Punjab News: ਮਜ਼ਦੂਰ ਦਾ ਗੋਲੀਆਂ ਮਾਰ ਕੇ ਕਤਲ
ਗੁੱਸੇ ਵਿੱਚ ਆਏ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
ਤਰਨਤਾਰਨ/ਸਰਾਏ ਅਮਾਨਤ ਖਾਂ, 14 ਅਪ੍ਰੈਲ 2026:
ਜ਼ਿਲ੍ਹੇ ਦੇ ਸਰਹੱਦੀ ਪਿੰਡ ਚੀਮਾ ਖ਼ੁਰਦ ਵਿੱਚ ਦੋ ਗੁੱਟਾਂ ਦੇ ਝਗੜੇ ਵਿੱਚ ਵਿਚੋਲਗੀ ਕਰਨਾ ਇੱਕ ਮਜ਼ਦੂਰ ਨੂੰ ਮਹਿੰਗਾ ਪੈ ਗਿਆ। 50 ਸਾਲਾ ਖ਼ਜ਼ਾਨ ਸਿੰਘ ਨਾਮਕ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਮ੍ਰਿਤਕ ਦੇ ਪੁੱਤਰ ਵਰਿੰਦਰ ਸਿੰਘ ਉਰਫ਼ ਰਾਜਾ ਨੇ ਦੱਸਿਆ ਕਿ ਪਿੰਡ ਦੇ ਦੋ ਗੁੱਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਰਹੀ ਸੀ। ਸ਼ਨੀਵਾਰ ਰਾਤ ਕਰੀਬ 8 ਵਜੇ ਜਦੋਂ ਖ਼ਜ਼ਾਨ ਸਿੰਘ ਆਪਣੇ ਘਰ ਦੇ ਬਾਹਰ ਮੌਜੂਦ ਸੀ, ਤਾਂ ਕੁਝ ਲੋਕਾਂ ਨੇ ਸੁਖਮਨ ਸਿੰਘ ਅਤੇ ਜੋਬਨਜੀਤ ਸਿੰਘ ‘ਤੇ ਲੋਹੇ ਦੇ ਕੜਿਆਂ ਨਾਲ ਹਮਲਾ ਕਰ ਦਿੱਤਾ। ਖ਼ਜ਼ਾਨ ਸਿੰਘ ਨੇ ਹਮਲਾਵਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਵਿਚ-ਬਚਾਅ ਕੀਤਾ, ਜਿਸ ਕਾਰਨ ਮੁਲਜ਼ਮ ਉੱਥੋਂ ਚਲੇ ਗਏ।
ਵਰਿੰਦਰ ਸਿੰਘ ਅਨੁਸਾਰ, ਕੁਝ ਦੇਰ ਬਾਅਦ ਹੁਸਨਪ੍ਰੀਤ ਸਿੰਘ ਉਰਫ਼ ਹੁਸਨ, ਭਲਿੰਦਰ ਸਿੰਘ ਭੀਖੀ, ਯਾਦੂ ਚੀਮਾ, ਤੋਤਾ ਸਿੰਘ ਅਤੇ 11 ਹੋਰ ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਦੁਬਾਰਾ ਆਏ। ਹਮਲਾਵਰਾਂ ਨੇ ਪਿਸਤੌਲ ਨਾਲ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਖ਼ਜ਼ਾਨ ਸਿੰਘ ਦੇ ਸਿਰ ਵਿੱਚ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਕਤਲ ਦੀ ਘਟਨਾ ਤੋਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸਿਆਂ ਨੇ ਥਾਣਾ ਸਰਾਏ ਅਮਾਨਤ ਖਾਂ ਦਾ ਘਿਰਾਓ ਕੀਤਾ ਅਤੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਵਿੱਚ ਕਾਂਗਰਸੀ ਆਗੂ ਕਰਨਬੀਰ ਸਿੰਘ ਬੁਰਜ, ਗੁਰਪਾਲ ਸਿੰਘ ਜਗਤਪੁਰ, ਸਰਪੰਚ ਗੁਰਚਰਨ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਵੀ ਸ਼ਾਮਲ ਹੋਏ।
ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ 14 ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।






