Join WhatsApp

Join Now

Punjab News: ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਂਢੂ ਨੇ ਕੀਤਾ ਸਾਂਢੂ ਦਾ ਕਤਲ; ਬਚਾਅ ਕਰਨ ਅੱਗੇ ਆਈਆਂ ਮਾਂਵਾਂ-ਧੀਆਂ ਵੀ ਵੱਢੀਆਂ

On: July 14, 2026 8:56 AM

 

Punjab News: ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਂਢੂ ਨੇ ਕੀਤਾ ਸਾਂਢੂ ਦਾ ਕਤਲ; ਬਚਾਅ ਕਰਨ ਅੱਗੇ ਆਈਆਂ ਮਾਂਵਾਂ-ਧੀਆਂ ਵੀ ਵੱਢੀਆਂ

ਗੁਰਦਾਸਪੁਰ/ਬਟਾਲਾ, 14 ਜੁਲਾਈ 2026- ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਥਾਣਾ ਰੰਗੜ ਨੰਗਲ ਦੇ ਪਿੰਡ ਮੰਨਣ ਵਿੱਚ ਇੱਕ ਬਹੁਤ ਹੀ ਦਰਦਨਾਕ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਰਿਵਾਰਕ ਜ਼ਮੀਨੀ ਵਿਵਾਦ ਅਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਸਾਂਢੂ ਵੱਲੋਂ ਆਪਣੇ ਹੀ ਸਾਂਢੂ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਹਮਲੇ ਦੌਰਾਨ ਬਚਾਅ ਕਰਨ ਆਈਆਂ ਮ੍ਰਿਤਕ ਦੀ ਮਾਂ ਅਤੇ ਧੀ ਨੂੰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਮੰਨਣ ਦੇ ਰਹਿਣ ਵਾਲੇ ਦਵਿੰਦਰ ਸਿੰਘ (ਪੁੱਤਰ ਮਹਿੰਦਰ ਸਿੰਘ) ਅਤੇ ਉਸ ਦੇ ਸਾਂਢੂ (ਜੋ ਸ਼ਰੀਕੇ ਵਿੱਚੋਂ ਚਾਚੇ ਦਾ ਪੁੱਤ ਭਰਾ ਵੀ ਲੱਗਦਾ ਸੀ) ਰਾਜ ਸਿੰਘ (ਪੁੱਤਰ ਆਤਮਾ ਸਿੰਘ) ਵਿਚਕਾਰ ਸਾਂਝੀ ਪਰਿਵਾਰਕ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਰੌਲਾ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਵੀ ਇਨ੍ਹਾਂ ਦੋਵਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਅਤੇ ਝਗੜਾ ਹੋਇਆ ਸੀ। ਹਾਲਾਂਕਿ, ਉਸ ਵੇਲੇ ਪਿੰਡ ਦੇ ਮੋਹਤਬਰ ਸੱਜਣਾਂ ਅਤੇ ਦੋਵਾਂ ਪਰਿਵਾਰਾਂ ਦੇ ਸਾਂਝੇ ਰਿਸ਼ਤੇਦਾਰਾਂ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਕਰਵਾ ਦਿੱਤਾ ਸੀ।

ਪਰ ਰਾਜ ਸਿੰਘ ਦੇ ਮਨ ਵਿੱਚ ਰੰਜਿਸ਼ ਬਰਕਰਾਰ ਰਹੀ। ਬੀਤੇ ਕੱਲ੍ਹ ਰਾਜ ਸਿੰਘ ਨੇ ਇੱਕ ਸਿਖ਼ਰਲੀ ਸਾਜ਼ਿਸ਼ ਤਹਿਤ ਆਪਣੇ ਕੁਝ ਹਥਿਆਰਬੰਦ ਸਾਥੀਆਂ ਨੂੰ ਨਾਲ ਲਿਆ ਅਤੇ ਦਵਿੰਦਰ ਸਿੰਘ ਦੇ ਘਰ ਉੱਤੇ ਧਾਵਾ ਬੋਲ ਦਿੱਤਾ। ਹਮਲਾਵਰਾਂ ਨੇ ਘਰ ਅੰਦਰ ਦਾਖਲ ਹੋ ਕੇ ਦਵਿੰਦਰ ਸਿੰਘ ਉੱਤੇ ਦਾਤਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕੀਤੇ, ਜਿਸ ਕਾਰਨ ਬੁਰੀ ਤਰ੍ਹਾਂ ਵੱਢੇ ਜਾਣ ਕਰਕੇ ਦਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਗੁਰਜੀਤ ਕੌਰ (ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ) ਨੇ ਦੱਸਿਆ ਕਿ “ਮੈਂ ਗੁਰੂ ਘਰ ਮੱਥਾ ਟੇਕਣ ਗਈ ਹੋਈ ਸੀ ਜਦੋਂ ਇਹ ਕਹਿਰ ਵਾਪਰਿਆ। ਮੇਰੀ ਧੀ ਭੱਜੀ-ਭੱਜੀ ਮੇਰੇ ਕੋਲ ਆਈ ਅਤੇ ਰੋਂਦਿਆਂ ਦੱਸਿਆ ਕਿ ਪਾਪਾ ‘ਤੇ ਹਮਲਾ ਹੋ ਗਿਆ ਹੈ। ਜਦੋਂ ਤੱਕ ਮੈਂ ਭੱਜ ਕੇ ਘਰ ਪਹੁੰਚੀ, ਉਦੋਂ ਤੱਕ ਰਾਜ ਸਿੰਘ, ਉਸਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨੇ ਮੇਰੇ ਪਤੀ ਨੂੰ ਦਾਤਰਾਂ ਨਾਲ ਵੱਢ ਕੇ ਜਾਨੋਂ ਮਾਰ ਦਿੱਤਾ ਸੀ।”

ਗੁਰਜੀਤ ਕੌਰ ਨੇ ਭਰੇ ਮਨ ਨਾਲ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਇੰਨੀ ਬੇਰਹਿਮੀ ਦਿਖਾਈ ਕਿ ਜਦੋਂ ਮ੍ਰਿਤਕ ਦੀ ਬਜ਼ੁਰਗ ਮਾਂ ਕੁਲਵੰਤ ਕੌਰ ਅਤੇ ਬੇਟੀ ਮਨਪ੍ਰੀਤ ਕੌਰ ਉਸ ਨੂੰ ਬਚਾਉਣ ਲਈ ਅੱਗੇ ਆਈਆਂ, ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ।

ਪੁਲਿਸ ਅਧਿਕਾਰੀ ਮੁਤਾਬਕ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮੁੱਖ ਮੁਲਜ਼ਮ ਰਾਜੂ (ਰਾਜ) ਸਿੰਘ ਸਮੇਤ 7 ਲੋਕਾਂ ਖ਼ਿਲਾਫ਼ ਥਾਣਾ ਰੰਗੜ ਨੰਗਲ ਵਿਖੇ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਧੱਕਣ ਲਈ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment