Join WhatsApp

Join Now

Punjab News: ਜਨਗਣਨਾ ਅਤੇ ਗੈਰ-ਵਿਦਿਅਕ ਡਿਊਟੀਆਂ ਨੇ ਪੜ੍ਹਾਈ ਕੀਤੀ ਪ੍ਰਭਾਵਿਤ!

On: November 23, 2026 7:58 PM

 

Punjab News: ਜਨਗਣਨਾ ਅਤੇ ਗੈਰ-ਵਿਦਿਅਕ ਡਿਊਟੀਆਂ ਨੇ ਪੜ੍ਹਾਈ ਕੀਤੀ ਪ੍ਰਭਾਵਿਤ!

ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਨੇ ਜਨਗਣਨਾ ਦੇ ਦੂਜੇ ਪੜਾਅ ਦੀ ਡਿਊਟੀ ਵਿੱਚ ਜ਼ਿਲ੍ਹਾ ਮੁਹਾਲੀ ਦੇ ਸਮੂਹ ਅਧਿਆਪਕਾਂ ਨੂੰ ਲਗਾਏ ਜਾਣ ਕਾਰਨ ਸਕੂਲਾਂ ਵਿੱਚ ਵਿਦਿਅਕ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ- ਮਨਪ੍ਰੀਤ ਸਿੰਘ ਗੋਸਲਾਂ

ਮੁਹਾਲੀ- 

ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਸਿੱਧੂ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲ਼ਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਇੱਕ ਪਾਸੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਜਦਕਿ ਦੂਜੇ ਪਾਸੇ ਅਧਿਆਪਕਾਂ ਨੂੰ ਲਗਾਤਾਰ ਗੈਰ-ਵਿਦਿਅਕ ਕੰਮਾਂ ਵਿੱਚ ਉਲਝਾ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮੁਹਾਲੀ ਦੇ ਕਾਫੀ ਸਕੂਲਾਂ ਵਿੱਚ ਸਾਰੇ ਦਾ ਸਾਰਾ ਸਟਾਫ਼ ਜਨਗਣਨਾ ਡਿਊਟੀ ਤੇ ਲਗਾਇਆ ਹੋਇਆ ਹੈ ਅਤੇ 80 ਪ੍ਰਤੀਸ਼ਤ ਤਾਂ ਹਰ ਸਕੂਲ ਦੇ ਅਧਿਆਪਕ ਜਨਗਣਨਾ ਡਿਊਟੀ ਨਿਭਾਅ ਰਹੇ ਹਨ। ਪ੍ਰੈਸ ਸਕੱਤਰ ਬਲਜੀਤ ਚੁੰਬਰ ਤੇ ਰਾਜੇਸ਼ ਜੋਸ਼ੀ ਨੇ ਕਿਹਾ ਕਿ ਪਹਿਲਾਂ ਹੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ, ਵੱਖ-ਵੱਖ ਵਿਭਾਗੀ ਡਿਊਟੀਆਂ, ਆਨਲਾਈਨ ਰਿਪੋਰਟਾਂ ਅਤੇ ਹੋਰ ਪ੍ਰਸ਼ਾਸਨਿਕ ਕੰਮਾਂ ਕਾਰਨ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਹੁਣ ਜਨਗਣਨਾ ਦੇ ਦੂਜੇ ਪੜਾਅ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਡਿਊਟੀ ਲਗਾਉਣ ਨਾਲ ਸਕੂਲਾਂ ਵਿੱਚ ਅਧਿਆਪਕਾਂ ਦੀ ਉਪਲਬਧਤਾ ਹੋਰ ਘਟ ਜਾਵੇਗੀ। ਇਸ ਦਾ ਸਿੱਧਾ ਨੁਕਸਾਨ ਵਿਦਿਆਰਥੀਆਂ ਨੂੰ ਝੱਲਣਾ ਪਵੇਗਾ।

ਯੂਨੀਅਨ ਨੇ ਸਵਾਲ ਉਠਾਇਆ ਕਿ ਜੇਕਰ ਸਰਕਾਰ ਅਧਿਆਪਕਾਂ ਤੋਂ ਹੀ ਹਰ ਤਰ੍ਹਾਂ ਦੇ ਪ੍ਰਸ਼ਾਸਨਿਕ ਅਤੇ ਗੈਰ-ਵਿਦਿਅਕ ਕੰਮ ਕਰਵਾਉਂਦੀ ਰਹੇਗੀ ਤਾਂ ਫਿਰ ਸਕੂਲਾਂ ਵਿੱਚ ਪੜ੍ਹਾਈ ਕੌਣ ਕਰਵਾਏਗਾ? ਵਿਦਿਆਰਥੀਆਂ ਦੇ ਕੀਮਤੀ ਸਮੇਂ ਅਤੇ ਉਨ੍ਹਾਂ ਦੇ ਭਵਿੱਖ ਦੀ ਜ਼ਿੰਮੇਵਾਰੀ ਕੌਣ ਲਵੇਗਾ?

ਯੂਨੀਅਨ ਨੇ ਮੰਗ ਕੀਤੀ ਕਿ ਜਨਗਣਨਾ ਦੀ ਡਿਊਟੀ ਲਈ ਵੱਖਰੇ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਪੜ੍ਹਾਈ ਦੇ ਮੁੱਖ ਕੰਮ ਲਈ ਸਕੂਲਾਂ ਵਿੱਚ ਹੀ ਰਹਿਣ ਦਿੱਤਾ ਜਾਵੇ। ਜੇਕਰ ਅਧਿਆਪਕਾਂ ਦੀ ਡਿਊਟੀ ਲਗਾਉਣੀ ਲਾਜ਼ਮੀ ਹੋਵੇ ਤਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਣ ਲਈ ਢੁੱਕਵੇਂ ਬਦਲਵੇਂ ਪ੍ਰਬੰਧ ਕੀਤੇ ਜਾਣ।

ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਅਧਿਆਪਕਾਂ ਨੂੰ ਅਧਿਆਪਨ ਦੇ ਕੰਮ ਤੋਂ ਲਗਾਤਾਰ ਦੂਰ ਰੱਖਣ ਦੀ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਸਰਕਾਰ ਸਿੱਖਿਆ ਸੁਧਾਰਾਂ ਦੇ ਇਸ਼ਤਿਹਾਰਾਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਸਕੂਲਾਂ ਵਿੱਚ ਪੜ੍ਹਾਈ ਦੇ ਪ੍ਰਬੰਧ ਸੁਧਾਰਨ ਵੱਲ ਧਿਆਨ ਦੇਵੇ। ਇਸ ਸਮੇਂ ਸਤਵਿੰਦਰ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ, ਚਰਨਜੀਤ ਸਿੰਘ ਗੁਲਜੀਤ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਹਰਪ੍ਰੀਤ ਹੁਸ਼ਿਆਰਪੁਰ, ਅਮਰੀਕ ਸਿੰਘ, ਅਵਰਿੰਦਰ ਸਿੰਘ, ਬਲਜੀਤ ਸਨੇਟਾ, ਵੇਦ ਪ੍ਰਕਾਸ਼ ਆਦਿ ਸਾਥੀ ਹਾਜ਼ਰ ਸਨ।

 

Leave a Comment