਡੰਪ ਆਵਾਰਾ ਕੁੱਤਿਆਂ ਦੀ ਫ਼ੌਜ ਦਾ ਅੱਡਾ ਬਣ ਚੁੱਕਾ ਹੈ।
ਇੱਥੇ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਉਹ ਪਹਿਲਾਂ ਵੀ ਕਈ ਵਾਰ ਰਾਹਗੀਰਾਂ ‘ਤੇ ਹਮਲੇ ਕਰ ਚੁੱਕੇ ਹਨ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਇਨ੍ਹਾਂ ਕੁੱਤਿਆਂ ‘ਤੇ ਨਕੇਲ ਪਾਉਣ ਲਈ ਕੋਈ ਕਦਮ ਨਹੀਂ ਚੁੱਕਿਆ।
ਇਸ ਘਟਨਾ ਤੋਂ ਬਾਅਦ ਰਸੂਲੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਖ਼ਾਸ ਕਰਕੇ ਰਾਤ ਦੇ ਸਮੇਂ ਲੋਕਾਂ ਵਿੱਚ ਭਾਰੀ ਦਹਿਸ਼ਤ ਹੈ।
ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਕੌਂਸਲ ਨੇ ਤੁਰੰਤ ਕੂੜਾ ਡੰਪ ਦਾ ਹੱਲ ਨਾ ਕੀਤਾ ਅਤੇ ਆਵਾਰਾ ਕੁੱਤਿਆਂ ਨੂੰ ਕਾਬੂ ਨਾ ਕੀਤਾ, ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।
ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਅਤੇ ਨਗਰ ਨਿਗਮਾਂ ਦੀ ‘ਐਨੀਮਲ ਬਰਥ ਕੰਟਰੋਲ’ (ABC) ਪ੍ਰੋਗਰਾਮ ਦੀ ਨਾਕਾਮੀ ਦੀ ਪੋਲ ਖੋਲ੍ਹ ਦਿੱਤੀ ਹੈ।






