Join WhatsApp

Join Now

Punjab News: ਆਮ ਆਦਮੀ ਕਲੀਨਿਕ ਨੂੰ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ: ਇੱਕੋ ਹਫ਼ਤੇ ‘ਚ ਦੋ ਵਾਰ ਚੋਰੀ, ਪੁਲਿਸ ਦੀ ਕਾਰਗੁਜ਼ਾਰੀ ‘ਤੇ ਉੱਠੇ ਸਵਾਲ

On: July 30, 2026 5:34 PM

 

Punjab News: ਆਮ ਆਦਮੀ ਕਲੀਨਿਕ ਨੂੰ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ: ਇੱਕੋ ਹਫ਼ਤੇ ‘ਚ ਦੋ ਵਾਰ ਚੋਰੀ, ਪੁਲਿਸ ਦੀ ਕਾਰਗੁਜ਼ਾਰੀ ‘ਤੇ ਉੱਠੇ ਸਵਾਲ

ਮੋਹਾਲੀ, 30 ਜੁਲਾਈ 2026

ਸ਼ਹਿਰ ਵਿੱਚ ਅਪਰਾਧੀਆਂ ਅਤੇ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਸਰਕਾਰੀ ਸੰਸਥਾਵਾਂ ਵੀ ਸੁਰੱਖਿਅਤ ਨਹੀਂ ਰਹੀਆਂ। ਤਾਜ਼ਾ ਮਾਮਲਾ ਮੋਹਾਲੀ ਦੇ ਫੇਜ਼ 11 ਸਥਿਤ ‘ਆਮ ਆਦਮੀ ਕਲੀਨਿਕ’ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਮਹਿਜ਼ ਇੱਕ ਹਫ਼ਤੇ ਦੇ ਅੰਦਰ-ਅੰਦਰ ਚੋਰਾਂ ਨੇ ਦੋ ਵਾਰ ਸੰਨ੍ਹ ਲਗਾ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਕਲੀਨਿਕ ਦੇ ਮੈਡੀਕਲ ਸਟਾਫ਼ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਚੋਰੀ ਦੀ ਪਹਿਲੀ ਵਾਰਦਾਤ 26 ਜੁਲਾਈ ਦੀ ਰਾਤ ਨੂੰ ਵਾਪਰੀ। ਅਣਪਛਾਤੇ ਚੋਰਾਂ ਨੇ ਕਲੀਨਿਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਵਿੰਡੋ ਏ.ਸੀ. (Window AC), ਐੱਲ.ਸੀ.ਡੀ. (LCD), ਸੈਨੇਟਰੀ ਦਾ ਕੀਮਤੀ ਸਾਮਾਨ, ਜ਼ਰੂਰੀ ਮੈਡੀਕਲ ਉਪਕਰਣ ਅਤੇ ਹੋਰ ਕਈ ਚੀਜ਼ਾਂ ‘ਤੇ ਹੱਥ ਸਾਫ਼ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੈਡੀਕਲ ਸਟਾਫ਼ ਨੇ ਤੁਰੰਤ ਫੇਜ਼ 11 ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਮੌਕੇ ‘ਤੇ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਜਾਂਚ ਲਈ ਨਹੀਂ ਪਹੁੰਚਿਆ।

ਪੁਲਿਸ ਦੀ ਇਸ ਢਿੱਲੀ ਕਾਰਗੁਜ਼ਾਰੀ ਅਤੇ ਲਾਪਰਵਾਹੀ ਦਾ ਫ਼ਾਇਦਾ ਚੋਰਾਂ ਨੇ ਅਗਲੀ ਹੀ ਰਾਤ (ਮੰਗਲਵਾਰ) ਨੂੰ ਮੁੜ ਚੁੱਕਿਆ। ਚੋਰ ਬੇਖ਼ੌਫ਼ ਹੋ ਕੇ ਦੂਜੀ ਵਾਰ ਕਲੀਨਿਕ ਵਿੱਚ ਦਾਖ਼ਲ ਹੋਏ ਅਤੇ ਬਚਿਆ-ਖੁਚਿਆ ਕੀਮਤੀ ਸਾਮਾਨ ਵੀ ਚੋਰੀ ਕਰਕੇ ਫ਼ਰਾਰ ਹੋ ਗਏ। ਮੈਡੀਕਲ ਸਟਾਫ਼ ਨੇ ਦੱਸਿਆ ਕਿ ਚੋਰ ਕਲੀਨਿਕ ਦੇ ਪਿਛਲੇ ਪਾਸਿਓਂ ਅੰਦਰ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਨੇ ਮੈਡੀਕਲ ਅਫ਼ਸਰ ਦੇ ਕਮਰੇ ਦੀ ਕੰਧ ਤੋੜ ਕੇ ਉੱਥੇ ਲੱਗਿਆ ਵਿੰਡੋ ਏ.ਸੀ. ਵੀ ਪੱਟ ਲਿਆ।

ਸਟਾਫ਼ ਮੈਂਬਰਾਂ ਨੇ ਦੁੱਖ ਪ੍ਰਗਟਾਉਂਦੇ ਹੋਏ ਦੱਸਿਆ ਕਿ ਇਸ ਕਲੀਨਿਕ ਵਿੱਚ ਰਾਤ ਵੇਲੇ ਸੁਰੱਖਿਆ ਲਈ ਕੋਈ ਵੀ ਚੌਕੀਦਾਰ ਤਾਇਨਾਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਥੋਂ ਸੈਨੇਟਰੀ ਦਾ ਸਾਮਾਨ ਚੋਰੀ ਹੋ ਚੁੱਕਾ ਸੀ, ਜਿਸ ਨੂੰ ਹਾਲ ਹੀ ਵਿੱਚ ਕੁੱਝ ਦਾਨੀ ਸੱਜਣਾਂ ਦੀ ਮਦਦ ਨਾਲ ਦੁਬਾਰਾ ਲਗਵਾਇਆ ਗਿਆ ਸੀ। ਪਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਾ ਹੋਣ ਕਾਰਨ ਚੋਰਾਂ ਨੇ ਇਸ ਨੂੰ ਮੁੜ ਨਿਸ਼ਾਨਾ ਬਣਾ ਲਿਆ।

ਇਸ ਦੋਹਰੀ ਚੋਰੀ ਦੀ ਘਟਨਾ ਨੇ ਜਿੱਥੇ ਸਰਕਾਰੀ ਸਿਹਤ ਸੰਸਥਾਵਾਂ ਦੀ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਸਥਾਨਕ ਪੁਲਿਸ ਦੀ ਸੁਸਤ ਕਾਰਜਸ਼ੈਲੀ ਪ੍ਰਤੀ ਵੀ ਲੋਕਾਂ ਵਿੱਚ ਭਾਰੀ ਗੁੱਸਾ ਹੈ। ਇਲਾਕਾ ਨਿਵਾਸੀਆਂ ਅਤੇ ਸਟਾਫ਼ ਨੇ ਮੰਗ ਕੀਤੀ ਹੈ ਕਿ ਕਲੀਨਿਕ ਵਿੱਚ ਰਾਤ ਦੇ ਸਮੇਂ ਪੱਕੇ ਤੌਰ ‘ਤੇ ਸੁਰੱਖਿਆ ਗਾਰਡ ਤਾਇਨਾਤ ਕੀਤਾ ਜਾਵੇ ਅਤੇ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment