Punjab Chandigarh News: ਰਾਜਾ ਵੜਿੰਗ ਦਾ CM ਨਾਇਬ ਸੈਣੀ ‘ਤੇ ਵੱਡਾ ਹਮਲਾ: SYL, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ‘ਤੇ ਸਟੈਂਡ ਸਪੱਸ਼ਟ ਕਰਨ ਦੀ ਦਿੱਤੀ ਚੁਣੌਤੀ-“ਸੈਣੀ ਇੱਕੋ ਸਮੇਂ ਹਰਿਆਣਾ ਅਤੇ ਪੰਜਾਬ ਦੇ ਟਕਰਾਉਂਦੇ ਹਿਤਾਂ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦੇ, ਇਹ ਦੋਹਰੀ ਸਿਆਸਤ”
ਧੂਰੀ ਰੈਲੀ ‘ਚ ਖਾਲੀ ਕੁਰਸੀਆਂ ਦੇਖ ਪੰਜਾਬ ਕਾਂਗਰਸ ਪ੍ਰਧਾਨ ਦਾ ਤੰਜ਼ – “ਸੈਣੀ ਹੁਣ ਪੰਜਾਬ ਲਈ ਅਣਚਾਹੇ ਮਹਿਮਾਨ ਬਣੇ”- ਪੰਜਾਬ ਭਾਜਪਾ ਆਗੂਆਂ ਨੂੰ ਵੀ ਘੇਰਿਆ; ਪੁੱਛਿਆ- ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਖੜ੍ਹੇ ਹੋ ਜਾਂ ਪੰਜਾਬ ਨਾਲ?
ਚੰਡੀਗੜ੍ਹ, 8 ਜੂਨ 2026:
Punjab Chandigarh News: ਪੰਜਾਬ ਵਿੱਚ ਚੋਣ ਪ੍ਰਚਾਰ ਦੇ ਦਰਮਿਆਨ ਸਿਆਸੀ ਗਰਮਾ-ਗਰਮੀ ਹੋਰ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੰਜਾਬ ਦੌਰਿਆਂ ਨੂੰ ਲੈ ਕੇ ਉਨ੍ਹਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਵੜਿੰਗ ਨੇ CM ਸੈਣੀ ਨੂੰ ਪੰਜਾਬ ਨਾਲ ਸਬੰਧਿਤ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਗੰਭੀਰ ਮੁੱਦਿਆਂ, ਖ਼ਾਸ ਕਰਕੇ ਐਸ.ਵਾਈ.ਐਲ. (SYL), ਚੰਡੀਗੜ੍ਹ ਦੇ ਪੰਜਾਬ ਨੂੰ ਤਬਾਦਲੇ ਅਤੇ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰੀਕੇ ਨਾਲ ਨਾਇਬ ਸਿੰਘ ਸੈਣੀ ਪੰਜਾਬ ਵਿੱਚ ਆ ਕੇ ਭਾਜਪਾ ਲਈ ਚੋਣ ਪ੍ਰਚਾਰ ਅਤੇ ਦੌਰੇ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ‘ਦੋਹਰੀ ਸਿਆਸਤ’ ਕਰਨ ਵਰਗਾ ਹੈ। ਉਨ੍ਹਾਂ ਕਿਹਾ ਕਿ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਹਨ ਅਤੇ ਉਹ ਇੱਕੋ ਸਮੇਂ ਹਰਿਆਣਾ ਅਤੇ ਪੰਜਾਬ ਦੇ ਆਪਸ ਵਿੱਚ ਟਕਰਾਉਂਦੇ ਹਿਤਾਂ ਪ੍ਰਤੀ ਕਦੇ ਵੀ ਵਫ਼ਾਦਾਰ ਨਹੀਂ ਰਹਿ ਸਕਦੇ। ਵੜਿੰਗ ਨੇ ਸੈਣੀ ਨੂੰ ਸਿੱਧਾ ਸਵਾਲ ਕੀਤਾ, “ਕੀ ਤੁਸੀਂ ਪੰਜਾਬ ਤੋਂ ਵਾਧੂ ਪਾਣੀ ਦੀ ਆਪਣੀ ਬੇਬੁਨਿਆਦ ਮੰਗ ਨੂੰ ਛੱਡਣ ਲਈ ਤਿਆਰ ਹੋ? ਅਤੇ ਕੀ ਤੁਸੀਂ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਵਿੱਚ ਸਹਿਯੋਗ ਦਿਓਗੇ, ਜੋ ਲੰਬੇ ਸਮੇਂ ਤੋਂ ਪੰਜਾਬ ਦਾ ਹੱਕ ਹੈ?”
ਧੂਰੀ ਵਿੱਚ ਨਾਇਬ ਸਿੰਘ ਸੈਣੀ ਦੇ ਚੋਣ ਪ੍ਰੋਗਰਾਮ ‘ਤੇ ਸਖ਼ਤ ਟਿੱਪਣੀ ਕਰਦਿਆਂ ਵੜਿੰਗ ਨੇ ਕਿਹਾ ਕਿ ਉੱਥੇ ਭਾਜਪਾ ਦੀ ਰੈਲੀ ਵਿੱਚ ਭੀੜ ਨਾ ਹੋਣ ਕਾਰਨ ਹਰਿਆਣਾ ਦੇ ਮੁੱਖ ਮੰਤਰੀ ਨੂੰ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨਾ ਪਿਆ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਸੈਣੀ ਦੀ ਹਾਲਤ ਹੁਣ ਉਸ ਮਹਿਮਾਨ ਵਰਗੀ ਹੋ ਗਈ ਹੈ, ਜੋ ਬਾਰ-ਬਾਰ ਬਿਨਾਂ ਵਜ੍ਹਾ ਆਉਣ ਕਾਰਨ ਲੋਕਾਂ ਲਈ ‘ਅਣਚਾਹਿਆ’ ਬਣ ਜਾਂਦਾ ਹੈ। ਜਿਵੇਂ ਕਿ ਸੈਣੀ ਪੰਜਾਬ ਦੇ ਲਗਾਤਾਰ ਗੇੜੇ ਮਾਰ ਕੇ ਕਰ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮਾਮਲੇ ‘ਤੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਪੁੱਛਿਆ ਕਿ ਪੰਜਾਬ ਭਾਜਪਾ ਦੇ ਆਗੂ ਇਹ ਸਾਫ਼ ਕਰਨ ਕਿ ਪੰਜਾਬ ਦੇ ਇਨ੍ਹਾਂ ਲਟਕਦੇ ਮੁੱਦਿਆਂ ‘ਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਰੁਖ਼ ਬਾਰੇ ਉਨ੍ਹਾਂ ਦਾ ਆਪਣਾ ਕੀ ਵਿਚਾਰ ਹੈ? ਕੀ ਉਹ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਖੜ੍ਹੇ ਹਨ ਜਾਂ ਫਿਰ ਆਪਣੇ ਸੂਬੇ ਪੰਜਾਬ ਦੇ ਨਾਲ?
ਇਸ ਦੇ ਨਾਲ ਹੀ ਵੜਿੰਗ ਨੇ ਭਾਜਪਾ ‘ਤੇ ਤਿੱਖਾ ਵਾਰ ਕਰਦਿਆਂ ਪੁੱਛਿਆ ਕਿ ਜਦੋਂ ਪੰਜਾਬ ਭਾਜਪਾ ਕੋਲ ਪਹਿਲਾਂ ਹੀ ਕਾਂਗਰਸ ਤੋਂ ਆਏ ਕਈ ਸੀਨੀਅਰ ਅਤੇ ਦਿੱਗਜ ਆਗੂ ਮੌਜੂਦ ਹਨ, ਤਾਂ ਫਿਰ ਸੂਬੇ ਅੰਦਰ ਪ੍ਰਚਾਰ ਲਈ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਣ ਦੀ ਲੋੜ ਕਿਉਂ ਪਈ? ਜਦਕਿ ਉਸ ਸੂਬੇ ਨਾਲ ਪੰਜਾਬ ਦੇ ਵਿਵਾਦਤ ਮੁੱਦੇ ਅਜੇ ਤੱਕ ਅਣਸੁਲਝੇ ਹਨ। ਉਨ੍ਹਾਂ ਵਿਅੰਗਮਈ ਲਹਿਜੇ ਵਿੱਚ ਪੁੱਛਿਆ ਕਿ ਜਾਂ ਫਿਰ ਭਾਜਪਾ ਨੂੰ ਕਾਂਗਰਸ ਛੱਡ ਕੇ ਗਏ ਆਪਣੇ ਹੀ ਨਵੇਂ ਆਗੂਆਂ ਦੀ ਵਫ਼ਾਦਾਰੀ ‘ਤੇ ਭਰੋਸਾ ਨਹੀਂ ਰਿਹਾ?

















