Wednesday, May 22, 2024
No menu items!
HomeChandigarhTeacher Recruitment Scam: ਪੰਜਾਬ 'ਚ ਅਧਿਆਪਕ ਭਰਤੀ ਘੁਟਾਲਾ! 2 ਹੋਰ ਮੁਲਾਜ਼ਮਾਂ ਦੀ...

Teacher Recruitment Scam: ਪੰਜਾਬ ‘ਚ ਅਧਿਆਪਕ ਭਰਤੀ ਘੁਟਾਲਾ! 2 ਹੋਰ ਮੁਲਾਜ਼ਮਾਂ ਦੀ ਹੋਵੇਗੀ ਗ੍ਰਿਫਤਾਰੀ

 

Teacher Recruitment Scam- ਵਿਜੀਲੈਂਸ ਵੱਲੋਂ ਰਿਕਾਰਡ ਖ਼ੁਰਦ ਬੁਰਦ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤੇ ਗਏ ਦੋ ਨਵੇਂ ਕਥਿਤ ਦੋਸ਼ੀਆਂ ਦੀ ਅਗੇਤੀ ਜ਼ਮਾਨਤ ਹੋਈ ਰੱਦ

ਰੋਹਿਤ ਗੁਪਤਾ, ਗੁਰਦਾਸਪੁਰ

Teacher Recruitment Scam- ਟੀਚਿੰਗ ਫੈਲੋ ਭਰਤੀ ਘੋਟਾਲੇ ਵਿੱਚ ਵਿਜੀਲੈਂਸ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਗੁਰਦਾਸਪੁਰ ਨਾਲ ਸੰਬੰਧਿਤ ਦੋ ਹੋਰ ਸਿੱਖਿਆ ਕਰਮਚਾਰੀਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਦੀ ਗਿਣਤੀ ਸੱਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ (ਤਤਕਾਲੀ) ਸ਼੍ਰੀਮਤੀ ਛਿੰਦੋ ਸਾਹਨੀ ਸਮੇਤ ਨਵੇਂ ਨਾਮਜ਼ਦ ਕੀਤੇ ਗਏ ਦੋਵੇਂ ‌ਕਥਿਤ ਦੋਸ਼ੀਆਂ ਮੱਖਣ ਸਿੰਘ ਅਤੇ ਅਮਰੀਕ ਸਿੰਘ ਨੂੰ ਵਿਜੀਲੈਂਸ ਬਿਊਰੋ ਵੱਲੋਂ 27 ਦਸੰਬਰ 2023 ਬਿਊਰੋ ਦੇ ਮੁਹਾਲੀ ਦਫ਼ਤਰ ਵਿਖੇ ਤਲਬ ਵੀ ਕੀਤਾ ਗਿਆ ਸੀ ਅਤੇ ਅਮਰੀਕ ਸਿੰਘ ਅਤੇ ਮੱਖਣ ਸਿੰਘ ਦੇ ਘਰ ਵਿਜੀਲੈਂਸ ਵੱਲੋਂ ਰੇਡ ਵੀ ਕੀਤੀ ਗਈ।

ਪਰ ਦੋਹਾਂ ਨੂੰ ਗ੍ਰਿਫਤਾਰ ਕਰਨ ਵਿੱਚ ਵਿਜੀਲੈਂਸ ਵਿਭਾਗ ਨੂੰ ਸਫਲਤਾ ਹਾਸਲ ਨਹੀਂ ਹੋ ਪਾਈ। ਦੂਜੇ ਪਾਸੇ ਮੁਹਾਲੀ ਦੀ ਇੱਕ ਅਦਾਲਤ ਵਿੱਚ ਲਗਾਈ ਗਈ ਦੋਹਾਂ ਕਥਿਤ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਬੀਤੇ ਦਿਨੀਂ ਰੱਦ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਪੰਜਾਬ ਨੈੱਟਵਰਕ ਵਲੋਂ ਇਸ ਮਾਮਲੇ ਵਿਚ ਪਹਿਲਾਂ ਵੀ ਕਈ ਖੁਲਾਸੇ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਵਿਜੀਲੈਂਸ ਦੀ ਸਿਫ਼ਾਰਿਸ਼ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਵਿੱਚ ਜਾਲੀ ਤਜਰਬਾ ਅਤੇ ਹੋਰ ਸਰਟੀਫਿਕੇਟਾਂ ਦੇ ਆਧਾਰ ਤੇ ਨੌਕਰੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਖ਼ਿਲਾਫ਼ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ।

ਮਾਮਲੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਸਭ ਤੋਂ ਅੱਗੇ ਹੈ ਜਿੱਥੇ ਵਿਜੀਲੈਂਸ ਦੀ ਸਿਫ਼ਾਰਿਸ਼ ਤੋਂ ਬਾਅਦ ਪੁਲਿਸ ‌‌ਵੱਲੋਂ 128 ਅਧਿਆਪਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਵਿਜੀਲੈਂਸ ਵਿਭਾਗ ਦੇ ਫਲਾਇੰਗ ਸਕਵੈਡ ਵੱਲੋਂ ਮੋਹਾਲੀ ਵਿਖੇ ਅੱਠ ਮਈ 2023 ਨੂੰ ਦਰਜ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਤੇ ਚੱਲ ਰਹੇ ਪੰਜ ਕਥਿਤ ਦੋਸ਼ੀਆਂ ਵਿੱਚੋਂ ਤਿੰਨ ਜ਼ਿਲ੍ਹਾ ਗੁਰਦਾਸਪੁਰ ਨਾਲ ਹੀ ਸੰਬੰਧਿਤ ਸਨ। ਜਿੰਨਾ ਵਿੱਚੋਂ ਇੱਕ ਰਿਟਾਇਰ ਅਤੇ ਦੋ ਨੌਕਰੀ ਤੇ ਤੈਨਾਤ ਕਰਮਚਾਰੀ ਸ਼ਾਮਿਲ ਸਨ।

ਹੁਣ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੀ ਦੋ ਹੋਰ ਕਰਮਚਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿੰਨਾ ਵਿੱਚੋਂ ਇੱਕ ਮੱਖਣ ਸਿੰਘ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ 1977 ਤੋਂ ਲੈ ਕੇ ਆਪਣੀ ਰਿਟਾਇਰਮੈਂਟ ਦੇ ਸਮੇਂ 31 ਜਨਵਰੀ 2009 ਤੱਕ ਸਿੱਖਿਆ ਵਿਭਾਗ ਐਲੀਮੈਂਟਰੀ ਗੁਰਦਾਸਪੁਰ ਵਿਖੇ ਸੀਨੀਅਰ ਸਹਾਇਕ ਦੇ ਅਹੁਦੇ ਤੇ ਤੈਨਾਤ ਰਹੇ।

ਜਦਕਿ ਨਾਮਜ਼ਦ ਕੀਤੇ ਗਏ ਦੂਸਰੇ ਵਿਅਕਤੀ ਅਮਰੀਕ ਸਿੰਘ 19 ਅਗਸਤ 1986 ਤੋਂ ਲੈ ਕੇ ਆਪਣੀ ਰਿਟਾਇਰਮੈਂਟ ਦੇ ਸਮੇਂ 3 ਜਨਵਰੀ 2014 ਤੱਕ ਨੌਕਰੀ ਕਰਦੇ ਰਹੇ। ਵਿਜੀਲੈਂਸ ਵਿਭਾਗ ਵੱਲੋਂ ਦੋਹਾਂ ਤੇ ਸਬੰਧਿਤ ਦਫ਼ਤਰੀ ਰਿਕਾਰਡ ਖ਼ੁਰਦ ਬੁਰਦ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਦੋਹਾਂ ਕਥਿਤ ਦੋਸ਼ੀਆਂ ਵੱਲੋਂ ਆਪਣੇ ਵਕੀਲ ਗੌਰਵ ਮਹਾਜਨ ਦੇ ਜਰੀਏ ਮੁਹਾਲੀ ਦੀ ਇੱਕ ਅਦਾਲਤ ਵਿੱਚ ਅਗੇਤੀ ਜ਼ਮਾਨਤ ਲਗਾਈ ਗਈ ਸੀ ਜਿਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ। ਜ਼ਾਹਿਰ ਹੈ ਵਿਜੀਲੈਂਸ ਵੱਲੋਂ ਦੋਹਾਂ ਦੀ ਕਦੀ ਵੀ ਗਿਰਫਤਾਰੀ ਕੀਤੀ ਜਾ ਸਕਦੀ ਹੈ।

ਜਾਣਕਾਰੀ ਅਨੁਸਾਰ ਦੋਹਾਂ ਦੇ ਵਕੀਲ ਵੱਲੋਂ ਅਦਾਲਤ ਵਿੱਚ ਦਲੀਲ ਦਿੱਤੀ ਗਈ ਸੀ ਕਿ ਟੀਚਿੰਗ ਫੈਲੋ ਭਰਤੀ 2008 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਪ੍ਰਕਿਰਿਆ ਵਿੱਚ ਆਖ਼ਰੀ ਭਰਤੀ 2012 ਵਿੱਚ ਹੋਈ ਸੀ।

ਇਸ ਤਰਾਂ ਮਾਮਲੇ ਦੀ ਐਫ ਆਈ ਆਰ ਦਰਜ ਕਰਨ ਵਿੱਚ ਵਿਜੀਲੈਂਸ ਵੱਲੋਂ 10 ਸਾਲ ਲਗਾ ਦਿੱਤੇ ਗਏ ਜਦਕਿ ਇਹ ਦੋਵੇਂ ਕਥਿਤ ਦੋਸ਼ੀਆਂ ਵਿੱਚੋਂ ਮੱਖਣ ਸਿੰਘ 31 ਜਨਵਰੀ 2009 ਨੂੰ ਸੀਨੀਅਰ ਸਹਾਇਕ ਦੇ ਅਹੁਦੇ ਤੋਂ ਰਿਟਾਇਰ ਹੋ ਗਏ ਸਨ। ਇਸ ਤੋਂ ਬਾਅਦ ਦੇ ਵਿਭਾਗੀ ਮਾਮਲਿਆਂ ਵਿੱਚ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਬਣਦਾ ਹੈ।

ਵਕੀਲ ਵੱਲੋਂ ਇਹੋ ਦਲੀਲ ਨਾਮਜ਼ਦ ਕੀਤੇ ਗਏ ਦੂਸਰੇ ਦੋਸ਼ੀ ਅਮਰੀਕ ਸਿੰਘ ਬਾਰੇ ਵੀ ਦਿੱਤੀ ਗਈ ਕਿ ਉਨ੍ਹਾਂ ਕੋਲ ਜੂਨੀਅਰ ਸਹਾਇਕ ਦਾ ਚਾਰਜ ਫਰਵਰੀ 2009 ਦੇ ਪਹਿਲੇ ਹਫ਼ਤੇ ਤੱਕ ਹੀ ਰਿਹਾ ਹੈ।

ਜਾਣਕਾਰੀ ਅਨੁਸਾਰ ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਨਵੇਂ ਨਾਮਜ਼ਦ ਕੀਤੇ ਗਏ ਅਮਰੀਕ ਸਿੰਘ ਅਤੇ ਮੱਖਣ ਸਿੰਘ ਵੱਲੋਂ ਆਪਣੇ ਵਕੀਲ ਰਾਹੀ ‌ਟੀਚਿੰਗ ਫੈਲੋ ਭਰਤੀ ਨਾਲ ਸੰਬੰਧਿਤ ਰਿਕਾਰਡ ਮੈਨਟੇਨ ਰੱਖਣ ਦੀ ਸਾਰੀ ਜ਼ਿੰਮੇਵਾਰੀ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗਿਰਫਤਾਰ ਕੀਤੇ ਗਏ ਅਤੇ ਹੁਣ ਜ਼ਮਾਨਤ ਤੇ ਚੱਲ ਰਹੇ ਸਹਾਇਕ ਕਲਰਕ ਨਰਿੰਦਰ ਸ਼ਰਮਾ ਉੱਪਰ ਥੋਪਣ ਦੀ ਕੋਸ਼ਿਸ਼ ਵੀ ਕੀਤੀ ਗਈ।

ਦੂਜੇ ਪਾਸੇ ਪੰਜਾਬ ਰਾਜ ਵੱਲੋਂ ਪੇਸ਼ ਹੋਏ ਐਡੀਸ਼ਨਲ ਪੀਪੀ ਮਨਜੀਤ ਸਿੰਘ ਨੇ ਦੋਹਾਂ ਦੀ ਅਗੇਤੀ ਜ਼ਮਾਨਤ ਦਾ ਵਿਰੋਧ ਕੀਤਾ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਗਏ ਦੋਹਾਂ ਦੋਸ਼ੀਆਂ ਅਮਰੀਕ ਸਿੰਘ ਅਤੇ ਮੱਖਣ ਸਿੰਘ ਦੀ ਅਗੇਤੀ ਜ਼ਮਾਨਤ ਨਾਮਨਜ਼ੂਰ ਕਰ ਦਿੱਤੀ ਅਤੇ ਕਿਹਾ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਦੀ ਲੋੜ ਹੈ ਇਸ ਲਈ ਇਹਨਾਂ ਨੂੰ ਗਿਰਫਤਾਰ ਕਰਕੇ ਪੁੱਛ ਗਿੱਛ ਕੀਤੀ ਜਾ ਸਕਦੀ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਕੀ ਵਿਜੀਲੈਂਸ‌‌ ਮਾਮਲੇ ਦੀ ਡੁੰਘਾਈ ਤੱਕ ਜਾਣ ਲਈ ਸਿੱਖਿਆ ਵਿਭਾਗ ਦੇ ਤਤਕਾਲੀ ਅਫ਼ਸਰਾਂ ਨੂੰ ਵੀ ਆਪਣੀ ਤਫ਼ਤੀਸ਼ ਦਾ ਹਿੱਸਾ ਬਣਾਉਂਦੀ ਹੈ ਜਾਂ ਫਿਰ ਵਿਜੀਲੈਂਸ ਬਿਊਰੋ ਦੀ ਇਹ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਸਾਬਤ ਹੁੰਦੀ ਹੈ?

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments