Pensioner Seva Portal Punjab: ਪੰਜਾਬ ਸਰਕਾਰ ਦਾ ‘ਪੈਨਸ਼ਨਰ ਸੇਵਾ ਪੋਰਟਲ’ ਬਣਿਆ ਜੰਜਾਲ! ਅਪ੍ਰੈਲ ਦੀ ਪੈਨਸ਼ਨ ਨਾ ਮਿਲਣ ਕਾਰਨ ਬਹੁ-ਗਿਣਤੀ ਪੈਨਸ਼ਨਰਾਂ ਦਾ ਫੁੱਟਿਆ ਗੁੱਸਾ, ਕੱਲ੍ਹ ਚੰਡੀਗੜ੍ਹ ‘ਚ ਦੇਣਗੇ ਧਰਨਾ

 

Pensioner Seva Portal Punjab: ਪੰਜਾਬ ਸਰਕਾਰ ਦਾ ‘ਪੈਨਸ਼ਨਰ ਸੇਵਾ ਪੋਰਟਲ’ ਬਣਿਆ ਜੰਜਾਲ! ਅਪ੍ਰੈਲ ਦੀ ਪੈਨਸ਼ਨ ਨਾ ਮਿਲਣ ਕਾਰਨ ਬਹੁ-ਗਿਣਤੀ ਪੈਨਸ਼ਨਰਾਂ ਦਾ ਫੁੱਟਿਆ ਗੁੱਸਾ, ਕੱਲ੍ਹ ਚੰਡੀਗੜ੍ਹ ‘ਚ ਦੇਣਗੇ ਧਰਨਾ

ਪੈਨਸ਼ਨਰਾਂ ਦੀ ਖੱਜਲ-ਖੁਆਰੀ! ਡਿਜੀਟਲ ਸਰਟੀਫਿਕੇਟ ਦੇ ਬਹਾਨੇ ਰੋਕੀ ਗਈ ਲੱਖਾਂ ਪੈਨਸ਼ਨਰਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ

ਜੁਆਇੰਟ ਫਰੰਟ ਦਾ ਐਲਾਨ; 8 ਮਈ ਨੂੰ ਵਿੱਤ ਭਵਨ ਚੰਡੀਗੜ੍ਹ ਵਿਖੇ ਦਿੱਤਾ ਜਾਵੇਗਾ ਮਾਸ ਡੈਪੂਟੇਸ਼ਨ, ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਤਕਨੀਕੀ ਗੁੰਝਲਾਂ ‘ਚ ਉਲਝੇ ਬਜ਼ੁਰਗ: ਪੈਨਸ਼ਨ ਪੋਰਟਲ ਨੇ ਵਧਾਈਆਂ ਪੈਨਸ਼ਨਰਾਂ ਦੀਆਂ ਮੁਸ਼ਕਲਾਂ, ਮਾਨਸਿਕ ਪ੍ਰੇਸ਼ਾਨੀ ਦਾ ਆਲਮ।

ਚੰਡੀਗੜ੍ਹ/ਪਟਿਆਲਾ, 7 ਮਈ 2026: ਪੰਜਾਬ ਸਰਕਾਰ ਵੱਲੋਂ ਨਵੇਂ ਲਾਗੂ ਕੀਤੇ ਗਏ ‘ਪੈਨਸ਼ਨਰ ਸੇਵਾ ਪੋਰਟਲ’ (Pensioner Seva Portal Punjab) ਅਤੇ ਡਿਜੀਟਲ ਲਾਈਵ ਸਰਟੀਫਿਕੇਟ ਦੀਆਂ ਸ਼ਰਤਾਂ ਨੇ ਸੂਬੇ ਦੇ ਲੱਖਾਂ ਪੈਨਸ਼ਨਰਾਂ ਦੀ ਨੀਂਦ ਉਡਾ ਦਿੱਤੀ ਹੈ। ਅਪ੍ਰੈਲ ਮਹੀਨਾ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਪੈਨਸ਼ਨਾਂ ਖਾਤਿਆਂ ਵਿੱਚ ਨਾ ਪੈਣ ਕਾਰਨ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ।

ਪੈਨਸ਼ਨਰ ਜੁਆਇੰਟ ਫਰੰਟ ਦੇ ਕਨਵੀਨਰਾਂ ਕਰਮ ਸਿੰਘ ਧਨੋਆ, ਡਾ. ਐੱਨ. ਕੇ. ਕਲਸੀ, ਅਵਿਨਾਸ਼ ਸ਼ਰਮਾ, ਭਜਨ ਸਿੰਘ ਗਿੱਲ, ਸੁਖਵਿੰਦਰ ਸਿੰਘ ਸੈਣੀ, ਸੁਸ਼ੀਲ ਕੁਮਾਰ ਅਤੇ ਵਿਜੇ ਕੁਮਾਰ ਸ਼ਰਮਾ ਪਟਿਆਲਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਸਰਕਾਰ ਨੇ ਪੈਨਸ਼ਨਰਾਂ ਦੀ ਵਡੇਰੀ ਉਮਰ ਦਾ ਲਿਹਾਜ਼ ਕੀਤੇ ਬਿਨਾਂ ਉਨ੍ਹਾਂ ਨੂੰ ਗੁੰਝਲਦਾਰ ਡਿਜੀਟਲ ਸਿਸਟਮ ਵਿੱਚ ਉਲਝਾ ਦਿੱਤਾ ਹੈ।

ਪੋਰਟਲ ਦੀਆਂ ਤਕਨੀਕੀ ਖਾਮੀਆਂ ਅਤੇ ਡਿਜੀਟਲ ਲਾਈਵ ਸਾਰਟੀਫਿਕੇਟ ਅਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਜਾਣਬੁੱਝ ਕੇ ਪੈਨਸ਼ਨਾਂ ਰੋਕੀਆਂ ਗਈਆਂ ਹਨ, ਜਿਸ ਕਾਰਨ ਬਜ਼ੁਰਗਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰ ਦੇ ਇਸ ਪੈਨਸ਼ਨਰ ਵਿਰੋਧੀ ਰਵੱਈਏ ਦੇ ਵਿਰੋਧ ਵਿੱਚ ਜੁਆਇੰਟ ਫਰੰਟ ਨੇ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ਫਰੰਟ ਦੇ ਮੈਂਬਰਾਂ ਕੁਲਵਰਨ ਸਿੰਘ, ਸੁਖਦੇਵ ਸਿੰਘ ਪੰਨੂੰ, ਬੀ. ਐੱਸ. ਸੈਣੀ, ਖਜਾਨ ਚੰਦ ਅਤੇ ਹੋਰਾਂ ਨੇ ਦੱਸਿਆ ਕਿ 8 ਮਈ (ਸ਼ੁੱਕਰਵਾਰ) ਨੂੰ ਸਵੇਰੇ 11 ਵਜੇ ਵਿੱਤ ਤੇ ਯੋਜਨਾ ਭਵਨ, ਸੈਕਟਰ 33-ਏ, ਚੰਡੀਗੜ੍ਹ ਵਿਖੇ ਡਾਇਰੈਕਟਰ ਪੈਨਸ਼ਨ, ਖਜ਼ਾਨਾ ਅਤੇ ਲੇਖਾ ਪੰਜਾਬ ਨੂੰ ਮਾਸ ਡੈਪੂਟੇਸ਼ਨ ਮਿਲਿਆ ਜਾਵੇਗਾ।

ਇਸ ਪ੍ਰਦਰਸ਼ਨ ਵਿੱਚ ਫਰੰਟ ਵਿੱਚ ਸ਼ਾਮਲ ਹਰੇਕ ਜਥੇਬੰਦੀ ਦੇ ਘੱਟੋ-ਘੱਟ 15-15 ਸਾਥੀ ਸ਼ਾਮਲ ਹੋਣਗੇ। ਪੈਨਸ਼ਨਰਾਂ ਵੱਲੋਂ ਸਰਕਾਰ ਨੂੰ ਇੱਕ ਮੰਗ-ਪੱਤਰ ਸੌਂਪਿਆ ਜਾਵੇਗਾ, ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ, ਪੈਨਸ਼ਨ ਪੋਰਟਲ ਰਾਹੀਂ ਕੀਤੀ ਜਾ ਰਹੀ ਖੱਜਲ-ਖੁਆਰੀ ਤੁਰੰਤ ਬੰਦ ਕੀਤੀ ਜਾਵੇ।

ਪੈਨਸ਼ਨਾਂ ਹਰ ਮਹੀਨੇ ਦੀ ਆਖਰੀ ਮਿਤੀ ਤੋਂ ਪਹਿਲਾਂ ਖਾਤਿਆਂ ਵਿੱਚ ਪਾਈਆਂ ਜਾਣ। ਡਿਜੀਟਲ ਲਾਈਵ ਸਾਰਟੀਫਿਕੇਟ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।