Punjab News: ਮਾਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਭੜਕੇ ਮੁਲਾਜ਼ਮ! SSA ਅਤੇ ਮਿਡ-ਡੇ-ਮੀਲ ਕਰਮਚਾਰੀਆਂ ਵੱਲੋਂ 7 ਜੂਨ ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਨੇੜੇ ‘ਗੁਪਤ ਐਕਸ਼ਨ’ ਦਾ ਐਲਾਨ

On: ਜੂਨ 2, 2026 9:41 ਬਾਃ ਦੁਃ

 

ਪ੍ਰਸ਼ਾਸਨ ਦੀ ਵਾਅਦਾ ਖ਼ਿਲਾਫ਼ੀ ਤੋਂ ਭੜਕੇ ਮੁਲਾਜ਼ਮ! SSA ਅਤੇ ਮਿਡ-ਡੇ-ਮੀਲ ਕਰਮਚਾਰੀਆਂ ਵੱਲੋਂ 7 ਜੂਨ ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਨੇੜੇ ‘ਗੁਪਤ ਐਕਸ਼ਨ’ ਦਾ ਐਲਾਨ

31 ਹਜ਼ਾਰ ਰੁਪਏ ਤਨਖ਼ਾਹ ਕਟੌਤੀ ਦੇ ਵਿਰੋਧ ਵਿੱਚ ਡਟੀਆਂ ਜਥੇਬੰਦੀਆਂ; ਪ੍ਰਸ਼ਾਸਨ ‘ਤੇ ਲਾਏ ਮੀਟਿੰਗਾਂ ਨਾ ਕਰਵਾਉਣ ਦੇ ਦੋਸ਼

ਜੋਆਇੰਟ ਐਕਸ਼ਨ ਕਮੇਟੀ ਨੇ ਕਿਹਾ- ਧਰਨੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਸਰਕਾਰ ਤੇ ਸੰਗਰੂਰ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ

ਕੁਲਦੀਪ ਸਿੰਘ, ਗੁਰਮੀਤ ਭੂੰਦੜ ਅਤੇ ਰਜਿੰਦਰ ਸੰਧਾ ਸਹਿਤ ਕਈ ਸੂਬਾਈ ਆਗੂਆਂ ਨੇ ਸਾਂਝਾ ਕੀਤਾ ਫੈਸਲਾ

ਸੰਗਰੂਰ, 2 ਜੂਨ 2026: ਸਰਵ ਸਿੱਖਿਆ ਅਭਿਆਨ (SSA-1007) ਅਤੇ ਮਿਡ-ਡੇ-ਮੀਲ ਦੇ ਦਫ਼ਤਰੀ ਕਰਮਚਾਰੀਆਂ ਦੀ ਜੋਆਇੰਟ ਐਕਸ਼ਨ ਕਮੇਟੀ ਨੇ ਸੰਗਰੂਰ ਅਤੇ ਦਿੜਬਾ ਪ੍ਰਸ਼ਾਸਨ ‘ਤੇ ਵਾਅਦਾ ਖ਼ਿਲਾਫ਼ੀ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਵੱਡੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਹੈ ਕਿ ਪ੍ਰਸ਼ਾਸਨਿਕ ਬੇਰੁਖ਼ੀ ਦੇ ਵਿਰੋਧ ਵਿੱਚ ਆਉਂਦੀ 7 ਜੂਨ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਨੇੜੇ ਇੱਕ ਤਿੱਖਾ ‘ਗੁਪਤ ਐਕਸ਼ਨ’ ਕੀਤਾ ਜਾਵੇਗਾ।

ਜਥੇਬੰਦੀ ਦੇ ਪ੍ਰਮੁੱਖ ਆਗੂਆਂ ਕੁਲਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਰਜਿੰਦਰ ਸਿੰਘ ਸੰਧਾ, ਜਗਸੀਰ ਸਿੰਘ, ਜਗਮੋਹਨ ਸਿੰਘ, ਚਮਕੌਰ ਸਿੰਘ, ਅਮਨ ਥਾਪਰ, ਵਰਿੰਦਰ ਸਿੰਘ, ਜਨਕ ਸਿੰਘ, ਵਰੁਣ ਕੁਮਾਰ, ਵਿਕਾਸ ਕੁਮਾਰ ਅਤੇ ਜੈਵਲ ਜੈਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ਦੀ 31 ਹਜ਼ਾਰ ਰੁਪਏ ਦੀ ਤਨਖ਼ਾਹ ਕਟੌਤੀ ‘ਤੇ ਰੋਕ ਲਗਵਾਉਣ ਲਈ 23 ਮਈ ਨੂੰ ਦਿੜਬਾ ਵਿਖੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਉਲੀਕਿਆ ਗਿਆ ਸੀ। ਉਸ ਸਮੇਂ ਸੰਗਰੂਰ ਅਤੇ ਦਿੜਬਾ ਦੇ ਸਥਾਨਕ ਪ੍ਰਸ਼ਾਸਨ ਨੇ ਦਖ਼ਲ ਅੰਦਾਜ਼ੀ ਕਰਦੇ ਹੋਏ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੇ ਸਾਰੇ ਮਸਲੇ ਉੱਚ ਪੱਧਰੀ ਮੀਟਿੰਗਾਂ ਰਾਹੀਂ ਹੱਲ ਕਰਵਾ ਦਿੱਤੇ ਜਾਣਗੇ, ਜਿਸ ਮਗਰੋਂ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ।

ਮੁਲਾਜ਼ਮ ਆਗੂਆਂ ਮੁਤਾਬਕ ਦਿੜਬਾ ਪੁਲਿਸ ਪ੍ਰਸ਼ਾਸਨ ਅਤੇ ਐਸ.ਡੀ.ਐਮ. (SDM) ਦਿੜਬਾ ਵੱਲੋਂ ਬਕਾਇਦਾ 26 ਮਈ ਨੂੰ ਸਕੱਤਰ ਸਕੂਲ ਸਿੱਖਿਆ ਅਤੇ ਵਿਸ਼ੇਸ਼ ਸਕੱਤਰ ਵਿੱਤ ਨਾਲ ਇੱਕ ਅਹਿਮ ਮੀਟਿੰਗ ਤੈਅ ਕਰਵਾਈ ਗਈ ਸੀ, ਪਰ ਪ੍ਰਸ਼ਾਸਨਿਕ ਨਾਕਾਮੀ ਕਾਰਨ ਇਹ ਮੀਟਿੰਗ ਸਿਰੇ ਨਹੀਂ ਚੜ੍ਹ ਸਕੀ। ਇਸ ਦੇ ਨਾਲ ਹੀ ਚੋਣ ਜ਼ਾਬਤੇ ਦੇ ਖ਼ਤਮ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਦਿੱਤਾ ਗਿਆ ਭਰੋਸਾ ਵੀ ਅਜੇ ਤੱਕ ਵਫ਼ਾ ਨਹੀਂ ਹੋਇਆ।

ਕਰਮਚਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਇਸ ਲਗਾਤਾਰ ਵਾਅਦਾ ਖ਼ਿਲਾਫ਼ੀ ਕਾਰਨ ਸਮੂਹ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਪ੍ਰਸ਼ਾਸਨ ਦੇ ਇਸੇ ਅੜੀਅਲ ਵਤੀਰੇ ਨੂੰ ਦੇਖਦਿਆਂ ਹੁਣ 7 ਜੂਨ ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਘੇਰਨ ਅਤੇ ਗੁਪਤ ਐਕਸ਼ਨ ਕਰਨ ਦਾ ਸਖ਼ਤ ਫੈਸਲਾ ਲਿਆ ਗਿਆ ਹੈ।

ਜੋਆਇੰਟ ਐਕਸ਼ਨ ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਐਕਸ਼ਨ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਅਮਨ-ਕਾਨੂੰਨ ਦੀ ਸਥਿਤੀ ਭੰਗ ਹੁੰਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦੀ ਹੋਵੇਗੀ।

 

Join WhatsApp

Join Now

Leave a Comment